ਮਹਿਲ ਕਲਾਂ, 19 ਮਈ ( ਸੋਨੀ ਗੋਇਲ)
ਕੁਲਵੰਤ ਸਿੰਘ ਪੰਡੋਰੀ ਨਸ਼ਾ ਮੁਕਤੀ ਯਾਤਰਾ ਤਹਿਤ ਨਿਹਾਲੂਵਾਲ, ਗੰਗੋਹਰ, ਕੁਤਬਾ, ਲੋਹਗੜ੍ਹ, ਛਾਪਾ, ਪੰਡੋਰੀ ਵਿਖੇ ਵਿਸ਼ੇਸ਼ ਸਮਾਗਮ ਕਰਵਾਏ

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਲਹਿਰ ਪਿੰਡ – ਪਿੰਡ ਤੱਕ ਪਹੁੰਚ ਚੁੱਕੀ ਹੈ ਅਤੇ ਹੁਣ ਪੰਜਾਬ ਦੇ ਹਰ ਇਕ ਪਿੰਡ ਦਾ ਵਾਸੀ ਨਸ਼ਿਆਂ ਖਿਲਾਫ ਲਾਮਬੰਦ ਹੈ।

ਇਹ ਪ੍ਰਗਟਾਵਾ ਵਿਧਾਇਕ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਨ ਸਭਾ ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਪੰਡੋਰੀ ਵਿਖੇ ਨਸ਼ਾ ਮੁਕਤੀ ਯਾਤਰਾ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਅੱਜ ਪਿੰਡ ਲੋਹਗੜ੍ਹ, ਛਾਪਾ ਅਤੇ ਪੰਡੋਰੀ ਵਿਖੇ ਨਸ਼ਾ ਮੁਕਤੀ ਯਾਤਰਾਵਾਂ ਆਰੰਭੀਆਂ ਅਤੇ ਲੋਕਾਂ ਨੂੰ ਇਸ ਲੋਕ ਲਹਿਰ ਦਾ ਹਿੱਸਾ ਬਣਾਇਆ।
ਇਸ ਤੋਂ ਪਹਿਲਾਂ ਉਨ੍ਹਾਂ ਪਿੰਡ ਨਿਹਾਲੂਵਾਲ, ਗੰਗੋਹਰ ਅਤੇ ਕੁਤਬਾ ਵਿਖੇ ਵੀ ਭਰਵੀਂ ਸਭਾਵਾਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਕਿ ਹਰ ਇਕ ਪੰਜਾਬ ਵਾਸੀ ਦਾ ਫਰਜ਼ ਹੈ ਕਿ ਉਹ ਨਸ਼ਿਆਂ ਖਿਲਾਫ ਇਸ ਮੁਹਿੰਮ ‘ਚ ਆਪਣਾ ਅਹਿਮ ਯੋਗਦਾਨ ਪਾਵੇ।
ਉਨ੍ਹਾਂ ਕਿਹਾ ਇਹ ਸਾਡਾ ਇਖਲਾਕੀ ਫਰਜ਼ ਹੈ ਕਿ ਜਿਹੜੇ ਨੌਜਵਾਨ ਨਸ਼ਿਆਂ ਦੇ ਦਲ-ਦਲ ਵਿਚ ਫਸ ਚੁੱਕੇ ਹਨ ਅਸੀਂ ਉਨ੍ਹਾਂ ਨੂੰ ਬਚਾਈਏ ਅਤੇ ਲੋਕਾਂ ਦੇ ਘਰਾਂ ਦੇ ਚਿਰਾਗ ਬੁੱਝਣ ਤੋਂ ਬਚਾਈਏ ।

ਉਨ੍ਹਾਂ ਕਿਹਾ ਕਿ ਸਾਰੇ ਪਿੰਡ ਵਾਸੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਨਾ ਤਾਂ ਕੋਈ ਪਿੰਡ ਵਾਸੀ ਅਤੇ ਨਾ ਹੀ ਪੰਚਾਇਤ ਜਾਂ ਲੰਬੜਦਾਰ ਨਸ਼ਿਆਂ ‘ਚ ਫੜੇ ਗਏ ਲੋਕਾਂ ਦੀ ਜ਼ਮਾਨਤ ਦੇਣਗੇ ਅਤੇ ਨਾ ਹੀ ਉਨ੍ਹਾਂ ਦਾ ਸਾਥ ਦੇਣਗੇ।
ਉਨ੍ਹਾਂ ਦੱਸਿਆ ਕਿ ਜੇ ਕਰ ਕਿਸੇ ਵੀ ਪਿੰਡ ‘ਚ ਨਸ਼ਾ ਫੜਿਆ ਜਾਂਦਾ ਹੈ ਤਾਂ ਮੁੱਖ ਮੰਤਰੀ ਜੀ ਦੇ ਨਿਰਦੇਸ਼ਾਂ ਅਨੁਸਾਰ ਉਸ ਇਲਾਕੇ ਦੇ ਐੱਸ ਐਚ ਓ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਉਨ੍ਹਾਂ ਇਸ ਮੌਕੇ ਹਰ ਇਕ ਪਿੰਡ ‘ਚ ਪਿੰਡ ਡਿਫੈਂਸ ਕਮੇਟੀ ਦੇ ਪਿੰਡਾਂ ਦੇ ਪਹਿਰਦਾਰਾਂ ਨੂੰ ਨਸ਼ਿਆਂ ਖਿਲਾਫ ਸਹੁੰ ਚੁਕਾਈ।
ਲੋਕਾਂ ਨੇ ਪਿੰਡ ਡਿਫੈਂਸ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਸਹੁੰ ਚੁੱਕੀ ਕਿ ਉਹ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਨਗੇ।

ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਪਿੰਡ ‘ਚ ਨਾ ਹੀ ਨਸ਼ਾ ਵਿਕੇਗਾ ਅਤੇ ਨਾ ਹੀ ਨਸ਼ਾ ਤਸਕਰ ਰਹਿਣਗੇ।

ਨਾਲ ਹੀ ਨਸ਼ਾ ਪੀੜਤਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿਖੇ ਭਰਤੀ ਕਰਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ।