ਮਨਿੰਦਰ ਸਿੰਘ, ਬਰਨਾਲਾ
ਵਿਧਾਇਕ ਦੇਵ ਮਾਨ ਵਲੋਂ ਮਜਦੂਰਾਂ ਨਾਲ ਬਦਸਲੂਕੀ ਕਰਨ ਅਤੇ ਮੁਕੇਰੀਆਂ ‘ਚ ਕਿਸਾਨਾਂ ‘ਤੇ ਲਾਠੀਚਾਰਜ ਦੀ ਨਿਖੇਧੀ
3 ਦਸੰਬਰ..ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਸੂਬਾ ਪੱਧਰੀ ਮੀਟਿੰਗ , ਮੋਰਚੇ ਦੇ ਆਗੂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਜਿਸ ਵਿਚ 9-10ਅਤੇ 11ਦਸੰਬਰ ਨੂੰ ਪੰਜਾਬ ਦੇ ਚਾਰ ਮੰਤਰੀਆਂ ਦੇ ਘਰਾਂ ਅੱਗੇ ਲੱਗਣ ਵਾਲੇ ਤਿੰਨ ਰੋਜਾ ਧਰਨਿਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਮਜਦੂਰ ਮੋਰਚੇ ਨੇ ਦਾਅਵਾ ਕੀਤਾ ਕਿ ਹਜਾਰਾਂ ਮਜਦੂਰ ਆਪਣੇ ਪਰਿਵਾਰਾਂ ਸਹਿਤ ਧਰਨਿਆਂ ਸ਼ਾਮਲ ਹੋਣਗੇ।
ਸਾਂਝੇ ਮਜਦੂਰ ਮੋਰਚੇ ‘ਚ ਸ਼ਾਮਲ ਅੱਠ ਜਥੇਬੰਦੀਆਂ ਦੇ ਸੂਬਾਈ ਆਗੂਆਂ ਨੇ ਭਗਵੰਤ ਮਾਨ ਸਰਕਾਰ ਦੀ ਜੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਬਦਲਾਅ ਦਾ ਨਾਹਰਾ ਦੇਕੇ ਰਾਜਗੱਦੀ ‘ਤੇ ਬੈਠੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਜਦੂਰਾਂ ਦੀਆਂ ਬਿਲਕੁੱਲ ਹੱਕੀ ਤੇ ਵਾਜਬ ਮੰਗਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ ।
ਉਨ੍ਹਾਂ ਕਿਹਾ ਕਿ ਮਜਦੂਰ ਵਿਹੜਿਆਂ ‘ਚ ਝੋਲੀਆਂ ਅੱਡ ਅੱਡ ਵੋਟਾਂ ਮੰਗਣ ਵਾਲੇ “ਆਪ ” ਵਿਧਾਇਕਾਂ ਤੇ ਮੰਤਰੀਆਂ ਕੋਲ ਮਜਦੂਰਾਂ ਦਾ ਮੰਗ ਪੱਤਰ ਲੈਣ ਦਾ ਵੀ ਸਮਾਂ ਨਹੀਂ ,ਜਿਕਰਯੋਗ ਹੈ ਕਿ ਪਿਛਲੇ ਦਿਨੀਂ ਦੋ ਦਰਜਨ ਤੋਂ ਵੱਧ ਥਾਵਾਂ ‘ਤੇ ਜਦੋਂ ਮਜਦੂਰ ਵਿਧਾਇਕਾਂ ਦੇ ਘਰਾਂ ‘ਚ ਮੰਗ ਪੱਤਰ ਦੇਣ ਪੁੱਜੇ ਤਾਂ ਅਗਾਊਂ ਸੂਚਨਾ ਦੇਣ ਦੇ ਬਾਵਜੂਦ ਬਹੁਤੇ ਥਾਂਈ ਵਿਧਾਇਕ ਗੈਰਹਾਜ਼ਰ ਸਨ ।
ਇਸ ਮੌਕੇ ਮਜਦੂਰ ਆਗੂਆਂ ਨੇ ਨਾਭਾ ਤੋਂ ਵਿਧਾਇਕ ਦੇਵ ਮਾਨ ਦੀ ਜੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਉਕਤ ਵਿਧਾਇਕ ਨੇ ਨਾ ਸਿਰਫ ਮੰਗ ਪੱਤਰ ਦੇਣ ਗਏ ਮਜਦੂਰਾਂ ਨਾਲ ਬਦਸਲੂਕੀ ਕੀਤੀ ਉਲਟਾ ਮਜਦੂਰਾਂ ਖਿਲਾਫ ਪੁਲਿਸ ਰਿਪੋਰਟ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਮਜਦੂਰ ਮੋਰਚਾ ਪਿਛਲੇ ਲੰਮੇ ਸਮੇਂ ਤੋਂ ਮਜਦੂਰਾਂ ਨੂੰ ਰਿਹਾਇਸ਼ੀ ਪਲਾਟ ਦਿਵਾਉਣ, ਰੁਜਗਾਰ ਦੇ ਪੱਕੇ ਪ੍ਰਬੰਧ ਕਰਨ , ਘੱਟੋ ਘੱਟ ਦਿਹਾੜੀ 700/-ਰੂਪੈ ਕਰਨ ,ਮੁਕੰਮਲ ਕਰਜਾ ਮਾਫੀ ,ਸਰਕਾਰ ਵੱਲੋਂ ਕੀਤੀਆਂ ਗਰੰਟੀਆਂ ਨੂੰ ਲਾਗੂ ਕਰਨ, ਵਿਧਵਾ ਬੁਢਾਪਾ ਅੰਗਹੀਣ ਪੈਨਸ਼ਨ 5000/-ਰੂਪੈ ਕਰਨ ਅਤੇ ਤੀਜੇ ਹਿੱਸੇ ਦੀ ਜਮੀਨ ਕਿਰਤੀਆਂ ਨੂੰ ਦੇਣ ਆਦਿ ਵਰਗੀਆਂ ਮੰਗਾਂ ‘ਤੇ ਸ਼ੰਘਰਸ਼ ਕਰ ਰਿਹਾ ਹੈ ਪਰ ਮੌਜੂਦਾ ਸਰਕਾਰ ਮਜਦੂਰਾਂ ਦੀ ਗੱਲ ਅਣਸੁਣੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਮੀਟਿੰਗਾਂ ਦਾ ਸਮਾਂ ਤਹਿ ਕਰਕੇ ਵੀ ਮਜਦੂਰਾਂ ਨਾਲ ਮੀਟਿੰਗ ਨਹੀਂ ਕੀਤੀ , ਮਜਦੂਰ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਰਵੱਈਆ ਦਲਿਤਾਂ
ਮਜਦੂਰਾਂ ਪ੍ਰਤੀ ਘੋਰ ਵਿਤਕਰੇ ਨੂੰ ਜਾਹਿਰ ਕਰਦਾ ਹੈ। ਉਹਨਾਂ ਦੱਸਿਆ ਕਿ ਸਾਂਝੇ ਮਜਦੂਰ ਵੱਲੋਂ ਇੱਕੋ ਸਮੇਂ 9ਦਸੰਬਰ ਤੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਦਿੜਬਾ , ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਦੇ ਪਿੰਡ ਖੁੱਡੀਆ ਜ੍ਹਿਲਾ ਸ੍ਰੀ ਮੁਕਤਸਰ ਸਾਹਿਬ , ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਜੰਡਿਆਲਾ ਗੁਰੂ ਵਿਖੇ ਅਤੇ ਮੰਤਰੀ ਬਲਕਾਰ ਸਿੰਘ ਦੀ ਜਲੰਧਰ ਸਥਿਤ ਰਿਹਾਇਸ਼ ਅੱਗੇ ਧਰਨੇ ਲਾਏ ਜਾਣ ਗਏ।
ਉਹਨਾਂ ਪੰਜਾਬ ਦੇ ਬੇਜਮੀਨੇ ਮਜਦੂਰਾਂ ਨੂੰ ਵੱਡੀ ਤਦਾਦ ਵਿੱਚ ਧਰਨਿਆਂ ਚ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਬੀਤੇ ਦਿਨ ਮੁਕੇਰੀਆਂ ਵਿਚ ਗੰਨਾ ਉਤਪਾਦਕ ਕਿਸਾਨਾਂ ‘ਤੇ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਹੁਣ ਜਬਰ ਦੇ ਜੋਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਰਾਹ ਪੈ ਗਈ ਹੈ।
ਅੱਜ ਦੀ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਦਿਹਾਤੀ ਮਜਦੂਰ ਸਭਾ ਦੇ ਸੂਬਾ ਆਗੂ ਦਰਸ਼ਨ ਨਾਹਰ ਅਤੇ ਬਲਦੇਵ ਨੂਰਪੁਰੀ, ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਕਸ਼ਮੀਰ ਸਿੰਘ ਘੁਗਸ਼ੋਰ ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ ਅਤੇ ਲਛਮਣ ਸਿੰਘ ਸੇਵੇਵਾਲ ,ਪੰਜਾਬ ਖੇਤ ਮਜ਼ਦੂਰ ਸਭਾ ਦੇ ਦੇਵੀ ਕੁਮਾਰੀ,ਮਜਦੂਰ ਮੁਕਤੀ ਮੋਰਚਾ ਦੇ ਮੱਖਣ ਸਿੰਘ ਰਾਮਗੜ੍ਹ ਅਤੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਲਖਵੀਰ ਸਿੰਘ ਲੱਖਾ ਸ਼ਾਮਿਲ ਹੋਏ।
Posted By SonyGoyal