ਰਾਮਾਂ ਮੰਡੀ, 02 ਮਈ (ਬਾਣੀ ਨਿਊਜ਼)
ਬਲਵੀਰ ਸਿੰਘ ਬਾਘਾ ਕੌਮੀ ਮਜ਼ਦੂਰ ਦਿਵਸ ਦੇ ਆਯੋਜਨ ਤੇ ਅੱਜ ਸਥਾਨਕ ਵੇਅਰਹਾਊਸ ਮਾਲ ਗੋਦਾਮ ਕਮਾਲੂ ਰੋਡ ਵਿਖੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ (ਰਜਿ.37) ਦੇ ਪ੍ਰਧਾਨ ਗੁਰਜੰਟ ਸਿੰਘ ਨੇ ਤਿੰਰਗਾ ਝੰਡਾ ਲਹਿਰਾਇਆ, ਉਪਰੰਤ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਜੰਟ ਸਿੰਘ ਬੰਗੀ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਭਾਰਤ ਦੇਸ਼ ਨੇ ਲਗਾਤਾਰ ਮਹਿੰਗਾਈ ਵਿਚ ਹੀ ਤਰੱਕੀ ਕੀਤੀ ਹੈ, ਜਿਸ ਕਾਰਨ ਮਜਦੂਰ ਅੱਜ ਬੇਹੱਦ ਮੰਦਹਾਲੀ ਦੇ ਦੌਰ ‘ਚੌਂ ਗੁਜ਼ਰ ਰਿਹਾ ਹੈ। ਜਿਸਦੇ ਕਥਿਤ ਸਬੂਤ ਵਜੋਂ ਮਿਹਨਤਕਸ਼ ਨੌਜਵਾਨ ਰੋਜ਼ਗਾਰ ਦੀ ਭਾਲ ਵਿਚ ਇਧਰ ਉੱਧਰ ਭਟਕ ਰਹੇ ਹਨ। ਖਾਸਕਰ ਪੰਜਾਬ ਦੇ ਅਜਿਹੇ ਮਾੜੇ ਹਾਲਾਤ ਲਈ ਸਾਡੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ, ਜਿਹਨਾਂ ਕਾਰਨ ਕਿਰਤੀ ਦਿਨ ਭਰ ਦੀ ਮਿਹਨਤ ਤੋਂ ਬਾਅਦ ਵੀ ਸੰਤੁਸ਼ਟ ਨਹੀਂ ਹੋ ਰਿਹਾ, ਅੱਜ ਹਰ ਮਜ਼ਦੂਰ ਕਰਜ਼ੇ ਦੀ ਮਾਰ ਹੇਠ ਦਿਮਾਗੀ ਤੌਰ ਤੇ ਮਾਨਸਿਕ ਰੋਗੀ ਬਣਿਆ ਹੋਇਆ ਹੈ, ਸਰਕਾਰਾਂ ਵਲੋਂ ਮਜ਼ਦੂਰਾਂ ਦੇ ਹਿੱਤਾਂ ਲਈ ਲਾਗੂ ਕੀਤੀਆਂ ਸਕੀਮਾਂ ਵੀ ਮਜ਼ਦੂਰਾਂ ਤਕ ਨਹੀਂ ਪਹੁੰਚਦੀਆਂ। ਉਹਨਾਂ ਕਿਹਾ ਕਿ ਪੰਜਾਬ ਅੰਦਰ ਆਬਾਦੀ ਦੀ ਵੱਡੀ ਗਿਣਤੀ ਮਜ਼ਦੂਰ ਵਰਗ ਦੀ ਹੈ, ਇਸਦੇ ਬਾਵਜੂਦ ਵੀ ਅੱਜ ਸਿੱਖਿਆ, ਰੋਜ਼ਗਾਰ ਤੇ ਸਰਕਾਰੀ ਸਕੀਮਾਂ ਦੇ ਨਾਂ ‘ਤੇ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਹੀ ਕੀਤਾ ਜਾਂਦਾ ਹੈ, ਕਿਰਤ ਵਿਭਾਗ ਹੋਣ ਦੇ ਬਾਵਜੂਦ ਵੀ ਮਜ਼ਦੂਰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਮਜ਼ਦੂਰਾਂ ਦੇ ਕੰਮਾਂ ਵਿੱਚ ਠੇਕੇਦਾਰੀ ਸਿਸਟਮ ਭਾਰੂ ਹੋਣ ਕਾਰਨ ਮਜ਼ਦੂਰਾਂ ਦੇ ਪੱਲੇ ਪੂਰੀ ਮਜ਼ਦੂਰੀ ਵੀ ਨਹੀਂ ਪੈਂਦੀ, ਮਜ਼ਦੂਰੀ ਦੀ ਮਿਹਨਤ ਦਾ ਕਾਫੀ ਹਿੱਸਾ ਠੇਕੇਦਾਰ ਖਾ ਜਾਂਦੇ ਹਨ। ਮਜ਼ਦੂਰਾਂ ਦੇ ਕੰਮਾਂ ਵਿੱਚ ਠੇਕੇਦਾਰੀ ਸਿਸਟਮ ਖਤਮ ਕਰਨ ਲਈ ਮਜ਼ਦੂਰ ਲੰਬੇ ਸਮੇਂ ਤੋਂ ਸੰਘਰਸ਼ ਵੀ ਕਰ ਰਹੇ ਹਨ, ਸਰਕਾਰਾਂ ਨੇ ਉਹਨਾਂ ਨੂੰ ਸਿਰਫ ਭਰੋਸੇ ਅਤੇ ਲਾਰੇ ਹੀ ਦਿੱਤੇ ਹਨ। ਉਹਨਾਂ ਮੰਗ ਕੀਤੀ ਹੈ ਕਿ ਮਹਿੰਗਾਈ ਦੇ ਅਨੁਸਾਰ ਮਜ਼ਦੂਰਾਂ ਦੀ ਦਿਹਾੜੀ ਘੱਟੋ ਘੱਟ ਇੱਕ ਹਜ਼ਾਰ ਰੁਪਏ ਕੀਤੀ ਜਾਵੇ। ਮਜ਼ਦੂਰਾਂ ਦੇ ਸਿਹਤ ਅਤੇ ਜੀਵਨ ਬੀਮੇ ਮੁਫ਼ਤ ਕੀਤੇ ਜਾਣ, ਮਜ਼ਦੂਰੀ ਦੌਰਾਨ ਮਜ਼ਦੂਰ ਦੇ ਜ਼ਖ਼ਮੀ ਹੋਣ ਤੇ ਸਾਰਾ ਇਲਾਜ ਮੁਫ਼ਤ ਅਤੇ ਮੌਤ ਹੋ ਜਾਣ ਤੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ ਬੰਗੀ, ਸੈਕਟਰੀ ਗੁਰਲਾਭ ਸਿੰਘ ਤਿੱਗੜੀ, ਕੈਸ਼ੀਅਰ ਬਲਵਿੰਦਰ ਸਿੰਘ ਬੰਗੀ, ਜਗਜੀਤ ਸਿੰਘ ਸ਼ੇਰਗੜ੍ਹ ਪੀਐਫ ਸੈਕਟਰੀ, ਸੈਂਕੜੇ ਮਜ਼ਦੂਰਾਂ ਤੋਂ ਇਲਾਵਾ ਤੋਂ ਐਫਸੀਆਈ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਿੱਟੂ ਸਿੰਘ ਅਤੇ ਤਰਸੇਮ ਸਿੰਘ ਲਾਲੇਆਣਾ ਸਕੱਤਰ ਵੀ ਹਾਜ਼ਰ ਸਨ। ਵੇਰਵਾ ਤਿਰੰਗਾ ਝੰਡਾ ਲਹਿਰਾਉਂਦੇ ਹੋਏ ਪੰਜਾਬ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਤੇ ਮਜ਼ਦੂਰ ਤਸਵੀਰ
Posted By SonyGoyal