ਬਰਨਾਲਾ 03 ਸਤੰਬਰ ( ਮਨਿੰਦਰ ਸਿੰਘ )
ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਪਰਲ ਕੰਪਨੀ ਦੇ 25 ਲੱਖ ਨਿਵੇਸ਼ਕਾਂ ਨਾਲ ਹੋਈ ਠੱਗੀ ਦੇ ਪੈਸੇ ਵਾਪਸ ਕਰਵਾਉਣ ਦੀ ਮੰਗ ਨੂੰ ਵਿਧਾਨ ਸਭਾ ਵਿੱਚ ਚੁੱਕਿਆ ਗਿਆ।
ਉਨਾਂ ਮਾਣਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਪੰਜਾਬ ਦੇ 25 ਲੱਖ ਪਰਿਵਾਰਾਂ ਵੱਲੋਂ ਤਕਰੀਬਨ 8 ਤੋਂ 10 ਹਜ਼ਾਰ ਕਰੋੜ ਰੁਪਏ ਸਵ. ਨਿਰਮਲ ਸਿੰਘ ਭੰਗੂ ਦੀ ਮਾਲਕੀ ਵਾਲੀ ਪਰਲ ਕੰਪਨੀ ਵਿੱਚ ਨਿਵੇਸ਼ ਕੀਤੇ ਗਏ ਸਨ ਅਤੇ ਉਕਤ ਕੰਪਨੀ ਫਰਾਡ ਨਿਕਲੀ ,
ਜਿਸ ਨਾਲ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਦੀ ਸਾਰੀ ਉਮਰ ਦੀ ਮਿਹਨਤ ਦੀ ਕਮਾਈ ਇਸ ਕੰਪਨੀ ਵਿੱਚ ਫਸ ਗਈ ਅਤੇ ਕਿਰਪਾ ਕਰਕੇ ਇਹਨਾਂ ਗਰੀਬ ਤੇ ਮੱਧ ਵਰਗੀ ਨਿਵੇਸ਼ਕਾਂ ਦੇ ਪੈਸੇ ਜਲਦ ਤੋਂ ਜਲਦ ਵਾਪਸ ਕਰਵਾਏ ਜਾਣ।
ਵਿਧਾਇਕ ਉੱਗੋਕੇ ਨੇ ਕਿਹਾ ਕਿ ਇਸ ਕੰਪਨੀ ਵੱਲੋਂ ਪੂਰੇ ਭਾਰਤ ਦੇ ਤਕਰੀਬਨ ਪੰਜ ਹਜ਼ਾਰ ਲੱਖ ਪਰਿਵਾਰਾਂ ਨਾਲ 49 ਹਜ਼ਾਰ ਕਰੋੜ ਰੁਪਏ ਦੀ ਠੱਗੀ ਕੀਤੀ ਗਈ ਹੈ ਅਤੇ ਇਸ ਕੰਪਨੀ ਦੀ ਪੂਰੇ ਭਾਰਤ ਵਿੱਚ ਇਸ ਤੋਂ ਦਸ ਗੁਣਾ ਜ਼ਿਆਦਾ ਰਕਮ ਦੀ ਸੰਪਤੀ ਮੌਜੂਦ ਹੈ ਅਤੇ ਪਰਲ ਕੰਪਨੀ ਦੇ ਨਿਵੇਸ਼ਕਾਂ ਨੂੰ ਉਪਰੋਕਤ ਸੰਪਤੀ ਵੇਚ ਕੇ ਉਹਨਾਂ ਦੇ ਖ਼ੂਨ ਪਸੀਨੇ ਦੀ ਕਮਾਈ ਵਾਪਸ ਕੀਤੀ ਜਾਵੇ।
Posted By SonyGoyal