ਬਰਨਾਲਾ, 27 ਅਪ੍ਰੈਲ ( ਸੋਨੀ ਗੋਇਲ )
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ.ਬੈਨਿਥ ਆਈ.ਏ.ਐੱਸ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਦੇ ਜ਼ਿਲ੍ਹਾ ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਵੱਲੋਂ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਪਾ ਦੇ ਵਿਦਿਆਰਥੀਆਂ ਦੇ ਰੂਬਰੂ ਹੋ ਕੇ ਆਪਣੇ ਜੀਵਨ ਤਜ਼ਰਬੇ ਸਾਂਝੇ ਕਰਨ ਦੇ ਨਾਲ ਨਾਲ ਸਫ਼ਲਤਾ ਦੀ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਫ਼ਲਤਾ ਦੇ ਜਿੰਦਰੇ ਨੂੰ ਖੋਲਣ ਲਈ ਮਿਹਨਤ ਹੀ ਇਕਮਾਤਰ ਚਾਬੀ ਹੈ।
ਉਹਨਾਂ ਕਿਹਾ ਕਿ ਸਫ਼ਲਤਾ ਦੀ ਪ੍ਰਾਪਤੀ ਲਈ ਮਿਹਨਤ ਤੋਂ ਇਲਾਵਾ ਹੋਰ ਕੋਈ ਦੂਜਾ ਬਦਲ ਨਹੀਂ ਅਤੇ ਨਾ ਹੀ ਕੋਈ ਸ਼ਾਰਟ ਕੱਟ ਤਰੀਕਾ ਹੈ।
ਉਹਨਾਂ ਵਿਦਿਆਰਥੀਆਂ ਨੂੰ ਟੀਚਾ ਮਿਥ ਕੇ ਉਸ ਅਨੁਸਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਏ ਜਾਣ ਦਾ ਵਿਦਿਆਰਥੀਆਂ ਨੂੰ ਪੂਰਾ ਲਾਭ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ‘ਚ ਸਵੈ-ਵਿਸਵਾਸ਼ ਦੀ ਬਹੁਤ ਵੱਡੀ ਘਾਟ ਹੁੰਦੀ ਹੈ।
ਉਹਨਾਂ ਕਿਹਾ ਕਿ ਉਹ ਖੁਦ ਪਿੰਡ ਨਾਲ ਸੰਬੰਧਿਤ ਹੋਣ ਕਾਰਨ ਵਿਦਿਆਰਥੀ ਜੀਵਨ ਦੌਰਾਨ ਸਵੈ-ਵਿਸਵਾਸ਼ ਦੀ ਘਾਟ ਦਾ ਸ਼ਿਕਾਰ ਰਹੇ ਹਨ।
ਉਹਨਾਂ ਕਿਹਾ ਕਿ ਇਹ ਵੀ ਉਹਨਾਂ ਦਾ ਨਿੱਜੀ ਤਜ਼ਰਬਾ ਹੈ ਕਿ ਪੇਂਡੂ ਵਿਦਿਆਰਥੀ ਕਿਸੇ ਵੀ ਪੱਖੋਂ ਹੋਰ ਵਿਦਿਆਰਥੀਆਂ ਨਾਲੋਂ ਘੱਟ ਨਹੀਂ ਹੁੰਦੇ।
ਇਸ ਦੌਰਾਨ ਉਹਨਾਂ ਸਕੂਲ ਦੀ ਸਾਫ ਸਫਾਈ, ਵਿਦਿਆਰਥੀਆਂ ਲਈ ਦੁਪਹਿਰ ਦੇ ਖਾਣੇ ਦੀ ਵਿਵਸਥਾ ਅਤੇ ਪੜ੍ਹਾਈ ਦਾ ਨਿਰੀਖਣ ਕਰਦਿਆਂ ਤਸੱਲੀ ਦਾ ਪ੍ਰਗਟਾਵਾ ਕੀਤਾ।
ਉਹਨਾਂ ਆਪਣੀਆਂ ਲਿਖੀਆਂ ਚਾਰ ਪੁਸਤਕਾਂ ” ਕੋਸੀ ਕੋਸੀ ਧੁੱਪ,ਵਾਪਸੀ ਟਿਕਟ,ਅੱਕੜ ਫੱਕੜ ਅਤੇ ਆਓ ਗਾਈਏ” ਸਕੂਲ ਦੀ ਲਾਇਬ੍ਰੇਰੀ ਲਈ ਭੇਟ ਕੀਤੀਆਂ।
ਲਖਵਿੰਦਰ ਸ਼ਰਮਾ ਪੱਤਰਕਾਰ ਅਤੇ ਸਮਾਜ ਸੇਵੀ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਸਹੂਲਤਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਬੀਮਾ ਅਤੇ ਕਿਸੇ ਵਿਅਕਤੀ ਦੀ ਮੌਤ ਉਪਰੰਤ ਬੀਮਾ ਅਤੇ ਏ.ਟੀ.ਐਮ ਧਾਰਕਾਂ ਦੇ ਪਰਿਵਾਰ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਮੌਜ਼ੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਾਲੀਆਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੁਰਜੀਤਪੁਰਾ ਦੀਆਂ ਵਸਨੀਕ ਤਿੰਨ ਸਕੀਆਂ ਭੈਣਾਂ ਵਿੱਚੋਂ ਸਭ ਤੋਂ ਵੱਡੀ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵਿਖੇ ਬਤੌਰ ਕਲਰਕ ਤਾਇਨਾਤ ਸੰਦੀਪ ਕੌਰ ਵੱਲੋਂ ਵੀ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ।
ਉਹਨਾਂ ਬਿਨਾਂ ਸਿਫਾਰਸ਼ ਅਤੇ ਰਿਸ਼ਵਤ ਦੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਨਾਕਾਰਤਮਕ ਸੋਚ ਵਾਲੇ ਲੋਕਾਂ ਦੀਆਂ ਗੱਲਾਂ ਨੂੰ ਤਵੱਜ਼ੋ ਨਹੀਂ ਦੇਣੀ ਚਾਹੀਦੀ।