ਬਟਾਲਾ, 22 ਮਈ (ਬਾਣੀ ਨਿਊਜ਼)

ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਸੰਗਰੂਰ ਵਿੱਚ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਸਾੜੀ ਗਈ।

ਮੋਰਚੇ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ 1972 ਦੇ ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਕੇ 17 ਏਕੜ ਤੋਂ ਵੱਧ ਜ਼ਮੀਨਾਂ ਬੇਜ਼ਮੀਨੇ ਦਲਿਤਾਂ ਵਿੱਚ ਵੰਡੀਆਂ ਜਾਣ ਅਤੇ ਗ੍ਰਿਫਤਾਰ ਕੀਤੇ ਗਏ ਮਜ਼ਦੂਰ ਆਗੂਆਂ ਅਤੇ ਵਰਕਰਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।

ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਆਗੂ ਮਨਜੀਤ ਰਾਜ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਮਜ਼ਦੂਰਾਂ ਦੇ ਹੱਕ ਵਿੱਚ ਗੀਤ ਗਾਉਣ ਵਾਲੇ ਭਗਵੰਤ ਮਾਨ ਹੁਣ ਉਨ੍ਹਾਂ ਦੀ ਹੱਕੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਮਜ਼ਦੂਰਾਂ ਦੀ ਗ੍ਰਿਫਤਾਰੀ ਨਾਲ ਜ਼ਮੀਨ ਪ੍ਰਾਪਤੀ ਦਾ ਸੰਘਰਸ਼ ਖਤਮ ਨਹੀਂ ਹੋਵੇਗਾ, ਬਲਕਿ ਸੰਗਰੂਰ ਸਮੇਤ ਪੂਰੇ ਪੰਜਾਬ ਵਿੱਚ ਇਹ ਅੰਦੋਲਨ ਹੋਰ ਤੇਜ਼ ਹੋਵੇਗਾ।

ਮਨਜੀਤ ਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ, ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸਮੇਤ ਕਿਸੇ ਵੀ ਪਾਰਟੀ ਨੇ 1972 ਦੇ ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਨਹੀਂ ਕੀਤਾ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਲਿਤਾਂ ਦੀਆਂ ਵੋਟਾਂ ਤਾਂ ਸਿਆਸੀ ਲੀਡਰ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਜ਼ਮੀਨ ਵਿੱਚੋਂ ਹਿੱਸਾ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਐੱਸ. ਸੀ. ਸਮਾਜ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਮਜ਼ਦੂਰ ਆਗੂ ਨੇ ਕਿਹਾ ਕਿ ਮਜ਼ਦੂਰਾਂ ਦੀ ਗ੍ਰਿਫਤਾਰੀ ਨਾਲ ਭਗਵੰਤ ਮਾਨ ਦਾ “ਜੰਗੀਰੂ” ਚਿਹਰਾ ਨੰਗਾ ਹੋ ਗਿਆ ਹੈ।

ਉਨ੍ਹਾਂ ਐਲਾਨ ਕੀਤਾ ਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਜ਼ਮੀਨ ਪ੍ਰਾਪਤੀ ਦੇ ਅਧਿਕਾਰ ਨੂੰ ਮੁੱਖ ਏਜੰਡਾ ਬਣਾ ਕੇ ਲਾਮਬੰਦੀ ਕਰੇਗਾ।

ਉਨ੍ਹਾਂ ਪੰਜਾਬ ਦੇ ਸਮੁੱਚੇ ਮਜ਼ਦੂਰ ਸਮਾਜ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਨੂੰ ਤੇਜ਼ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਦਲਵੀਰ ਸਿੰਘ ਭੱਟੀ, ਹੀਰਾ ਮਸੀਹ, ਘੁੱਲਾ ਸਿੰਘ, ਸਾਜਨ ਸ਼ਰਮਾ, ਪੂਜਾ ਸ਼ਰਮਾ, ਵਿਜੇ ਮਸੀਹ, ਵੀਰਤਾ ਸ਼ਰਮਾ, ਆਸਾਂ ਰਾਣੀ, ਸੁੱਖੋ ਸ਼ਾਂਤੀ ਦੇਵੀ, ਗੁਰਮੀਤ ਕੌਰ ਅਤੇ ਸੁਨੀਤਾ ਵੀ ਮੌਜੂਦ ਸਨ। 

Posted By SonyGoyal

One thought on “ਮੁੱਖ ਮੰਤਰੀ ਮਾਨ ਦੀ ਅਰਥੀ ਸਾੜੀ: ਮਜ਼ਦੂਰਾਂ ਵੱਲੋਂ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ”

Leave a Reply

Your email address will not be published. Required fields are marked *