ਸੋਨੀ ਗੋਇਲ ਬਰਨਾਲਾ


ਧਾਰਮਿਕ ਸੰਸਥਾ ਗੁਰੂਦੁਆਰਾ ਸ਼੍ਰੀ ਟਿੱਬੀਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ, ਉਨ੍ਹਾਂ ਦੇ ਸਮੁੱਚੇ ਜੱਥੇ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਰਬਜੀਤ ਸਿੰਘ ਵੱਲੋਂ ਵੰਡੇ ਗਏ ਕੋਟ (ਬਲੇਜ਼ਰ)

ਧਾਰਮਿਕ ਸੰਸਥਾ ਗੁਰੂਦੁਆਰਾ ਸ਼੍ਰੀ ਟਿੱਬੀਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ, ਉਨ੍ਹਾਂ ਦੇ ਸਮੁੱਚੇ ਜੱਥੇ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਰਬਜੀਤ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੱਟੂ, ਜ਼ਿਲ੍ਹਾ-ਬਰਨਾਲਾ ਵਿੱਚ ਪੜ੍ਹਦੇ 356 ਵਿਦਿਆਰਥੀਆਂ ਨੂੰ ਅੱਜ ਠੰਢ ਤੋਂ ਬਚਾਉਣ ਲਈ ਕੋਟ (ਬਲੇਜ਼ਰ) ਵੰਡੇ।

ਸਵੇਰ ਦੀ ਸਭਾ ਦੌਰਾਨ ਕਰਵਾਏ ਗਏ ਸੰਖੇਪ ਸਮਾਗਮ ਦੌਰਾਨ ਉਨ੍ਹਾਂ ਬੱਚਿਆਂ ਨੂੰ ਬਲੇਜ਼ਰ ਵੰਡੇ ਜਿਨ੍ਹਾਂ ਵਿੱਚ 200 ਲੜਕੇ ਅਤੇ 156 ਲੜਕੀਆਂ ਸ਼ਾਮਲ ਹਨ।

ਸਕੂਲ ਦੇ ਪ੍ਰਿੰਸੀਪਲ ਸ. ਕਰਮਜੀਤ ਸਿੰਘ ਰੰਗੀਆਂ ਨੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਅਤੇ ਉਹਨਾਂ ਨਾਲ ਪਹੁੰਚੀ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਰਦੀਆਂ ਦੀ ਰੁੱਤ ਸ਼ੁਰੂ ਹੋ ਚੁੱਕੀ ਹੈ ਅਤੇ ਵਿਦਿਆਰਥੀਆਂ ਨੂੰ ਸਰਦੀਆਂ ਦੇ ਪ੍ਰਕੋਪ ਤੋਂ ਬਚਾਉਣ ਲਈ ਬਾਬਾ ਗੁਰਮੀਤ ਸਿੰਘ ਵੱਲੋਂ ਬਹੁਤ ਵੱਡਾ ਉੱਦਮ ਕੀਤਾ ਗਿਆ ਹੈ।

ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਨੇ ਇਸ ਸਕੂਲ ਵਿੱਚ ਪੜ੍ਹਦੇ ਸਮੂਹ ਵਿਦਿਆਰਥੀਆਂ ਨੂੰ ਕੋਟ (ਬਲੇਜ਼ਰ) ਲੈ ਕੇ ਦਿੱਤੇ ਗਏ ਹਨ, ਜਿਸ ਉੱਪਰ ਤਕਰੀਬਨ ਤਿੰਨ ਲੱਖ ਰੁਪਏ ਖਰਚ ਹੋਏ ਹਨ।

ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਰਬਜੀਤ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਪੂਰਾ ਮਨ ਲਾ ਕੇ ਪੜ੍ਹਾਈ ਕਰਨ ਦੇ ਨਾਲ-ਨਾਲ ਗੁਰੂ ਦੇ ਲੜ ਲੱਗਣ ਲਈ ਵੀ ਪ੍ਰੇਰਿਆ।

ਬਾਬਾ ਗੁਰਮੀਤ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਸਮੂਹ ਵਿਦਿਆਰਥੀਆਂ ਨੂੰ ਬਲੇਜ਼ਰਾਂ ਦੀ ਵੰਡ ਕੀਤੀ ਅਤੇ ਆਸ਼ੀਰਵਾਦ ਦਿੱਤਾ

ਵਿਦਿਆਰਥੀਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਬਾਬਾ ਗੁਰਮੀਤ ਸਿੰਘ ਨੇ ਉਹਨਾਂ ਦੇ ਬੈਠਣ ਲਈ ਟਾਟ ਲੈ ਕੇ ਦੇਣ ਦਾ ਐਲਾਨ ਕੀਤਾ ਅਤੇ ਨਾਲ ਹੀ ਕਿਹਾ ਕਿ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਦਸਤਾਰਾਂ ਵੀ ਗੁਰੂਘਰ ਵੱਲੋਂ ਲੈ ਕੇ ਦਿੱਤੀਆਂ ਜਾਣਗੀਆਂ।

ਸਮਾਗਮ ਦੇ ਅੰਤ ਵਿੱਚ ਪੰਜਾਬੀ ਲੈਕਚਰਾਰ ਸ. ਲਖਵੀਰ ਸਿੰਘ ਧਨੇਸਰ ਨੇ ਬਾਬਾ ਗੁਰਮੀਤ ਸਿੰਘ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।

ਸਮਾਗਮ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਸ. ਰੁਪਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।

ਇਸ ਮੌਕੇ ‘ਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ. ਰਣਜੀਤ ਸਿੰਘ, ਸਕੂਲ ਦਾ ਸਮੁੱਚਾ ਸਟਾਫ ਅਤੇ ਪਿੰਡ ਦੇ ਬਹੁਤ ਸਾਰੇ ਪਤਵੰਤੇ ਵੀ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *