ਬਰਨਾਲਾ, 28 ਮਈ ( ਸੋਨੀ ਗੋਇਲ)

ਜ਼ਿਲ੍ਹਾ ਬਰਨਾਲਾ ਦੇ ਟੌਪਰਾਂ ਨੇ ਡੀ.ਸੀ., ਐਸ.ਐਸ.ਪੀ. ਨਾਲ ਬਿਤਾਇਆ ਦਿਨ

ਵਿਦਿਆਰਥੀਆਂ ਨੇ ਸਰਕਾਰੀ ਦਫਤਰਾਂ ਦਾ ਕੰਮ-ਕਾਜ ਵੇਖਿਆ

ਦਸਵੀਂ ਅਤੇ ਬਾਰਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਅੱਵਲ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਅੱਜ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਅਤੇ ਐਸ.ਐਸ.ਪੀ. ਮੁਹੰਮਦ ਸਰਫਰਾਜ਼ ਆਲਮ ਨਾਲ ਅੱਜ ਦਾ ਦਿਨ ਬਿਤਾਇਆ।

ਵਿਦਿਆਰਥੀਆਂ ਨੇ ਆਪਣੇ ਦਿਨ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਨਾਸ਼ਤਾ ਕਰਕੇ ਕੀਤੀ।

ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਵੇਂ ਜਨਤਕ ਛੁੱਟੀਆਂ ਅਤੇ ਐਮਰਜੈਂਸੀ ਵਾਲੇ ਦਿਨਾਂ ਵਿੱਚ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੂੰ ਕੰਟਰੋਲ ਰੂਮ ਦੇ ਨਾਲ-ਨਾਲ ਦਫ਼ਤਰ ਦੇ ਰੂਪ ‘ਚ ਵਰਤਿਆ ਜਾਂਦਾ ਹੈ ਅਤੇ ਕੰਮ ਕੀਤਾ ਜਾਂਦਾ ਹੈ।

ਨਾਸ਼ਤੇ ਦੌਰਾਨ ਉਨ੍ਹਾਂ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਕਿ ਕਿਵੇਂ ਉਨ੍ਹਾਂ ਨੇ ਆਈ.ਆਈ.ਟੀ. ਗ੍ਰੈਜੂਏਟ ਹੋਣ ਤੋਂ ਲੈ ਕੇ ਸਿਵਿਲ ਸੇਵਾਵਾਂ ਪ੍ਰੀਖਿਆ ਪਾਸ ਕਰਨ ਅਤੇ ਫੇਰ ਆਈ. ਏ. ਐੱਸ ਬਣਨ ਤੱਕ ਦਾ ਸਫ਼ਰ ਕੀਤਾ।

ਇਸ ਤੋਂ ਬਾਅਦ ਡੀ ਸੀ ਦਫਤਰ ਵਿਖੇ ਵਿਦਿਆਰਥੀ ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਦੀ ਪ੍ਰਧਾਨਗੀ ਹੇਠ ਹੋਈ ਜਨਤਕ ਸ਼ਿਕਾਇਤਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਏ।

ਇਸ ਮੀਟਿੰਗ ਵਿੱਚ ਸਮੂਹ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਜਨਤਕ ਸ਼ਿਕਾਇਤਾਂ ਦੇ ਮੁੱਦੇ, ਜਨਤਕ ਸਮੱਸਿਆਵਾਂ ਨੂੰ ਪ੍ਰਕਾਸ਼ਿਤ ਕਰਨ ਵਾਲੀਆਂ ਅਖਬਾਰੀ ਰਿਪੋਰਟਾਂ ‘ਤੇ ਕੀਤੀ ਗਈ ਕਾਰਵਾਈ ਅਤੇ ਵੱਖ-ਵੱਖ ਵਿਭਾਗਾਂ ਦੇ ਮੁਕੱਦਮਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

ਵਿਦਿਆਰਥੀਆਂ ਨਾਲ ਗੱਲ ਕਰਦੇ ਹੋਏ ਸ਼੍ਰੀ ਟੀ ਬੈਨਿਥ ਨੇ ਕਿਹਾ ਕਿ ਚੰਗੇ ਨੰਬਰ ਪ੍ਰਾਪਤ ਕਰਕੇ ਬੋਰਡ ਦੇ ਪੇਪਰਾਂ ‘ਚ ਮਿਲੀ ਸਫਲਤਾ ਨੂੰ ਹੀ ਉਹ ਆਪਣਾ ਟੀਚਾ ਨਾ ਸਮਝਣ।

ਉਨ੍ਹਾਂ ਬੱਚਿਆਂ ਨੂੰ ਪ੍ਰੇਰਤ ਕੀਤਾ ਕਿ ਉਹ ਆਪਣੇ ਆਪ ‘ਤੇ ਮਾਣ ਜ਼ਰੂਰ ਮਹਿਸੂਸ ਕਰਨ ਪਰ ਨਾਲ ਹੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੰਗੇ ਅਤੇ ਸੁਰੱਖਿਅਤ ਭਵਿੱਖ ਲਈ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੀਆਂ ਗੱਲਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਡੀਸੀ ਦਫ਼ਤਰ ਦੇ ਬਾਹਰ ਲੱਗੇ ਡਿਸਪਲੇਅ ਬੋਰਡਾਂ ’ਤੇ ਵਿਦਿਆਰਥੀਆਂ ਦੇ ਨਾਂ ਲਗਾਏ ਜਾਣ ਤਾਂ ਜੋ ਹੋਰ ਵਿਦਿਆਰਥੀ ਵੀ ਉਨ੍ਹਾਂ ਤੋਂ ਪ੍ਰੇਰਨਾ ਲੈਣ।

ਇਸ ਮਗਰੋਂ ਵਿਦਿਆਰਥੀਆਂ ਨੇ ਮੁੱਖ ਮੰਤਰੀ ਸਹਾਇਤਾ ਕੇੰਦਰ, ਪ੍ਰਸ਼ਾਸਨਿਕ ਸੁਧਾਰਾਂ ਦੇ ਈ-ਗਵਰਨੈਂਸ ਕੇਂਦਰ, ਡੀ.ਸੀ. ਅਤੇ ਐਸ.ਐਸ.ਪੀ. ਦਫ਼ਤਰਾਂ ਦੀਆਂ ਵੱਖ-ਵੱਖ ਸ਼ਾਖਾਵਾਂ, ਰੁਜ਼ਗਾਰ ਬਿਊਰੋ, ਸੇਵਾ ਕੇਂਦਰ ਅਤੇ ਰੈੱਡ ਕਰਾਸ ਸੁਸਾਇਟੀ ਦਫ਼ਤਰ ਦਾ ਦੌਰਾ ਕੀਤਾ।

ਬਾਅਦ ਵਿੱਚ ਉਨ੍ਹਾਂ ਨੇ ਏਡੀਸੀ (ਜਨਰਲ) ਅਨੁਪ੍ਰਿਤਾ ਜੌਹਲ ਨਾਲ ਵੀ ਗੱਲਬਾਤ ਕੀਤੀ ਅਤੇ ਡੀ.ਸੀ. ਅਤੇ ਐਸ.ਐਸ.ਪੀ. ਨਾਲ ਬਿਤਾਏ ਦਿਨ ਦੇ ਆਪਣੇ ਤਜਰਬੇ ਸਾਂਝੇ ਕੀਤੇ।

10ਵੀਂ ਜਮਾਤ ਵਿਦਿਆਰਥੀਆਂ ਵਿੱਚ ਸਰਵਹਿਤਕਾਰੀ ਸਕੂਲ ਦੇ ਅਮਰਿੰਦਰ ਸਿੰਘ (ਜ਼ਿਲ੍ਹੇ ਵਿੱਚੋਂ ਪਹਿਲਾ ਅਤੇ ਰਾਜ ਵਿੱਚੋਂ 18ਵਾਂ), ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਦੀ ਜਸਮੀਨ ਕੌਰ ਅਤੇ ਸਤਹਿਤਕਾਰੀ ਵਿੱਦਿਆ ਮੰਦਰ ਤੋਂ ਇਸ਼ਾਨ ਸਿੰਗਲਾ (ਦੋਵਾਂ ਨੇ ਜ਼ਿਲ੍ਹੇ ਵਿੱਚੋਂ 21ਵਾਂ ਸਥਾਨ ਪ੍ਰਾਪਤ ਕੀਤਾ) ਸ਼ਾਮਲ ਸਨ।

ਇਨ੍ਹਾਂ ‘ਚ ਕਮਲਦੀਪ ਕੌਰ ਸ਼ਹੀਦ ਜਸ਼ਨਦੀਪ ਸਿੰਘ ਸਰਾ ਸਰਕਾਰੀ ਹਾਈ ਸਕੂਲ ਨੈਣੇਵਾਲ ਦੀ ਵਿਦਿਆਰਥਣ ਜਿਸ ਨੇ ਜ਼ਿਲ੍ਹੇ ‘ਚ ਤੀਜਾ ਅਤੇ ਸੂਬੇ ‘ਚ 22ਵਾਂ ਸਥਾਨ ਪ੍ਰਾਪਤ ਕੀਤਾ, ਵੀ ਹਾਜ਼ਰ ਸੀ।

Leave a Reply

Your email address will not be published. Required fields are marked *