ਬਠਿੰਡਾ ਦਿਹਾਤੀ,05 ਮਈ (ਜਸਵੀਰ ਸਿੰਘ)
ਮੀਂਹ ਕਾਰਨ ਸੜਕ ਤੇ ਭਰਿਆ ਪਾਣੀ, ਰਾਹਗੀਰ ਪ੍ਰੇਸ਼ਾਨ ਦੇਰ ਰਾਤ ਪਏ ਮੀਂਹ ਕਾਰਨ ਕੋਟਭਾਰਾ ਦੇ ਮੁੱਖ ਬੱਸ ਅੱਡੇ ਤੋਂ ਪਿੰਡ ਨੂੰ ਜਾਣ ਵਾਲੀ ਲਿੰਕ ਸੜਕ ਤੇ ਗੋਡੇ ਗੋਡੇ ਪਾਣੀ ਭਰ ਗਿਆ ਜਿਸ ਕਰਕੇ ਰਾਹਗੀਰਾਂ ਤੇ ਸਕੂਲੀ ਬੱਚਿਆਂ ਨੂੰ ਕਾਫੀ ਮੁਸ਼ਕਿਲ ਪੇਸ਼ ਆਈ।
ਪਿੰਡ ਕੋਟਭਾਰਾ ਦੇ ਬਲਦੇਵ ਸਿੰਘ ਖਾਲਸਾ ਅਤੇ ਪਿੰਡ ਦੇ ਹੋਰ ਮੋਹਤਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ਦੇ ਇਸ ਡੇਢ ਕਿਲੋਮੀਟਰ ਦੇ ਟੋਟੇ ਦੀ ਲੰਬੇ ਸਮੇਂ ਤੋਂ ਮੁਰੰਮਤ ਨਾਂ ਹੋਣ ਕਾਰਨ ਸੜਕ ਤੇ ਥਾਂ ਥਾਂ ਡੂੰਘੇ ਟੋਏ ਪਏ ਹੋਏ ਜਿਸ ਕਾਰਨ ਸੜਕ ਨੇ ਥੋੜ੍ਹੇ ਜਿਹੇ ਮੀਂਹ ਤੋਂ ਬਾਅਦ ਹੀ ਟੋਬੇ ਦਾ ਰੂਪ ਧਾਰਨ ਕਰ ਲਿਆ ਜਿਸ ਕਰਕੇ ਆਉਣ ਜਾਣ ਵਾਲੇ ਰਾਹਗੀਰ ਉਸ ਵਿੱਚ ਡਿੱਗ ਰਹੇ ਹਨ।ਕਈਆਂ ਦੇ ਚਿੱਕੜ ਵਿੱਚ ਡਿੱਗਣ ਕਰਕੇ ਸੱਟਾਂ ਵੱਜ ਚੁੱਕੀਆਂ ਹਨ ਅਤੇ ਕਿਸੇ ਦੀ ਜਾਨ ਵੀ ਜਾ ਸਕਦੀ ਹੈ।
ਪਿੰਡ ਵਾਸੀਆਂ ਨੇ ਹਲਕਾ ਮੌੜ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ, ਡੀਸੀ ਬਠਿੰਡਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਡੇਢ ਕਿਲੋਮੀਟਰ ਸੜਕ ਦੇ ਇਸ ਟੋਟੇ ਨੂੰ ਬਣਾਇਆ ਜਾਵੇ ਤਾਂ ਜੋ ਆਉਣ ਜਾਣ ਵਿੱਚ ਰਾਹਗੀਰਾਂ ਤੇ ਪਿੰਡ ਵਾਸੀਆਂ ਨੂੰ ਕੋਈ ਤਕਲੀਫ ਨਾ ਆਵੇ।
ਇਸ ਮੌਕੇ ਬਲਕਾਰ ਸਿੰਘ, ਬਲਤੇਜ ਸਿੰਘ ਅਕਾਲੀ, ਦਰਸ਼ਨ ਸਿੰਘ, ਹਰਦੀਪ ਸਿੰਘ ਢਿੱਲੋਂ, ਬਲਤੇਜ ਸਿੰਘ ਨੰਬਰਦਾਰ, ਕੰਵਲ ਢਿੱਲੋਂ,ਹਰਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਆਦਿ ਹਾਜ਼ਰ ਸਨ।
ਜਿਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੀਆਂ 27 ਹਜਾਰ ਕਿਲੋਮੀਟਰ ਲਿੰਕ ਸੜਕਾਂ ਨੂੰ ਬਣਾਉਣ ਦਾ ਐਲਾਨ ਕੀਤਾ ਹੈ ,ਜਿਸ ਵਿੱਚੋਂ ਸਾਡੇ ਪਿੰਡ ਦੀ ਇਹ ਸੜਕ ਵੀ ਬਣਾਈ ਜਾਵੇ।
Posted By SonyGoyal