ਮਨਿੰਦਰ ਸਿੰਘ, ਬਰਨਾਲਾ
ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦੀਆਂ ਸਿੱਖ ਧਰਮ ਦੇ ਪ੍ਰਚਾਰ, ਸਮਾਜ ਸੁਧਾਰ ਤੇ ਕੌਮੀ ਆਜਾਦੀ ਲਈ ਦਿੱਤੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ: ਸਿਮਰਨਜੀਤ ਸਿੰਘ ਮਾਨ
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਉਨ੍ਹਾਂ ਦੇ 90ਵੇਂ ਸ਼ਹੀਦੀ ਬਰਸੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਬਰਸੀ ਸਮਾਗਮ ਦੌਰਾਨ ਹਾਜਰ ਹੋਈ ਸੰਗਤ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਮ.ਪੀ. ਸ. ਮਾਨ ਨੇ ਕਿਹਾ ਕਿ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦੇਸ਼ ਅਤੇ ਕੌਮ ਦੇ ਅਨਮੋਲ ਹੀਰੇ ਸਨ, ਜਿਨ੍ਹਾਂ ਦੇ ਸਿੱਖ ਧਰਮ ਦੇ ਪ੍ਰਚਾਰ, ਸਮਾਜ ਸੁਧਾਰ ਅਤੇ ਕੌਮੀ ਆਜਾਦੀ ਲਈ ਕੀਤੇ ਸੰਘਰਸ਼ ਅਤੇ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਉਨ੍ਹਾਂ ਦੀ ਸ਼ਹਾਦਤ ਨੂੰ ਅਸੀਂ ਤਹਿ ਦਿਲੋਂ ਸਿੱਜਦਾ ਕਰਦੇ ਹਾਂ।
ਅਨੇਕਾਂ ਸੂਰਮਿਆਂ, ਯੋਧਿਆਂ ਦੀ ਕੁਰਬਾਨੀ ਸਦਕਾ ਬੇਸ਼ੱਕ ਸਾਨੂੰ ਅੰਗਰੇਜਾਂ ਤੋਂ ਤਾਂ ਆਜਾਦੀ ਮਿਲੇ ਨੂੰ ਲੰਬਾ ਸਮਾਂ ਬੀਤ ਗਿਆ ਹੈ ਪਰ ਦੇਸ਼ ਵਿਚਲੀਆਂ ਘੱਟ ਗਿਣਤੀ ਕੌਮਾਂ ਅੱਜ ਵੀ ਬਹੁਗਿਣਤੀ ਵਰਗਾਂ ਦੀਆਂ ਗੁਲਾਮ ਹਨ।
ਅੱਜ ਵੀ ਘੱਟ ਗਿਣਤੀਆਂ ਅਤੇ ਬਹੁ ਗਿਣਤੀਆਂ ਲਈ ਕਾਨੂੰਨ ਵੱਖਰੇ ਵੱਖਰੇ ਹਨ।
ਸਾਡੇ ਦੇਸ਼ ਦੇ ਹੁਕਮਰਾਨ ਸੱਤਾ ‘ਤੇ ਕਬਜਾ ਬਣਾਈ ਰੱਖਣ ਲਈ ਅੱਜ ਵੀ ਅੰਗਰੇਜਾਂ ਵਾਂਗ ਪਾੜੋ ਅਤੇ ਰਾਜ ਕਰੋ ਦੀ ਨੀਤੀ ‘ਤੇ ਚੱਲ ਰਹੇ ਹਨ।
ਬਹੁ ਗਿਣਤੀ ਵਰਗਾਂ ਦੀਆਂ ਵੋਟਾਂ ਹਾਸਲ ਕਰਨ ਲਈ ਘੱਟ ਗਿਣਤੀ ਵਰਗਾਂ ‘ਤੇ ਜੁਲਮ ਕੀਤੇ ਜਾ ਰਹੇ ਹਨ।
ਕੀ ਸਾਡੇ ਸੂਰਮਿਆਂ, ਯੋਧਿਆਂ ਨੇ ਇਹੋ ਆਜਾਦੀ ਲਈ ਕੁਰਬਾਨੀਆਂ ਦਿੱਤੀਆਂ ਸਨ।
ਸ. ਮਾਨ ਨੇ ਕਿਹਾ ਕਿ ਸਾਡੀ ਕੌਮ ਲੰਬੇ ਸਮੇਂ ਗੁਲਾਮੀ ਦਾ ਜੀਵਨ ਬਤੀਤ ਕਰ ਰਹੀ ਹੈ।
ਅਸੀਂ ਕੌਮ ਉਪਰ ਜੁਲਮ ਕਰਨ ਲਈ ਮੁਗਲਾਂ, ਅੰਗਰੇਜਾਂ ਅਤੇ ਦਰਬਾਰ ਸਾਹਿਬ ਉਪਰ ਅਟੈਕ ਕਰਨ ਵਾਲੀ ਇੰਦਰਾ ਗਾਂਧੀ ਸਰਕਾਰ ਨੂੰ ਹਮੇਸ਼ਾ ਯਾਦ ਕਰਦੇ ਹਾਂ ਪਰ ਐਨੇ ਜੁਲਮਾਂ ਅਤੇ ਅੱਤਿਆਚਾਰਾਂ ਦੇ ਬਾਵਜੂਦ ਅਸੀਂ ਸਬਕ ਨਹੀਂ ਸਿੱਖਿਆ।
ਪਤਾ ਨਹੀਂ ਕਿਉਂ ਕੌਮ ਉਪਰ ਅੱਤਿਆਚਾਰ ਕਰਨ ਵਾਲਿਆਂ ਨੂੰ ਹੀ ਫਿਰ ਆਪਣਾ ਨੁੰਮਾਇੰਦਾ ਚੁਣ ਲੈਂਦੇ ਹਾਂ।
ਗੁਰੂ ਸਾਹਿਬ ਨੇ ਸਾਨੂੰ ਰਾਜਭਾਗ ਦੀ ਨਿਸ਼ਾਨੀ ਕਿਰਪਾਨ ਦਿੱਤੀ ਹੈ ਪਰ ਅਸੀਂ ਰਾਜ ਭਾਗ ਨੂੰ ਛੱਡ ਕੇ ਝਾੜੂ ਨੂੰ ਚੁੱਕ ਲਿਆ ਹੈ।
ਸ. ਮਾਨ ਨੇ ਕਿਹਾ ਕਿ ਸਾਰੀਆਂ ਕੌਮਾਂ ਦੀ ਸੰਪੂਰਨ ਆਜਾਦੀ ਅਤੇ ਬਰਾਬਰਤਾ ਦੇ ਰਾਜ ਨੂੰ ਸਥਾਪਿਤ ਕਰਨ ਲਈ ਅੱਜ ਸਾਨੂੰ ਸ. ਸੇਵਾ ਸਿੰਘ ਠੀਕਰੀਵਾਲਾ ਵਰਗੇ ਮਹਾਨ ਯੋਧਿਆਂ ਦੀ ਲੋੜ ਹੈ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਨਿੱਜੀ ਹਿੱਤਾਂ ਨੂੰ ਇੱਕ ਪਾਸੇ ਰੱਖ ਕੇ ਕੌਮੀ ਆਜਾਦੀ ਅਤੇ ਸਮਾਜ ਸੁਧਾਰ ਲਈ ਯਤਨ ਕੀਤੇ ਅਤੇ ਸਫਲ ਵੀ ਹੋਏ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਕੌਮ ਦੇ ਸ਼ਹੀਦਾਂ ਦੇ ਜੀਵਨ ਨੂੰ ਪ੍ਰੇਰਣਾ ਲੈ ਕੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਇੱਕਜੁਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ।
ਇਹੋ ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਜਿਲਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਜਿ਼ਲਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ, ਹਲਕਾ ਮਹਿਲ ਕਲਾਂ ਦੇ ਜਥੇਬੰਦਕ ਸਕ੍ੱਤਰ ਗੁਰਜੰਟ ਸਿੰਘ ਕੱਟੂ, ਸੰਗਰੂਰ ਦੇ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ, ਹਲਕਾ ਧੂਰੀ ਦੇ ਜਥੇਬੰਦਕ ਸਕੱਤਰ ਹਰਬੰਸ ਸਿੰਘ ਸਲੇਮਪੁਰ,ਸੀਨੀਅਰ ਆਗੂ ਵਾਸਵੀਰ ਸਿੰਘ ਭੁੱਲਰ, ਸੁਖਪਾਲ ਸਿੰਘ ਛੰਨਾ, ਗੁਰਮੇਲ ਸਿੰਘ ਕਾਲੇਕੇ, ਓਕਾਂਰ ਸਿੰਘ ਬਰਾੜ, ਸੁਖਚੈਨ ਸਿੰਘ ਸੰਘੇੜਾ, ਬੀਬੀ ਮਨਵੀਰ ਕੌਰ ਰਾਹੀ,ਅਮਰਜੀਤ ਸਿੰਘ ਬਾਦਸ਼ਾਹਪੁਰ, ਗੁਰਦਿੱਤ ਸਿੰਘ ਭਦੌੜ, ਇੰਦਰਜੀਤ ਸਿੰਘ, ਬਲਦੇਵ ਸਿੰਘ ਗੰਗੋਹਰ, ਸਾਧੂ ਸਿੰਘ ਪੇਧਨੀ, ਰਣਜੀਤ ਸਿੰਘ ਜੀਤਾ, ਜੱਸਾ ਸਿੰਘ ਮਾਣਕੀ, ਸੁਖਦੇਵ ਸਿੰਘ, ਬੀਬੀ ਮਨਪ੍ਰੀਤ ਕੌਰ, ਸੁਖਚੈਨ ਸਿੰਘ ਸੰਘੇੜਾ, ਮਨਜੀਤ ਸਿੰਘ ਸੰਘੇੜਾ,ਬਾਬਾ ਬਲਜੀਤ ਸਿੰਘ ਕੈਰੋਂ, ਕਾਲਾ ਉਗੋਕੇ, ਬਿਕਰ ਸਿੰਘ ਚੋਹਾਨ, ਬੀਬੀ ਮਨਜੀਤ ਕੌਰ, ਬੀਬੀ ਮਹਿੰਦਰ ਸਿੰਘ,ਲਾਭ ਸਿੰਘ ਠੀਕਰੀਵਾਲਾ, ਵਾਸਦੇਵ ਸਿੰਘ ਭੁੱਲਰ, ਜਸਵੀਰ ਸਿੰਘ ਬਿੱਲਾ, ਸੁਖਵਿੰਦਰ ਸਿੰਘ ਪੱਪੂ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।
Posted By SonyGoyal