ਸਿਰਫ ਇਕ ਦਿਨ ਨਹੀਂ ਸਗੋਂ ਹਰ ਦਿਨ ਮਹਿਲਾ ਦਿਵਸ ਮਨਾਇਆ ਜਾਵੇ – ਮੇਅਰ ਕੁੰਦਨ ਗੋਗੀਆ
ਹੱਕ ਸੱਚ ਦੀ ਬਾਣੀ
ਪਟਿਆਲਾ 9 ਮਾਰਚ (ਮਨਿੰਦਰ ਸਿੰਘ) ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਵਿੱਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਚੌਥਾ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿੱਥੇ ਸ਼ਾਹੀ ਸ਼ਹਿਰ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਸਿੱਖਿਆ, ਸਿਹਤ,ਸੰਗੀਤ,ਸਾਹਿਤ ,ਕਲਾ, ਸਮਾਜ ਸੇਵਾ,ਖੇਡਾਂ ਅਤੇ ਵਿਗਿਆਨ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ 37 ਧੀਆਂ ਤੇ ਔਰਤਾਂ ਦਾ ਸਨਮਾਨ ਕੀਤਾ ਗਿਆ ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਮਹਿਲਾ ਦਿਵਸ ਸਾਨੂੰ ਯਾਦ ਦਿਲਾਉਂਦਾ ਹੈ ਕਿ ਮਹਿਲਾਵਾਂ ਦੀ ਆਜ਼ਾਦੀ, ਉਨ੍ਹਾਂ ਦੇ ਹੱਕ ਅਤੇ ਉਨ੍ਹਾਂ ਦੀ ਸੁਣਵਾਈ ਲਈ ਹੋਰ ਕੋਸ਼ਿਸ਼ਾਂ ਦੀ ਲੋੜ ਹੈ। ਜਿੱਥੇ ਔਰਤਾ ਨੇ ਦੇਸ਼ ਦੀ ਆਨ-ਸ਼ਾਨ ਵਧਾਈ ਹੈ, ਉੱਥੇ ਅਜੇ ਵੀ ਕੁਝ ਥਾਵਾਂ ਤੇ ਔਰਤਾ ਨੂੰ ਬਰਾਬਰਤਾ ਨਹੀ ਦਿੱਤੀ ਜਾਂਦੀ। ਸਮਾਜ ਦੇ ਹਰੇਕ ਵਰਗ ਨੂੰ ਮਿਲ ਕੇ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਇਕ ਨਵਾਂ ਭਵਿੱਖ ਨਿਰਮਾਣ ਕਰ ਸਕੀਏ। ਮੇਅਰ ਨੇ ਕਿਹਾ ਕਿ ਭਾਵੇਂ ਹਰ ਸਾਲ 8 ਮਾਰਚ ਨੂੰ ਮਹਿਲਾ ਦਿਵਸ ਮਨਾ ਕੇ ਔਰਤਾਂ ਨੂੰ ਸਮਾਜ ‘ਚ ਮਾਣ-ਸਤਿਕਾਰ ਦਿੱਤਾ ਜਾਂਦਾ ਹੈ ਪਰ ਅੱਜ ਵੀ ਔਰਤਾਂ ਸਮਾਜ ਤੋਂ ਅਲੱਗ-ਥਲੱਗ ਮਹਿਸੂਸ ਕਰ ਰਹੀਆਂ ਹਨ। ਜਦੋਂ ਕਿ ਉਹ ਇਕ ਮਾਰਗ ਦਰਸ਼ਕ, ਇਕ ਧੀ, ਇਕ ਭੈਣ, ਇਕ ਪਤਨੀ ਅਤੇ ਸਭ ਤੋਂ ਵੱਧ ਇਕ ਮਾਂ ਹੈ। ਉਨ੍ਹਾ ਸਮਾਜ ਨੂੰ ਸਾਲ ‘ਚ ਸਿਰਫ ਇਕ ਦਿਨ ਨਹੀਂ ਸਗੋਂ ਹਰ ਦਿਨ ਮਹਿਲਾ ਦਿਵਸ ਮਨਾਉਣ ‘ਤੇ ਜ਼ੋਰ ਦਿੱਤਾ ਹੈ।