ਬਰਨਾਲਾ, 05 ਅਪ੍ਰੈਲ (ਹਰੀਸ਼ ਗੋਇਲ)
ਵਿਦਿਅਕ ਅਦਾਰਿਆਂ ‘ਚ ਲਗਾਏ ਗਏ ਕੈਂਪਸ ਅੰਬੈਸਡਰ, ਨੌਜਵਾਨਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ ਪਿੰਡਾਂ ‘ਚ ਲਗਾਈ ਜਾ ਰਹੀ ਹੈ ਚੁਣਾਵ ਪਾਠਸ਼ਾਲਾ ਸਕੂਲਾਂ ‘ਚ ਕਰਵਾਏ ਜਾ ਰਹੇ ਹਨ ਪੋਸਟਰ ਮੇਕਿੰਗ, ਭਾਸ਼ਣ ਮੁਕਾਬਲੇ

ਲੋਕਾਂ ਨੂੰ ਆਪਣੇ ਮਤਦਾਨ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਲਈ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਬਰਨਾਲਾ ‘ਚ ਪ੍ਰਣਾਲੀਗਤ ਵੋਟਰਾਂ ਦੀ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਤਹਿਤ ਵੱਖ ਵੱਖ ਗਤੀਵਿਧੀਆਂ ਕਰਵਾਈ ਜਾ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ – ਕਮ – ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਵਿੱਦਿਅਕ ਅਦਾਰਿਆਂ ‘ਚ ਕੈਂਪਸ ਅੰਬੈਸਡਰ ਲਗਾਏ ਗਏ ਹਨ ਜਿਨ੍ਹਾਂ ਵੱਲੋਂ ਆਪਣੇ ਆਸ ਪਾਸ ਦੇ ਯੋਗ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਤਹਿਤ ਲਾਲ ਬਹਾਦਰ ਸ਼ਾਸਤਰੀ ਕਾਲਜ ਵਿਖੇ ਕੈਂਪਸ ਅੰਬੈਸਡਰ ਵਿਦਿਆਰਥੀਆਂ ਨੇ ਯੋਗ ਵੋਟਰਾਂ ਨੂੰ ਆਪਣੀ ਵੋਟ ਦਾ ਅਧਿਕਾਰ ਯਕੀਨੀ ਅਤੇ ਸੁਚੱਜੇ ਤਰੀਕੇ ਨਾਲ ਵਰਤਣ ਲਈ ਪ੍ਰੇਰਿਆ।

ਉਨ੍ਹਾਂ ਦੱਸਿਆ ਕਿ ਪਿੰਡਾਂ ‘ਚ ਚੁਣਾਵ ਪਾਠਸ਼ਾਲਾ ਲਗਾਈ ਜਾ ਰਹੀ ਹੈ।
ਪਿੰਡ ਚੀਮਾ ਵਿਖੇ ਲਗਾਈ ਗਈ ਚੁਣਾਵ ਪਾਠਸ਼ਾਲਾ ਦੌਰਾਨ ਲੋਕਾਂ ਨੂੰ ਦੱਸਿਆ ਗਿਆ ਕਿ ਕਿਵੇਂ ਉਹ ਆਪਣੀ ਨਵੀਂ ਵੋਟ ਬਣਵਾ ਸਕਦੇ ਹਨ ਜਾਂ ਕਿਵੇਂ ਵੋਟ ਇਕ ਥਾਂ ਤੋਂ ਦੂਜੇ ਥਾਂ ਤਬਦੀਲ ਕੀਤੀ ਜਾ ਸਕਦੀ ਹੈ।
ਸਵੀਪ ਟੀਮਾਂ ਵੱਲੋਂ ਲੋਕਾਂ ਨੂੰ ਦੱਸਿਆ ਗਿਆ ਕਿ ਕਿਹੜਾ ਫਾਰਮ ਭਰ ਕੇ ਅਤੇ ਕਿਸ ਤਰ੍ਹਾਂ ਦੀ ਚੋਣਾਂ ਸਬੰਧੀ ਸੇਵਾ ਲਈ ਜਾ ਸਕਦੀ ਹੈ।

ਵੋਟਰ ਜਾਗਰੂਕਤਾ ਮੁਹਿੰਮ ਤਹਿਤ ਸਕੂਲਾਂ ਵਿੱਚ ਪੋਸਟਰ ਮੇਕਿੰਗ, ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ।
ਸਰਕਾਰੀ ਹਾਈ ਸਕੂਲ ਪੱਖੋ ਕੇ ਵਿਖੇ ਸਵੀਪ ਗਤੀਵਿਧੀਆਂ ਤਹਿਤ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪਹਿਲਾ ਸਥਾਨ ਸਿਮਰਨ ਕੌਰ ਨੇ, ਦੂਸਰਾ ਸਥਾਨ ਗੁਰਲੀਨ ਕੌਰ ਅਤੇ ਤੀਸਰਾ ਸਥਾਨ ਸਹਿਜਪ੍ਰੀਤ ਕੌਰ ਨੇ ਹਾਸਿਲ ਕੀਤਾ।
ਪੋਸਟਰ ਮੇਕਿੰਗ ਮੁਕਾਬਲੇ ‘ਚ ਪਹਿਲਾ ਸਥਾਨ ਜਸਪ੍ਰੀਤ ਕੌਰ , ਦੂਸਰਾ ਸਥਾਨ ਰਵਿੰਦਰ ਕੌਰ ਅਤੇ ਤੀਸਰਾ ਸਥਾਨ ਗਗਨਪ੍ਰੀਤ ਸਿੰਘ ਨੇ ਹਾਸਿਲ ਕੀਤਾ।

ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਭੋਤਨਾ ਵਿਖੇ ਮਾਪੇ ਮਿਲਣੀ ਮੌਕੇ ਆਏ ਬੱਚਿਆਂ ਦੇ ਮਾਤਾ ਪਿਤਾ ਨੂੰ ਵੋਟਾਂ ਦੌਰਾਨ ਆਪਣੇ ਵੋਟ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ।
ਨਾਲ ਹੀ ਸਕੂਲਾਂ ਅਤੇ ਕਾਲਜਾਂ ਵਿਖੇ ਨੁੱਕੜ ਨਾਟਕ ਵੋਟ ਦੀ ਮਹੱਤਤਾ ਬਾਰੇ ਕਰਵਾਏ ਜਾ ਰਹੇ ਹਨ ਜਿਸ ‘ਚ ਵਿਦਿਆਰਥੀ ਤਾਲਣ ਖਾਨ, ਜਸਪ੍ਰੀਤ ਕੌਰ, ਰਾਜਵੀਰ ਕੌਰ, ਸੁਖਪ੍ਰੀਤ ਕੌਰ, ਮਨਦੀਪ ਕੌਰ ਨੇ ਪ੍ਰਦਰਸ਼ਨ ਕੀਤਾ।
ਚਾਰਟ ਮੁਕਾਬਲੇ ‘ਚ ਪਹਿਲਾ ਸਥਾਨ ਮਨਤਸ਼ਾ ਚੌਧਰੀ, ਦੂਸਰਾ ਸਥਾਨ ਛਾਇਆਦੀਪ ਕੌਰ ਅਤੇ ਤੀਸਰਾ ਸਥਾਨ ਸਬਨਪ੍ਰੀਤ ਕੌਰ ਨੇ ਹਾਸਿਲ ਕੀਤਾ।

ਇਸੇ ਤਰ੍ਹਾਂ ਸਲੋਗਨ ਮੁਕਾਬਲਿਆਂ ‘ਚ ਪਹਿਲਾ ਸਥਾਨ ਸੁਖਪ੍ਰੀਤ ਕੌਰ, ਦੂਸਰਾ ਸਥਾਨ ਰਮਨਦੀਪ ਕੌਰ ਅਤੇ ਤੀਸਰਾ ਸਥਾਨ ਅਰਸ਼ਪ੍ਰੀਤ ਕੌਰ ਨੇ ਹਾਸਿਲ ਕੀਤਾ ।
Posted By SonyGoyal