ਬਰਨਾਲਾ, 12 ਨਵੰਬਰ (ਮਨਿੰਦਰ ਸਿੰਘ) : ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ’ਚ ਕਾਂਗਰਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਚੋਣ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚੋਣ ਮੀਟਿੰਗਾਂ\ਰੈਲੀਆਂ ਲਗਾਤਾਰ ਜਾਰੀ ਹਨ। ਇਸੇ ਲੜੀ ਤਹਿਤ ਸੋਮਵਾਰ ਦੇਰ ਸ਼ਾਮ ਚਰਨਜੀਤ ਸਿੰਘ ਚੰਨੀ ਵਲੋਂ ਕਾਲਾ ਢਿੱਲੋਂ ਦੇ ਹੱਕ ’ਚ ਸਥਾਨਕ ਪੱਤੀ ਰੋਡ ਵਿਖੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ‘ਆਪ’ ਸਰਕਾਰ ’ਤੇ ਵਰ੍ਹਦਿਆਂ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਪ੍ਰਤੀ ਖ਼ੁਦ ਕੋਈ ਫ਼ੈਸਲਾ ਲੈਣ ਦੇ ਸਮਰੱਥ ਨਹੀਂ ਹਨ। ਇਸ ਕਾਰਨ ਪੰਜਾਬ ਪ੍ਰਤੀ ਕੋਈ ਵੀ ਫ਼ੈਸਲਾ ਲੈਣਾ ਹੋਵੇ, ਉਹ ਦਿੱਲੀ ਦੀ ਹਾਈਕਮਾਨ ਲੈਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਹਾਈਕਮਾਨ ਦੇ ਹੱਥਾਂ ਦੀ ਸਿਰਫ਼ ਕਠਪੁਤਲੀ ਹਨ, ਜਿੰਨ੍ਹਾਂ ਦਾ ਕੰਮ ਸਿਰਫ਼ ਦਿੱਲੀ ਹਾਈਕਮਾਨ ਦੇ ਹੁਕਮ ਨੂੰ ਮੰਨਣਾ ਹੈ। ਕਾਲੇ ਅੰਗਰੇਜ਼ਾਂ ਦੇ ਰੂਪ ’ਚ ‘ਆਪ’ ਲੋਕਾਂ ਨੂੰ ਲੁੱਟ ਰਹੀ ਹੈ। ਭਗਵੰਤ ਮਾਨ ਤੋਂ ਸਰਕਾਰ ਸੰਭਲ ਨਹੀਂ ਰਹੀ, ਜਿਸ ਕਰਕੇ ਕੇਜਰੀਵਾਲ ਸਰਕਾਰ ਚਲਾ ਰਹੇ ਹਨ, ਜਦਕਿ ਭਗਵੰਤ ਮਾਨ ਸ਼ਾਹੀ ਕੈਦੀ ਹਨ। ਕੇਜਰੀਵਾਲ ਨੇ ਸੀਐੱਮ ਦਫ਼ਤਰ ਸਣੇ ਹਰ ਮੰਤਰੀ ਤੇ ਵਿਧਾਇਕ ਨਾਲ ਇੱਕ-ਇੱਕ ਵਿਅਕਤੀ ਦਿੱਲੀ ਦਾ ਲਗਾ ਦਿੱਤਾ ਹੈ। ਪੰਜਾਬ ਦੇ ਡਿਪਟੀ ਕਮਿਸ਼ਨਰਾਂ ਸਣੇ ਹੋਰ ਉੱਚ ਅਧਿਕਾਰੀ ਵੀ ਮੀਟਿੰਗਾਂ ਕਰਨ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਸਰਕਾਰ ਦੇ ਕੰਮਾਂ ’ਚ ਦਖ਼ਲਅੰਦਾਜ਼ੀ ਕਰ ਰਹੇ ਹਨ, ਜਦਕਿ ਭਗਵੰਤ ਮਾਨ ਚੁੱਪਚਾਪ ਦੇਖ ਰਿਹਾ ਹੈ। ਸ਼ਹੀਦ ਭਗਤ ਸਿੰਘ ਦੀ ਸਹੁੰ ਖਾ ਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਉਨ੍ਹਾਂ ਦੇ ਆਦਰਸ਼ਾਂ ਨੂੰ ਭੁੱਲ ਚੁੱਕੀ ਹੈ। ਚੰਨੀ ਨੇ ਕਿਹਾ ਕਿ ‘ਆਪ’ ਦਾ ਪਹਿਲਾਂ ਵਿਧਾਇਕ ਤੇ ਹੁਣ ਸੰਸਦ ਮੈਂਬਰ ਮੀਤ ਹੇਅਰ ਲੋਕਾਂ ਦੇ ਫ਼ੋਨ ਵੀ ਨਹੀਂ ਚੁੱਕਦਾ ਤੇ ਨਾ ਹੀ ਲੋਕਾਂ ਨੂੰ ਬਰਨਾਲੇ ’ਚ ਮਿਲਦਾ ਹੈ। ਜਦਕਿ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 24 ਘੰਟੇ ਬਰਨਾਲਾ ’ਚ ਹਾਜ਼ਰ ਰਹਿੰਦੇ ਹਨ ਤੇ ਹਰ ਫ਼ੋਨ ਨੂੰ ਤਵੱਜੋ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਨੇ ਆਪਣੇ ਮਿਹਨਤੀ ਵਰਕਰ ਕਾਲਾ ਢਿੱਲੋਂ ਨੂੰ ਟਿਕਟ ਦੇ ਕੇ ਆਪਣਾ ਫ਼ਰਜ਼ ਨਿਭਾਅ ਦਿੱਤਾ ਹੈ, ਹੁਣ ਲੋਕਾਂ ਦੀ ਵਾਰੀ ਹੈ ਕਿ ਉਹ ਕਾਲਾ ਢਿੱਲੋਂ ਨੂੰ ਵਿਧਾਇਕ ਬਣਾ ਕੇ ਆਪਣਾ ਫ਼ਰਜ਼ ਅਦਾ ਕਰਨ। ਉਨ੍ਹਾਂ ਲੋਕਾਂ ਨਾਲ 2027 ’ਚ ਬਣਨ ਜਾ ਰਹੀ ਕਾਂਗਰਸ ਸਰਕਾਰ ਸਮੇਂ ਕਾਲਾ ਢਿੱਲੋਂ ਨੂੰ ਮੰਤਰੀ ਬਣਾਉਣ ਦਾ ਵੀ ਵਾਅਦਾ ਕੀਤਾ।