ਮੀਟਿੰਗਾਂ, ਫੰਡ , ਰਾਸ਼ਨ, ਟਰੈਕਟਰ -ਟਰਾਲੀਆਂ, ਤਿਆਰੀਆਂ, ਫਲੈਕਸਾਂ ਦੀ ਤਿਆਰੀਆਂ ਜ਼ੋਰਾਂ ‘ਤੇ – ਮਨਜੀਤ ਧਨੇਰ।
21 ਨਵੰਬਰ- ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜ਼ਿਲ੍ਹਾ ਬਰਨਾਲਾ ਵੱਲੋਂ 26 ਨਵੰਬਰ ਤੋਂ 28 ਨਵੰਬਰ ਤੱਕ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਹਰ ਪਿੰਡ ਵਿੱਚ ਪੂਰੇ ਜ਼ੋਰਾਂ ‘ਤੇ ਸ਼ੁਰੂ ਹੋ ਗਈਆਂ ਹਨ। ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ ਦੀ ਅਗਵਾਈ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਭਦੌੜ ਅਤੇ ਗੁਰਦੇਵ ਸਿੰਘ ਮਾਂਗੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਦਿੱਲੀ ਕੂਚ ਦੀ ਤੀਜੀ ਵਰ੍ਹੇ ਗੰਢ ਤੇ ਸਾਰੇ ਦੇਸ਼ ਦੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਤਿੰਨ ਰੋਜ਼ਾ ਧਰਨੇ ਦੇ ਕੇ ਗਵਰਨਰਾਂ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਦੀਆਂ ਮੁੱਖ ਮੰਗਾਂ ਵਿੱਚ ਸਾਰੀਆਂ ਫਸਲਾਂ ਦੀ ਐਮ ਐਸ ਪੀ ਤੇ ਖਰੀਦ ਦੀ ਗਰੰਟੀ ਅਤੇ ਸਵਾਮੀਨਾਥਨ ਫਾਰਮੂਲੇ ਅਨੁਸਾਰ ਸੀ-2+50% ਦੇ ਹਿਸਾਬ ਨਾਲ ਫ਼ਸਲਾਂ ਦੇ ਭਾਅ ਮਿਥਣੇ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ, ਅਜੈ ਮਿਸ਼ਰਾ ਟੈਣੀ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨਾ ਅਤੇ ਗ੍ਰਿਫ਼ਤਾਰ ਕਰਨਾ, ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਤੇ ਬਣੇ ਪੁਲੀਸ ਕੇਸ ਰੱਦ ਕਰਨੇ, ਬਿਜਲੀ ਸੋਧ ਬਿੱਲ-2020 ਨੂੰ ਰੱਦ ਕਰਨਾ ਅਤੇ ਇਸ ਬਿੱਲ ਦੀਆਂ ਧਾਰਾਵਾਂ ਨੂੰ ਚੋਰਮੋਰੀਆਂ ਰਾਹੀਂ ਲਾਗੂ ਕਰਨ ਨੂੰ ਬੰਦ ਕਰਨਾ, ਕਿਸਾਨਾਂ ਦਾ ਸਾਰਾ ਕਰਜ਼ਾ ਰੱਦ ਕਰਨ ਤੋਂ ਇਲਾਵਾ ਆਪੋ ਆਪਣੇ ਸੂਬੇ ਦੀਆਂ ਮੰਗਾਂ ਸ਼ਾਮਿਲ ਹੋਣਗੀਆਂ। ਇਸ ਤਿੰਨ ਰੋਜ਼ਾ ਧਰਨੇ ਵਿੱਚ ਕਿਸਾਨ ਪੰਜਾਬ ਸਰਕਾਰ ਤੋਂ ਮੰਗ ਕਰਨਗੇ ਕਿ ਹੜ੍ਹਾਂ ਅਤੇ ਗੜੇਮਾਰੀ ਕਾਰਨ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ, ਕਿਸਾਨਾਂ ਤੇ ਪਰਾਲੀ ਸਾੜਨ ਸਬੰਧੀ ਦਰਜ ਕੀਤੇ ਪੁਲਿਸ ਕੇਸ, ਰੈੱਡ ਐਂਟਰੀਆਂ ਅਤੇ ਹੋਰ ਕਾਰਵਾਈਆਂ ਰੱਦ ਕੀਤੀਆਂ ਜਾਣ, ਆਬਾਦਕਾਰ ਕਿਸਾਨਾਂ ਤੋਂ ਜ਼ਮੀਨਾਂ ਖੋਹਣੀਆਂ ਬੰਦ ਕਰ ਕੇ ਮਾਲਕੀ ਹੱਕ ਦਿੱਤੇ ਜਾਣ, ਸਬਜ਼ੀਆਂ, ਮੱਕੀ ਮੂੰਗੀ ਅਤੇ ਹੋਰ ਫ਼ਸਲਾਂ ਦੀ ਐਮ ਐਸ ਪੀ ਤੇ ਖ੍ਰੀਦ ਯਕੀਨੀ ਬਣਾਈ ਜਾਵੇ, ਚਿੱਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ, ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣ, ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ, ਗੰਨਾ ਕਿਸਾਨਾਂ ਦਾ ਬਕਾਇਆ ਰਲੀਜ ਕੀਤਾ ਜਾਵੇ, ਬੰਦ ਕੀਤੀਆਂ ਮੰਡੀਆਂ ਚਾਲੂ ਕੀਤੀਆਂ ਜਾਣ ਅਤੇ ਝੋਨੇ ਦਾ ਦਾਣਾ-ਦਾਣਾ ਖਰੀਦਿਆ ਜਾਵੇ। ਆਗੂਆਂ ਨੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵੱਲੋਂ ਸੁਪਰੀਮ ਕੋਰਟ ਵਿੱਚ ਐਮ ਐਸ ਪੀ ਦੀ ਦੁਰਵਰਤੋਂ ਬਾਰੇ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਖਰੀਦ ਕਰਨ ਤੋਂ ਭੱਜਣ ਦੇ ਬਹਾਨੇ ਬਣਾਉਣੇ ਬੰਦ ਕਰੇ। ਜ਼ਿਲ੍ਹਾ ਕਮੇਟੀ ਦੀ ਅਗਵਾਈ ਹੇਠ ਤਿੰਨੇ ਬਲਾਕਾਂ ਬਰਨਾਲਾ-ਸ਼ਹਿਣਾ ਅਤੇ ਮਹਿਲਕਲਾਂ ਦੀਆਂ ਪਿੰਡ ਇਕਾਈਆਂ ਦੇ ਕਿਸਾਨ ਆਗੂ ਸਰਗਰਮ ਹੋ ਗਏ ਹਨ। ਪਿੰਡਾਂ ਵਿੱਚ ਤਿਆਰੀ ਸਬੰਧੀ ਮੀਟਿੰਗਾਂ, ਫੰਡ/ਰਾਸ਼ਨ ਇੱਕਠਾ ਕਰਨ, ਟਰੈਕਟਰ ਟਰਾਲੀਆਂ ਤਿਆਰ ਕਰਨ ਅਤੇ ਟਰਾਲੀਆਂ ਉੱਪਰ ਫਲੈਕਸਾਂ ਲਾਉਣ ਦੀ ਮੁਹਿੰਮ ਪੂਰੇ ਜ਼ੋਰਾਂ ‘ਤੇ ਸ਼ੁਰੂ ਕਰ ਦਿੱਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜ਼ਿਲ੍ਹਾ ਬਰਨਾਲਾ ਵਿੱਚੋਂ 35 ਟਰੈਕਟਰ -ਟਰਾਲੀਆਂ ਨਾਲ ਕਿਸਾਨ ਮਰਦ-ਔਰਤਾਂ ਦੇ ਕਾਫ਼ਲੇ ਇਸ ਧਰਨੇ ਵਿੱਚ ਸ਼ਾਮਿਲ ਹੋਣਗੇ। ਆਗੂਆਂ ਹਰਮੰਡਲ ਸਿੰਘ ਜੋਧਪੁਰ, ਜਗਰਾਜ ਸਿੰਘ ਹਰਦਾਸਪੁਰਾ,ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ ਅਤੇ ਭੋਲਾ ਸਿੰਘ ਛੰਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਜੇਕਰ ਸੰਯੁਕਤ ਕਿਸਾਨ ਮੋਰਚਾ ਧਰਨੇ ਨੂੰ ਵਧਾਉਣਾ ਚਾਹੁੰਦਾ ਹੋਵੇ ਤਾਂ ਆਪਣੀ ਜਥੇਬੰਦੀ ਇਸ ਲਈ ਤਿਆਰ ਹੋ ਕੇ ਜਾਵੇਗੀ। ਇਸ ਵਾਸਤੇ ਕਿਸਾਨ ਕਾਫ਼ਲੇ ਦਿੱਲੀ ਮਾਰਚ ਦੀ ਤਰਜ਼ ਤੇ ਲੰਬੇ ਦਾਅ ਦੀ ਤਿਆਰੀ ਕਰਕੇ ਚੱਲਣਗੇ।
ਤਿੰਨੇ ਬਲਾਕਾਂ ਦੀਆਂ ਸਮੁੱਚੀਆਂ ਪਿੰਡ ਇਕਾਈਆਂ ਦੇ ਕਿਸਾਨ 25 ਨਵੰਬਰ ਨੂੰ ਚੰਡੀਗੜ੍ਹ ਵੱਲ ਕੂਚ ਕਰਨਗੇ। ਕਾਫ਼ਲੇ 25 ਨਵੰਬਰ ਨੂੰ ਚੱਲ ਕੇ ਰਾਤ ਨੂੰ ਪਟਿਆਲਾ ਵਿਖੇ ਠਹਿਰਾਓ ਕਰਨਗੇ। ਸਾਰੇ ਬਲਾਕ ਆਪੋ ਆਪਣੇ ਲੰਗਰ,ਪਾਣੀ ਦੇ ਟੈਂਕਰ, ਗੈਸ ਸਿਲੰਡਰ,ਤ੍ਰਿਪਾਲਾਂ, ਸਪੀਕਰ ,ਜਨਰੇਟਰ,ਕੰਬਲ ਅਤੇ ਦੁੱਧ ਦੇ ਇੰਤਜ਼ਾਮ ਕਰ ਕੇ ਚੱਲਣਗੇ। ਹਰ ਬਲਾਕ ਦੇ ਆਪੋ ਆਪਣੇ ਵਲੰਟੀਅਰ ਕੰਟਰੋਲ ਕਰਨਗੇ।
ਇਸ ਤੋਂ ਇਲਾਵਾ ਕੁੱਲਰੀਆਂ ਵਿਖੇ ਚੱਲ ਰਹੇ ਜ਼ਮੀਨੀ ਸੰਘਰਸ਼ ਬਾਰੇ ਵੀ ਜਾਣਕਾਰੀ ਦਿੱਤੀ ਗਈ। ਜਥੇਬੰਦੀ ਨੇ ਅਹਿਦ ਕੀਤਾ ਕਿ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਹਰ ਹਾਲਤ ਵਿੱਚ ਕੀਤੀ ਜਾਵੇਗੀ। ਇਸ ਮੁਹਿੰਮ ਵਿੱਚ ਅਮਰਜੀਤ ਸਿੰਘ ਠੁੱਲੀਵਾਲ,ਸਤਨਾਮ ਸਿੰਘ ਮੂੰਮ,ਕਾਲਾ ਜੈਦ, ਕੁਲਵਿੰਦਰ ਸਿੰਘ ਉੱਪਲੀ,ਅਮਨਦੀਪ ਸਿੰਘ ਰਾਏਸਰ, ਮਨਜੀਤ ਸਿੰਘ ਗੋਰਾ ਰਾਏਸਰ,ਜੱਗਾ ਸਿੰਘ ਮਹਿਲਕਲਾਂ, ਸ਼ਮਸ਼ੇਰ ਸਿੰਘ ਮਹਿਲਕਲਾਂ, ਅਮਨਦੀਪ ਸਿੰਘ ਅਮਨਾ ਮਹਿਲਕਲਾਂ, ਗੁਰਜੀਤ ਸਿੰਘ ਧਨੇਰ ਆਦਿ ਹਾਜ਼ਰ ਸਨ।
Posted By SonyGoyal