ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਕੀਤੀ ਹੋਈ, ਜਿਸ ਵਿੱਚ ਮਾਨਸਾ ਦੇ ਭੋਜਨ ਵਿਕਰੇਤਾ ਵੀ ਸ਼ਾਮਿਲ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਵਿਕਰੇਤਾ ਮਿਠਾਈਆਂ ਜਾਂ ਹੋਰ ਖਾਣ-ਪੀਣ ਦੀਆਂ ਵਸਤਾਂ
ਬਣਾਉਣ ਸਮੇਂ ਸਿੰਥੈਟਿਕ ਪਨੀਰ, ਖੋਆ ਅਤੇ ਘਿਉ ਆਦਿ ਦੀ ਵਰਤੋਂ ਨਾ ਕਰਨ ਅਤੇ ਸਿਰਫ਼ ਪ੍ਰਮਾਣਿਤ ਰੰਗ (ਘੱਟ ਮਾਤਰਾ ਵਿੱਚ) ਦੀ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਨੂੰ ਢੱਕ ਕੇ ਰੱਖਣਾ ਅਤੇ ਆਪਣੀ ਦੁਕਾਨ ਵਿੱਚ ਕੰਮ ਕਰਦੇ ਹਰੇਕ ਮੁਲਾਜ਼ਮ ਦਾ ਮੈਡੀਕਲ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਦੁਕਾਨ ਦੇ ਬਾਹਰ ਮਿਠਾਈ ਦਾ ਅੱਡਾ ਲਗਾਉਂਦਾ ਹੈ ਤਾਂ ਉਸ ਨੂੰ ਮਿਠਾਈ ਦੀ ਖਰੀਦ ਸਬੰਧੀ ਬਿੱਲ ਅਤੇ ਫੂਡ ਸੇਫ਼ਟੀ ਲਾਇਸੰਸ/ਰਜਿਸਟ੍ਰੇਸ਼ਨ ਲੈਣਾ ਬਹੁਤ ਜ਼ਰੂਰੀ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਅਤੇ ਫੂਡ ਸੇਫ਼ਟੀ ਅਫ਼ਸਰ ਸ਼੍ਰੀ ਅਮਰਿੰਦਰ ਪਾਲ ਸਿੰਘ ਨੇ ਕਿਹਾ ਕਿ ਦੁਕਾਨ ’ਤੇ ਕੰਮ ਕਰਨ ਵਾਲੇ ਹਰੇਕ ਮੁਲਾਜ਼ਮ ਦੇ ਵਾਲ ਟੋਪੀ ਨਾਲ ਚੰਗੀ ਤਰ੍ਹਾਂ ਢੱਕੇ ਹੋਣੇ ਚਾਹੀਦੇ ਹਨ ਤੇ ਕਿਸੇ ਵੀ ਕਿਸਮ ਦਾ ਗਹਿਣਾ ਹੱਥ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ’ਤੇ ਨਹੀਂ ਹੋਣਾ ਚਾਹੀਦਾ। ਉਨ੍ਹਾਂ ਹਦਾਇਤ ਕੀਤੀ ਕਿ ਮੁਲਾਜ਼ਮਾਂ ਦੇ ਕਪੜੇ ਸਾਫ਼-ਸੁਥਰੇ ਹੋਣੇ ਚਾਹੀਦੇ ਹਨ ਅਤੇ ਜੇ ਕਿਸੇ ਦੇ ਕੋਈ ਜ਼ਖ਼ਮ ਹੈ ਤਾਂ ਚੰਗੀ ਤਰ੍ਹਾਂ ਪੱਟੀ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਨਹੂੰ, ਹੱਥ ਅਤੇ ਜੂਤੇ ਸਾਫ਼ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਖੋਆ ਜਾਂ ਮਿਠਾਈ ਬਾਹਰੋਂ ਸਪਲਾਈ ਹੁੰਦਾ ਹੈ ਤਾਂ ਉਸਦੀ ਜਾਣਕਾਰੀ ਤੁਰੰਤ ਫੂਡ ਸੇਫ਼ਟੀ ਅਫ਼ਸਰ ਨੂੰ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਵਿਅਕਤੀ ਜਾਂ ਦੁਕਾਨਦਾਰ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਵੀ ਸ਼ੱਕੀ ਖੋਆ, ਪਨੀਰ ਜਾਂ ਮਿਠਾਈ ਨਜ਼ਰ ਆਉਂਦੀ ਹੈ ਤਾਂ ਇਸ ਦੀ ਸੂਚਨਾ 98154-13900 ਮੋਬਾਇਲ ਨੰਬਰ ’ਤੇ ਦਿੱਤੀ ਜਾਵੇ।
ਇਸ ਮੌਕੇ ਪ੍ਰਧਾਨ ਹਲਵਾਈ ਯੂਨੀਅਨ ਮਾਨਸਾ ਸ਼੍ਰੀ ਸ਼ਾਮ ਲਾਲ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ।
Posted By SonyGoyal