ਮਨਿੰਦਰ ਸਿੰਘ, ਠੀਕਰੀਵਾਲਾ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਅਤੇ ਇਨਕਲਾਬੀ ਕੇਂਦਰ ਪੰਜਾਬ ਦਾ ਕਾਫ਼ਲਾ ਹੋਇਆ ਸ਼ਾਮਿਲ
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਵਿਰਾਸਤ ਉੱਪਰ ਪਹਿਰਾ ਦਿੰਦਿਆਂ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਡੱਟ ਜਾਵੋ- ਮਨਜੀਤ ਧਨੇਰ
ਸ਼ਹੀਦਾਂ ਦੇ ਸੁਪਨਿਆਂ ਦਾ ਲੁੱਟ, ਜਬਰ ਅਤੇ ਦਾਬੇ ਤੋਂ ਰਹਿਤ ਨਵਾਂ ਸਮਾਜ ਸਿਰਜਣ ਲਈ ਅੱਗੇ ਵਧੋ – ਨਰਾਇਣ ਦੱਤ
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜੀ ਦੇ 90ਵੇਂ ਸ਼ਹੀਦੀ ਦਿਵਸ ਸਮੇਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਾਫ਼ਲਾ ਅਕਾਸ਼ ਗੁੰਜਾਊ ਨਾਹਰੇ ਮਾਰਦਾ ਹੋਇਆ ਸ਼ਾਮਿਲ ਹੋਇਆ।
ਸ਼ਰਧਾਂਜਲੀ ਭੇਂਟ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਸ਼ਹਾਦਤ ਉਸ ਸਮੇਂ ਦੇ ਰਾਜਿਆਂ ਰਜਵਾੜਿਆਂ ਅਤੇ ਅੰਗਰੇਜ਼ ਸਾਮਰਾਜੀਆਂ ਦੇ ਜ਼ੁਲਮਾਂ ਖ਼ਿਲਾਫ਼ ਰੋਹਲੀ ਗ਼ਰਜ਼ ਸੀ।
ਉਸ ਸਮੇਂ ਜ਼ਮੀਨਾਂ ਉੱਪਰ ਰਾਜੇ ਰਜਵਾੜੇ ਡਾਕੇ ਮਾਰਦੇ ਸਨ ਅਤੇ ਹੁਣ ਕਾਰਪੋਰੇਟ ਘਰਾਣੇ ਅਤੇ ਸਾਮਰਾਜੀਆਂ ਦੇ ਦਲਾਲ ਭਾਰਤੀ ਹਾਕਮ ਇਹੋ ਕੁੱਝ ਕਰ ਰਹੇ ਹਨ।
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਹੋ ਕੁੱਝ ਕਰ ਰਹੀ ਹੈ।
ਜ਼ਿਲ੍ਹਾ ਮਾਨਸਾ ਦੇ ਪਿੰਡ ਕੁੱਲਰੀਆਂ ਵਿਖੇ 50 ਸਾਲ ਤੋਂ ਵੀ ਵੱਧ ਸਮੇਂ ਤੋਂ ਕਾਨੂੰਨਨ ਕਾਬਜ਼ ਅਬਾਦਕਾਰ ਕਿਸਾਨਾਂ ਨੂੰ ਗੁੰਡਾ ਸਰਪੰਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀਭੁਗਤ ਨਾਲ ਉਜਾੜ ਰਿਹਾ ਹੈ। 45 ਏਕੜ ਦੇ ਕਰੀਬ ਜ਼ਮੀਨ ਨੂੰ ਸਰਪੰਚ ਦੀ ਗੁੰਡਾ ਢਾਣੀ ਹੜੱਪਣਾ ਚਾਹੁੰਦੀ ਹੈ।
ਧਨੇਰ ਨੇ ਕਿਹਾ ਕਿ ਕੁੱਲਰੀਆਂ ਤੋਂ ਸ਼ੁਰੂਆਤ ਹੈ, ਲੱਖਾਂ ਏਕੜ ਜੁਮਲਾ ਮਾਲਕਿਨ ਜ਼ਮੀਨਾਂ ਦੀ ਜ਼ਮੀਨ ਉੱਪਰ ਅੱਖ ਰੱਖੀ ਹੋਈ ਹੈ।
ਹਰ ਕੁਰਬਾਨੀ ਦੇ ਕੇ ਜ਼ਮੀਨਾਂ ਦੀ ਰਾਖੀ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
26 ਜਨਵਰੀ ਦੇ ਐਸਕੇਐਮ ਦੇ ਸੱਦੇ ਤਹਿਤ ਟਰੈਕਟਰ ਪਰੇਡ ਵਿੱਚ ਹਰ ਘਰ ਤੋਂ ਇੱਕ ਇੱਕ ਸਾਧਨ ਮਾਰਚ ਵਿੱਚ ਸ਼ਾਮਿਲ ਕਰਵਾਉਣ ਦੀ ਅਪੀਲ ਕੀਤੀ।
ਸ਼ਰਧਾਂਜਲੀ ਭੇਂਟ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਜਿਸ ਸਮੇਂ ਪਰਜਾ ਮੰਡਲ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਰਾਜੇ ਰਜਵਾੜਿਆਂ ਦੇ ਲੋਕਾਂ ਉੱਪਰ ਢਾਹੇ ਜਾ ਰਹੇ ਜ਼ੁਲਮਾਂ ਖਿਲਾਫ਼ ਸੰਘਰਸ਼ ਕਰ ਰਹੇ ਸਨ ਤਾਂ ਉਸੇ ਸਮੇਂ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀ ਬਰਤਾਨਵੀ ਹਕੂਮਤ ਦਾ ਫਸਤਾ ਵੱਢ ਕੇ ਨਵਾਂ ‘ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ’ ਕਰਕੇ ਨਵਾਂ ਲੋਕ ਪੱਖੀ ਸਮਾਜ ਸਿਰਜਣ ਲਈ ਸੰਘਰਸ਼ ਚਲਾ ਰਹੇ ਸਨ।
ਅਜਿਹੇ ਸਮਾਜ ਦੀ ਸਿਰਜਣਾ ਕਰਨ ਲਈ ਤਬਕਾਤੀ ਮੰਗਾਂ ਲਈ ਸੰਘਰਸ਼ ਕਰਦਿਆਂ ਚੇਤਨਾ ਦਾ ਪੱਧਰ ਹੋਰ ਵਧੇਰੇ ਉਚੇਚੇ ਪੱਧਰ ਤੇ ਲੈ ਜਾਕੇ ਮਿਹਨਤਕਸ਼ ਲੋਕਾਈ ਨੂੰ ਅੱਗੇ ਆਕੇ ਜਮਾਤੀ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।
ਇਸ ਸਮੇਂ ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ,ਡਾ ਰਜਿੰਦਰ ਪਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ,ਕਾਲਾ ਸਿੰਘ ਜੈਦ, ਸੁਖਵਿੰਦਰ ਸਿੰਘ ਠੀਕਰੀਵਾਲਾ, ਖੁਸਮੰਦਰ ਪਾਲ, ਕੁਲਵੀਰ ਸਿੰਘ ਠੀਕਰੀਵਾਲਾ, ਯਾਦਵਿੰਦਰ ਠੀਕਰੀਵਾਲ, ਕੁਲਵਿੰਦਰ ਠੀਕਰੀਵਾਲਾ, ਅੰਗਰੇਜ਼ ਸਿੰਘ ਰਾਏਸਰ, ਬਲਵੰਤ ਸਿੰਘ ਠੀਕਰੀਵਾਲਾ, ਕੁਲਵੰਤ ਸਿੰਘ ਹੰਢਿਆਇਆ ਆਦਿ ਆਗੂਆਂ ਨੇ ਕੁੱਲਰੀਆਂ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਚੱਲ ਰਹੇ ਸੰਘਰਸ਼ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਕਮੇਟੀ ਵੱਲੋਂ ਮਨਜੀਤ ਧਨੇਰ, ਨਰਾਇਣ ਦੱਤ, ਕੁਲਵੰਤ ਭਦੌੜ ਅਤੇ ਬਾਬੂ ਸਿੰਘ ਖੁੱਡੀਕਲਾਂ ਦਾ ਸਨਮਾਨ ਕੀਤਾ ਗਿਆ।
ਠੀਕਰੀਵਾਲ ਦੀ ਪਿੰਡ ਇਕਾਈ ਵੱਲੋਂ ਅਵਤਾਰ ਸਿੰਘ ਮਾਨ ਅਤੇ ਅਮਨਦੀਪ ਸਿੰਘ ਦੀ ਅਗਵਾਈ ਹੇਠ ਮਾ ਕਰਤਾਰ ਸਿੰਘ ਜੀ ਦੇ ਘਰ ਬਾਹਰਲੇ ਪਿੰਡਾਂ ਤੋਂ ਪਹੁੰਚੇ ਕਾਫ਼ਲਿਆਂ ਲਈ ਚਾਹ, ਪਾਣੀ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ।
Posted By SonyGoyal