ਮਨਿੰਦਰ ਸਿੰਘ ਬਰਨਾਲਾ
ਬਰਨਾਲਾ 15 ਜਨਵਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਬਾਬੂ ਸਿੰਘ ਖੁੱਡੀਕਲਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਕਾਲਾ ਮਹਿਰ ਵਿਖੇ ਕੀਤੀ ਗਈ।
ਇਸ ਮੀਟਿੰਗ ਵਿੱਚ ਵਿਚਾਰੇ ਗਏ ਏਜੰਡਿਆਂ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕੁਲਵਿੰਦਰ ਸਿੰਘ ਉਪਲੀ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਕੁੱਲਰੀਆਂ ਦੇ ਅਬਾਦਕਾਰ ਕਿਸਾਨਾਂ ਦੇ ਜ਼ਮੀਨ ਦੀ ਰਾਖੀ ਲਈ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਫ਼ੈਸਲਾ ਕੀਤਾ ਗਿਆ ਕਿ ਕੁੱਲਰੀਆਂ ਦਾ ਸਰਪੰਚ ਪੁਲਿਸ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧ ਰਾਮ ਦੀ ਮਿਲੀਭੁਗਤ ਨਾਲ 50 ਸਾਲ ਤੋਂ ਵੀ ਵੱਧ ਸਮੇਂ ਤੋਂ ਕਾਨੂੰਨਨ ਤੌਰ ‘ਤੇ ਕਾਬਜ਼ ਕਿਸਾਨਾਂ ਨੂੰ ਜ਼ਬਰੀ ਉਜਾੜਨ ਤੇ ਤੁਲਿਆ ਹੋਇਆ ਹੈ।
ਅਬਾਦਕਾਰ ਕਿਸਾਨਾਂ ਉੱਤੇ ਗੁੰਡਾਢਾਣੀ ਵੱਲੋਂ ਹਮਲੇ ਵੀ ਕਰਵਾ ਰਿਹਾ ਹੈ। ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਚੱਲ ਰਿਹਾ ਮੋਰਚਾ 11 ਵੇਂ ਦਿਨ ਵਿੱਚ ਦਾਖ਼ਲ ਹੋਣ ਦੇ ਬਾਵਜੂਦ ਪੁਲਿਸ ਟੱਸ ਤੋਂ ਮੱਸ ਨਹੀਂ ਹੋਈ।
19 ਜਨਵਰੀ ਨੂੰ ਪਰਜਾ ਮੰਡਲ ਲਹਿਰ ਦੇ ਮੋਢੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ 90 ਵੇਂ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਸਮੇਂ ਬਲਾਕ ਖਜ਼ਾਨਚੀ ਗੋਪਾਲ ਕ੍ਰਿਸ਼ਨ ਹਮੀਦੀ, ਕੁਲਵੰਤ ਸਿੰਘ ਹੰਢਿਆਇਆ, ਹਰਪਾਲ ਸਿੰਘ ਪਾਲੀ ਹੰਡਿਆਇਆ, ਸਤਨਾਮ ਸਿੰਘ ਸੰਧੂ ਪੱਤੀ, ਗੁਰਮੀਤ ਸਿੰਘ ਨੰਬਰਦਾਰ ਸੰਧੂ ਪੱਤੀ, ਬਲਵੰਤ ਸਿੰਘ ਠੀਕਰੀਵਾਲਾ, ਜਸਵੰਤ ਹੰਡਿਆਇਆ, ਜਗਰਾਜ ਸਿੰਘ ਹਮੀਦੀ ਅਤੇ ਹੋਰ ਇਕਾਈਆਂ ਦੇ ਆਗੂਆਂ ਨੇ 6 ਜਨਵਰੀ ਤੋਂ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਜਾਰੀ ਰੱਖਣ ਦਾ ਵਿਸ਼ਵਾਸ ਦਿਵਾਇਆ।
Posted By SonyGoyal