ਸ਼੍ਰੀ ਅੰਮ੍ਰਿਤਸਰ, ਕ੍ਰਿਸ਼ਨ ਸਿੰਘ ਦੁਸਾਂਝ
ਸ਼੍ਰੀ ਸੀਤਾ ਰਾਮ ਆਸ਼ਰਮ ਵਿੱਚ ਆਨੰਦ ਉਤਸਵ ਕੱਲ ਤੋਂ ਲਗਾਤਾਰ 41 ਦਿਨ ਰਾਤ ਦਿਨ ਚਲੇਗਾ ਐਡਵੋਕੇਟ ਸਿਲ੍ਹੀ ਸ਼੍ਰੀ ਰਾਮ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਦੇ ਪ੍ਰਧਾਨ ਸ਼੍ਰੀ ਮੰਗਤ ਰਾਮ ਸਿਲ੍ਹੀ ਐਡਵੋਕੇਟ ਨੇ ਸੁਸਾਇਟੀ ਦੇ ਮੁੱਖ ਦਫਤਰ ਗੋਲਡਨ ਐਵੀਨਿਊ, ਹੈਡ ਵਾਟਰ ਵਰਕਸ ਰੋਡ ਅੰਮ੍ਰਿਤਸਰ ਤੋਂ ਜਾਰੀ ਬਿਆਨ ਵਿੱਚ ਕਿਹਾ ਕਿ ਅਯੁੱਧਿਆ ਧਾਮ ਵਿਖੇ ਸ਼੍ਰੀ ਰਾਮ ਜਨਮ ਭੂਮੀ ਵਿੱਚ ਬਣੇ ਸ਼੍ਰੀ ਰਾਮ ਮੰਦਿਰ ਵਿੱਚ ਪ੍ਰਭੂ ਸ਼੍ਰੀ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਪੂਰੇ ਵਿਸ਼ਵ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ।
ਪੂਰੇ ਭਾਰਤ ਵਿੱਚ ਹਰ ਗਲੀ, ਮੁਹੱਲੇ, ਬਾਜ਼ਾਰ, ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਮਹਾਂ ਉਤਸਵ ਦਾ ਮਾਹੌਲ ਹੈ।
ਸ਼੍ਰੀ ਸਿਲ੍ਹੀ ਜੀ ਨੇ ਦੱਸਿਆ ਕਿ ਇਸ ਮਹਾਂ ਉਤਸਵ ਨੂੰ ਸਾਰੇ ਭਾਰਤ ਵਿੱਚ ਸਾਰੇ ਮੰਦਿਰਾਂ ਵਿੱਚ ਵੱਖ-ਵੱਖ ਤਰੀਕਿਆਂ ਨਾਲ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਪੂਰੇ ਭਾਰਤ ਵਿੱਚ ਸਾਰੇ ਮੰਦਿਰਾਂ ਅਤੇ ਧਾਮਾਂ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਹਨ।
ਸ਼੍ਰੀ ਸਿਲ੍ਹੀ ਜੀ ਨੇ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਜੀ ਦੀ ਅਪਾਰ ਕ੍ਰਿਪਾ ਨਾਲ ਤੇ ਸਵਾਮੀ ਸ਼੍ਰੀ ਪੰਕਜ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਮਹੰਤ ਸ਼੍ਰੀ ਬਾਲਕ ਦਾਸ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਸਾਰੇ ਸਿਲ੍ਹੀ ਪਰਿਵਾਰ ਵੱਲੋਂ ਇਸ ਖੁਸ਼ੀ ਦੇ ਮੌਕੇ ਤੇ ਸ਼੍ਰੀ ਸੀਤਾ ਰਾਮ ਆਸ਼ਰਮ ਵਿੱਚ ਕੱਲ ਤੋਂ ਲਗਾਤਾਰ 41 ਦਿਨ ਰਾਤ ਦਿਨ ਆਨੰਦ ਉਤਸਵ ਮਨਾਇਆ ਜਾ ਰਿਹਾ ਹੈ।
ਸ਼੍ਰੀ ਸਿਲ੍ਹੀ ਜੀ ਨੇ ਦੱਸਿਆ ਕਿ ਸ਼੍ਰੀ ਅਯੁੱਧਿਆ ਧਾਮ ਤੋਂ ਸੰਕੀਰਤਨ ਮੰਡਲੀ ਸ਼੍ਰੀ ਸੀਤਾ ਰਾਮ ਆਸ਼ਰਮ ਪਹੁੰਚ ਚੁੱਕੀ ਹੈ। ਇਹ ਸੰਕੀਰਤਨ ਮੰਡਲੀ 21 ਦਸੰਬਰ ਨੂੰ ਪੂਜਾ ਅਰਚਨਾ ਤੋਂ ਬਾਅਦ ਸ੍ਰੀ ਸੀਤਾ ਰਾਮ ਨਾਮ ਅਖੰਡ ਸੰਕੀਰਤਨ ਯੱਗ ਰਾਹੀਂ ਆਨੰਦ ਉਤਸਵ ਦੀ ਸ਼ੁਰੂਆਤ ਕਰੇਗੀ। ਇਹ ਸ਼੍ਰੀ ਸੀਤਾ ਰਾਮ ਨਾਮ ਅਖੰਡ ਸੰਕੀਰਤਨ ਯੱਗ 1 ਫਰਵਰੀ 2024 ਤੱਕ ਦਿਨ ਰਾਤ ਜਾਰੀ ਰਹੇਗਾ। ਸ਼੍ਰੀ ਸਿਲ੍ਹੀ ਜੀ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਬਹੁਤ ਕਿਸਮਤ ਵਾਲੇ ਹਾਂ ਜੋ ਇਹ ਸ਼ੁਭ ਦਿਨ ਅਸੀਂ ਪ੍ਰਭੂ ਸ਼੍ਰੀ ਰਾਮ ਜੀ ਦੀ ਅਪਾਰ ਕ੍ਰਿਪਾ ਨਾਲ ਆਪਣੀ ਜ਼ਿੰਦਗੀ ਵਿੱਚ ਦੇਖ ਰਹੇ ਹਾਂ। ਇਸ ਲਈ ਹਰ ਕਿਸੇ ਨੂੰ ਹਰ ਘਰ, ਗਲੀ, ਮੰਦਿਰ, ਆਸ਼ਰਮ ਵਿੱਚ ਹਰ ਰੋਜ਼ ਸੀਤਾ ਰਾਮ ਸੀਤਾ ਰਾਮ ਦੇ ਮਹਾਮੰਤਰ ਦਾ ਜਾਪ ਕਰਕੇ ਇਸ ਮਹਾਂਉਤਸਵ ਨੂੰ ਆਨੰਦ ਉਤਸਵ ਵਜੋਂ ਮਨਾਉਣਾ ਚਾਹੀਦਾ ਹੈ।
ਕਲਯੁੱਗ ਦੇ ਇਸ ਸਮੇਂ ਵਿੱਚ ਸੀਤਾ ਰਾਮ ਨਾਮ ਦਾ ਇਹ ਮਹਾਮੰਤਰ ਹੀ ਜੀਵ ਦੀ ਸਹਾਇਤਾ ਕਰਦਾ ਹੈ।
ਇਸ ਮਹਾਮੰਤਰ ਦੇ ਨਿਰੰਤਰ ਜਾਪ ਨਾਲ ਭਗਵਾਨ ਸ਼੍ਰੀ ਰਾਮ ਜੀ ਬਹੁਤ ਪ੍ਰਸੰਨ ਹੋ ਜਾਂਦੇ ਹਨ ਅਤੇ ਸ਼ਰਧਾਲੂ ਭਗਵਾਨ ਸ਼੍ਰੀ ਰਾਮ ਜੀ ਦੀ ਅਪਾਰ ਕਿਰਪਾ ਅਤੇ ਭਗਤੀ ਬਹੁਤ ਹੀ ਜਲਦੀ ਪ੍ਰਾਪਤ ਕਰਦੇ ਹਨ।
ਸ਼੍ਰੀ ਸਿਲ੍ਹੀ ਜੀ ਤੇ ਮਹੰਤ ਸ਼੍ਰੀ ਬਾਲਕ ਦਾਸ ਜੀ ਨੇ ਸਮੂਹ ਇਲਾਕੇ ਦੇ ਪ੍ਰਭੂ ਭਗਤਾਂ ਨੂੰ ਕਿਹਾ ਕਿ ਉਹ ਇਸ ਆਨੰਦ ਉਤਸਵ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣਾ ਜੀਵਨ ਸਫਲ ਕਰਨ।