ਬਰਨਾਲਾ 22 ਮਈ (ਮਨਿੰਦਰ ਸਿੰਘ)
“ਜਿਸ ਧਜ ਸੇ ਕੋਈ ਮਕਤਲ ਮੇਂ ਗਯਾ ਵੋ ਸ਼ਾਨ ਸਲਾਮਤ ਰਹਿਤੀ ਹੈ” ਸਮੋਦੀ ਹਕੂਮਤ ਦਾ ਜਾਬਰ ਫਾਸ਼ੀ ਨੀਤੀ ਤਹਿਤ ਸੀ.ਪੀ.ਆਈ.(ਮਾਓਵਾਦੀ) ਦੇ ਜਨਰਲ ਸਕੱਤਰ ਕਾ. ਬਸਵ ਰਾਜੂ ਸਮੇਤ 27 ਮਾਓਵਾਦੀ ਕਾਰਕੁਨਾਂ ਨੂੰ ਮੋਦੀ ਹਕੂਮਤ ਵੱਲੋਂ ਸ਼ੁਰੂ ਕੀਤੇ ਗਏ ਅਪ੍ਰੇਸ਼ਨ ‘ਕਗਾਰ’ ਤਹਿਤ ਕਥਿਤ ਮੁਕਾਬਲੇ ਵਿੱਚ ਸ਼ਹੀਦ ਦਿੱਤਾ ਹੈ।
ਇਹ ਉਸ ਸਮੇਂ ਹੋਇਆ ਹੈ ਜਦੋਂ ਮਾਓਵਾਦੀ ਪਾਰਟੀ ਪਿਛਲੇ ਮਹੀਨਿਆਂ ’ਚ ਲਿਖਤੀ ਰੂਪ ਵਿਚ ਕਈ ਵਾਰ ਗੱਲਬਾਤ ਦੀ ਪੇਸ਼ਕਸ਼ ਕਰ ਚੁੱਕੀ ਹੈ, ਅਜਿਹੀ ਹੀ ਮੰਗ ਮੁਲਕ ਸਮੇਤ ਸੰਸਾਰ ਪੱਧਰ ਦੀਆਂ ਇਨਕਲਾਬੀ ਜਮਹੂਰੀ, ਇਨਸਾਫਪਸੰਦ ਤਾਕਤਾਂ ਨੇ ਵੀ ਕੀਤੀ ਹੈ।
ਇਸਦੇ ਬਾਵਜੂਦ ਭਾਜਪਾ ਸਰਕਾਰ ਵੱਲੋਂ ਫ਼ੌਜੀ ਓਪਰੇਸ਼ਨਾਂ ਰਾਹੀਂ ਕਤਲੇਆਮ ਜਾਰੀ ਰੱਖਣਾ ਦਰਸਾਉਂਦਾ ਹੈ ਕਿ ਹਕੂਮਤ ਦਾ ਇੱਕੋ ਇੱਕ ਮਨੋਰਥ ਇਨਕਲਾਬੀ ਤਾਕਤਾਂ ਦਾ ਜਿਸਮਾਨੀ ਸਫ਼ਾਇਆ ਕਰਕੇ ਭਾਰਤੀ ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਨੰਗੇ ਅਨਿਆਂ ਤੇ ਲੁੱਟ ਖਸੁੱਟ ਦਾ ਬੇਕਿਰਕ ਰਾਜ ਅਜਿੱਤ ਹੈ ਅਤੇ ਦੱਬੇਕੁਚਲੇ ਤੇ ਮਿਹਨਤਕਸ਼ ਹਿੱਸਿਆਂ ਨੂੰ ਜਥੇਬੰਦ ਸੰਘਰਸ਼ ਤੇ ਮੁਕਤੀ ਦਾ ਸੁਪਨਾ ਲੈਣਾ ਬੰਦ ਕਰ ਦੇਣਾ ਚਾਹੀਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮਾਓਵਾਦੀ ਪਾਰਟੀ ਦੇ ਜਨਰਲ ਸਕੱਤਰ ਦੇ ਕਤਲ ਉੱਪਰ ਉਚੇਚਾ ਟਵੀਟ ਕਰਕੇ ਇਸ ਨੂੰ ‘ਨਕਸਲਵਾਦ ਵਿਰੁੱਧ ਭਾਰਤ ਦੀ ਲੜਾਈ’ ਕਹਿਣਾ ਅਤੇ ਇਸ ਨੂੰ ਤਿੰਨ ਦਹਾਕਿਆਂ ਵਿੱਚ ਭਾਰਤੀ ਸੁਰੱਖਿਆ ਦਸਤਿਆਂ ਦੀ ‘ਸਭ ਤੋਂ ਵੱਡੀ ਪ੍ਰਾਪਤੀ’ ਕਹਿ ਕੇ ਵਡਿਆਉਣਾ ਇਸ ਗੱਲ ਦਾ ਸਬੂਤ ਹੈ ਕਿ ਇਸ ਹਕੂਮਤ ਦਾ ਇੱਕੋ ਇੱਕ ਮਨੋਰਥ ਕਰੂਰ ਕਤਲੇਆਮ ਰਾਹੀਂ ਖ਼ੌਫ਼ ਪੈਦਾ ਕਰਨਾ ਅਤੇ ਤਬਦੀਲੀ ਦੇ ਹਰ ਵਿਚਾਰ ਨੂੰ ਲਹੂ ’ਚ ਡੁਬੋਣਾ ਹੈ।
ਇੱਕ ਪਾਸੇ ਅਖੌਤੀ ਭਾਰਤੀ ਜਮਹੂਰੀਅਤ ਵੋਟਾਂ ਦੇ ਦੰਭ ਦੀ ਕਸਰਤ ਵਿੱਚ ਰੁੱਝੀ ਹੋਈ ਹੈ ਤੇ ਇਸ ਦੇ ਨਾਲ ਨਾਲ ਹੀ ਆਦਿਵਾਸੀਆਂ ਤੇ ਕਮਿਊਨਿਸਟ ਇਨਕਲਾਬੀਆਂ ਦੇ ਖ਼ੂਨ ਦੀ ਹੋਲੀ ਖੇਡੀ ਜਾ ਰਹੀ ਹੈ।
ਇਸ ਕਸਰਤ ਦੇ ਦੌਰਾਨ ਆਦਿਵਾਸੀਆਂ ਤੇ ਇਨਕਲਾਬੀਆਂ ਦੇ ਦਿਨ ਦਿਹਾੜੇ ਕਤਲਾਂ ਨਾਲ ਕਾਰਪੋਰੇਟ ਘਰਾਣਿਆਂ ਨੂੰ ਇਹ ਯਕੀਨ ਦਵਾਇਆ ਜਾ ਰਿਹਾ ਹੈ ਕਿ ਭਾਰਤੀ ਰਾਜ ਹਰ ਵੇਲੇ ਉਹਨਾਂ ਦੀ ਸੇਵਾ ਵਿੱਚ ਨਤਮਸਤਕ ਹੈ।
ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਵੀ ਅਤੇ ਵੋਟ ਮੁਹਿੰਮਾਂ ਦੇ ਦੌਰਾਨ ਕਮਿਊਨਿਸਟ ਇਨਕਲਾਬੀਆਂ ਦਾ ਸਫਾਇਆ ਕਰ ਦੇਣ ਦੇ ਹੋਕਰਿਆਂ ਰਾਹੀਂ ਵੀ ਸਾਮਰਾਜੀ ਬਹੁ-ਕੌਮੀ ਕੰਪਨੀਆਂ ਤੇ ਦੇਸੀ ਕਾਰਪੋਰੇਟ ਘਰਾਣਿਆਂ ਨੂੰ ਭਰੋਸੇ ਦਿੱਤੇ ਜਾ ਰਹੇ ਹਨ ਕਿ ਉਹਨਾਂ ਦੀ ਪੂੰਜੀ ਦੇ ਕਾਰੋਬਾਰਾਂ ਲਈ ਲੋਕਾਂ ਦਾ ਹਰ ਵਿਰੋਧ ਕੁਚਲ ਦੇਣ ਲਈ ਅਸੀਂ ਤਿਆਰ ਬਰ ਤਿਆਰ ਹਾਂ।
ਭਾਜਪਾਈ ਹਾਕਮਾਂ ਵੱਲੋਂ ਕਾਰਪੋਰੇਟ ਪ੍ਰੋਜੈਕਟਾਂ ਲਈ ਉਜਾੜੇ ਜਾਂਦੇ ਲੋਕਾਂ ਦੇ ਵਿਰੋਧ ਨੂੰ ਕੁਚਲ ਦੇਣ ਦਾ ਵਾਅਦਾ ਸਾਮਰਾਜੀਆਂ ਤੇ ਵੱਡੇ ਸਰਮਾਏਦਾਰਾਂ ਨਾਲ ਕੀਤਾ ਜਾ ਰਿਹਾ ਹੈ ਤੇ ਇਸੇ ਨੂੰ ਲੋਕਾਂ ਸਾਹਮਣੇ ਵਿਕਾਸ ਦੱਸ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ।
ਲੱਖਾਂ ਆਦਿਵਾਸੀ ਲੋਕ ਜਲ, ਜੰਗਲ ਅਤੇ ਜ਼ਮੀਨ ਦੀ ਰਾਖੀ ਲਈ ਜੂਝ ਰਹੇ ਹਨ।
ਦੂਸਰੀਆਂ ਮੌਕਾਪ੍ਰਸਤ ਵੋਟ ਪਾਰਟੀਆਂ ਵੀ ਇਨ੍ਹਾਂ ਅਣਮਨੁੱਖੀ ਕਤਲਾਂ ਖਿਲਾਫ਼ ਚੁੱਪ ਹਨ ਕਿਉਂਕਿ ਉਨ੍ਹਾਂ ਦਾ ਵਿਕਾਸ ਵੀ ਇਹਨਾਂ ਆਦਿਵਾਸੀਆਂ ਦੇ ਵਿਨਾਸ਼ ਨਾਲ ਹੀ ਹੋਣਾ ਹੈ ਤੇ ਆਪਣੇ ਰਾਜਾਂ ਦੌਰਾਨ ਉਹ ਵੀ ਅਜਿਹੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਿੱਚ ਪਿੱਛੇ ਨਹੀਂ ਹਨ।
ਕੌਣ ਆਦਿਵਾਸੀਆਂ ਤੇ ਹੋਰਨਾਂ ਲੋਕਾਂ ਨੂੰ ਲਤਾੜ ਕੇ ਇਸ “ਵਿਕਾਸ” ਨੂੰ ਅੱਗੇ ਵਧਾਉਂਦਾ ਹੈ, ਇਹੀ ਇਹਨਾਂ ਪਾਰਟੀਆਂ ਦੀ ਮੁਕਾਬਲੇਬਾਜ਼ੀ ਦਾ ਮਸਲਾ ਹੈ।
ਪੁਲਿਸ ਮੁਕਾਬਲਿਆਂ ਦੇ ਨਾਂ ਹੇਠ ਕੀਤੇ ਜਾ ਰਹੇ ਇਹ ਕਤਲ ਭਾਰਤੀ ਜੋਕਤੰਤਰ ਦਾ ਅਸਲ ਕਿਰਦਾਰ ਹੈ।
ਦੰਡਾਕਾਰਨੀਆ ਦੇ ਖੇਤਰ ‘ਚ ਫਾਸ਼ੀਵਾਦੀ ਹਕੂਮਤ ਵੱਲੋਂ ਕਾਰਪੋਰੇਟ ਲੁਟੇਰਿਆਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਆਪਰੇਸ਼ਨ ‘ਕਗਾਰ’ ਜ਼ੋਰਾਂ-ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ।
ਲੱਖਾਂ ਦੀ ਗਿਣਤੀ ‘ਚ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਰਾਜਕੀ ਬਲਾਂ ਵੱਲੋਂ ਘੇਰੋ ਅਤੇ ਕੁਚਲੋ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਵੱਡੇ ਪੱਧਰ ਤੇ ਆਦਿ-ਵਾਸੀ ਅਤੇ ਮਾਓਵਾਦੀ ਕਮਿਊਨਿਸਟ ਇਨਕਲਾਬੀਆਂ ਦੇ ਕਤਲ ਕੀਤੇ ਜਾ ਰਹੇ ਹਨ।
ਅੱਜ ਸਮੁੱਚੇ ਭਾਰਤ ‘ਚ ਬਸਤਰ ਦੇ ਜੰਗਲਾਂ ‘ਚ ਭਾਰਤੀ ਇਨਕਲਾਬ ਦੀ ਸੂਹੀ ਲਾਟ ਸਭ ਤੋਂ ਵੱਧ ਬੁਲੰਦੀ ਨਾਲ ਬਲ ਰਹੀ ਹੈ ।
ਜਿਸ ਨੂੰ ਫਾਸ਼ੀਵਾਦੀ ਹਕੂਮਤ ਅੰਨੀ ਕਤਲੋਂ-ਗਾਰਤ ਰਾਹੀਂ ਦਬਾ ਰਹੀ ਹੈ ।
ਇਸ ਕਤਲੇਆਮ ਦੀ ਲੜੀ ‘ਚ ਹੀ ਸੀ.ਪੀ.ਆਈ. (ਮਾਓਵਾਦੀ) ਦੇ ਜਨਰਲ ਸਕੱਤਰ ਨਬਾਲਾ ਕੇਸ਼ਵ ਰਾਓ ਉਰਫ਼ ਬਸਵ ਰਾਜ ਅਤੇ 26 ਹੋਰਾਂ ਨੂੰ ਕਥਿਤ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
ਆਰ ਐਸ ਐਸ ਦੀ ਅਗਵਾਈ ਵਾਲੀ ਫਾਸ਼ੀਵਾਦੀ ਭਾਜਪਾ ਹਕੂਮਤ ਨੂੰ ਇਤਿਹਾਸ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ।
ਇਤਿਹਾਸ ਗਵਾਹ ਹੈ ਕਿ ਅਜਿਹਾ ਜਿਸਮਾਨੀ ਕਤਲੇਆਮ ਬਰਾਬਰਤਾ ਵਾਲੀ ਸਮਾਜਿਕ ਤਬਦੀਲੀ ਦੀ ਮਨੁੱਖੀ ਰੀਝ ਦਾ ਬੀਜ-ਨਾਸ਼ ਨਹੀਂ ਕਰ ਸਕਦੇ।
ਜਿਵੇਂ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਤੁਸੀਂ ਮੇਰਾ ਜਿਸਮਾਨੀ ਕਤਲ ਕਰ ਸਕਦੇ ਹੋ ਪਰ ਮੇਰੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ।
ਬਿਲਕੁਲ ਇਸੇ ਤਰ੍ਹਾਂ ਹੁਣ ਹੋਵੇਗਾ ਕਾ. ਬਸਵ ਰਾਜੂ ਅਤੇ ਉਸ ਦੇ ਸਾਥੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਸ਼ਹੀਦ ਕਰਨ ਤੋਂ ਬਾਅਦ ਵੀ ਲੁਟੇਰੇ ਜਾਬਰ ਪ੍ਰਬੰਧ ਦਾ ਫਸਤਾ ਵੱਢਕੇ ਬਰਾਬਰਤਾ ਵਾਲਾ ਨਵਾਂ ਲੋਕ ਪੱਖੀ ਜਮਹੂਰੀ ਨਿਜ਼ਾਮ ਸਿਰਜਣ ਲਈ ਚੱਲ ਰਹੀ ਜਮਾਤੀ ਜੱਦੋਜਹਿਦ ਹੋਰ ਵਧੇਰੇ ਜੋਸ਼ ਨਾਲ ਅੱਗੇ ਵਧਦੀ ਰਹੇਗੀ।
Posted By SonyGoyal