ਬਰਨਾਲਾ, 05 ਸਤੰਬਰ ( ਮਨਿੰਦਰ ਸਿੰਘ )
- ਵਿਦਿਆਰਥਣ ਨੇ ਡਿਪਟੀ ਕਮਿਸ਼ਨਰ ਨਾਲ ਬਿਤਾਇਆ ਦਿਨ, ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਬਾਰੇ ਹਾਸਲ ਕੀਤੀ ਜਾਣਕਾਰੀ

ਵਾਤਾਵਰਣ ਬਚਾਉਣ ਵਿੱਚ ਨੌਜਵਾਨੀ ਦੀ ਸਭ ਤੋਂ ਵੱਡੀ ਭੂਮਿਕਾ ਹੈ, ਕਿਉੰਕਿ ਨੌਜਵਾਨ ਵਾਤਾਵਰਨ ਸੰਭਾਲ ਵਿੱਚ ਮਾਰਗ ਦਰਸ਼ਨ ਵਜੋਂ ਸਾਬਿਤ ਹੋ ਸਕਦੇ ਹਨ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਸੈਕਰਡ ਹਾਰਟ ਕੌਨਵੈਂਟ ਸਕੂਲ ਬਰਨਾਲਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਪ੍ਰਿਸ਼ਾ ਜੈਨ ਨਾਲ ਮੁਲਾਕਾਤ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵਲੋਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਸੇਧ ਦੇਣ ਅਤੇ ਉਨ੍ਹਾਂ ਨੂੰ ਸਰਕਾਰੀ ਕਾਰ-ਵਿਹਾਰ ਤੋਂ ਜਾਣੂੰ ਕਰਵਾਉਣ ਦੇ ਮਕਸਦ ਨਾਲ ਵਿਦਿਆਰਥਣ ਨਾਲ ਇਹ ਮੁਲਾਕਾਤ ਕੀਤੀ ਤੇ ਕਿਹਾ ਕਿ ਅਜਿਹੀਆਂ ਮੁਲਾਕਾਤਾਂ ਆਉਂਦੇ ਸਮੇਂ ਵਿੱਚ ਵੀ ਵਿਦਿਆਰਥੀਆਂ ਨਾਲ ਕੀਤੀਆਂ ਜਾਣਗੀਆਂ।
ਪਲਾਸਟਿਕ ਕੂੜੇ ਦੇ ਮੁੱਦੇ ‘ਤੇ ਗੱਲ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਕਲੌਤਾ ਵਿਅਕਤੀ ਵੀ ਵੱਡੀ ਤਬਦੀਲੀ ਲਿਆ ਸਕਦਾ ਹੈ। ਉਨ੍ਹਾਂ ਪ੍ਰਿਸ਼ਾ ਜੈਨ ਨੂੰ ਆਪਣੇ ਘਰ ਤੋਂ ਸ਼ੁਰੂ ਕਰਕੇ ਆਂਢ-ਗੁਆਂਢ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ ਵੱਖ ਰੱਖਣ ਬਾਰੇ ਜਾਗਰੂਕ ਕਰਨ ਉੱਤੇ ਜ਼ੋਰ ਦਿੱਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੁਹਿੰਮ ਨਾਲ ਉਹ ਆਪਣੇ ਜਮਾਤੀਆਂ ਨੂੰ ਵੀ ਜੋੜੇ। ਇਸ ਛੋਟੇ ਉਪਰਾਲੇ ਨਾਲ ਵਾਤਵਰਣ ਸੰਭਾਲ ਵਿੱਚ ਵੱਡਾ ਯੋਗਦਾਨ ਪਾਇਆ ਜਾ ਸਕੇਗਾ।
ਇਸ ਮੌਕੇ ਮੈਡਮ ਪੂਨਮਦੀਪ ਕੌਰ ਨੇ ਪ੍ਰਿਸ਼ਾ ਨੂੰ ਆਪਣੇ ਸੁਪਨਿਆਂ ਪਿੱਛੇ ਮਿਹਨਤ ਕਰਨ ਦੀ ਸਲਾਹ ਦਿੱਤੀ ਅਤੇ ਆਪਣਾ ਆਈਏਐੱਸ ਬਣਨ ਦਾ ਸਫ਼ਰ ਸਾਂਝਾ ਕੀਤਾ ਤੇ ਆਪਣੀ ਦੱਖਣੀ ਕੋਰੀਆ ਦੀ ਟ੍ਰੇਨਿੰਗ ਦਾ ਵੀ ਜ਼ਿਕਰ ਕੀਤਾ।

ਉਨ੍ਹਾਂ ਕਿਹਾ ਕਿ ਆਈਏਐੱਸ ਬਣਨ ਤੋਂ ਪਹਿਲਾਂ ਇਕ ਚੰਗਾ ਇਨਸਾਨ ਬਣਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਕੰਮਕਾਜ, ਜ਼ਿੰਮੇਵਾਰੀਆਂ, ਪ੍ਰੋਜੈਕਟਾਂ ਆਦਿ ਬਾਰੇ ਵਿਦਿਆਰਥਣ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥਣ ਪ੍ਰਿਸ਼ਾ ਦੀ ਅਧਿਆਪਕ ਸ੍ਰੀਮਤੀ ਬੀਨੂੰ ਧਵਨ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀਮਤੀ ਮੇਘਾ ਮਾਨ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨਵਜੋਤ ਕੌਰ ਸੰਧੂ ਵੀ ਹਾਜ਼ਰ ਸਨ।
Posted By Sony Goyal