- ਵੋਟਾਂ ਬਨਾਉਣ ਸਮੇਂ ਪੇਸ਼ ਆਉਣ ਵਾਲੀਆਂ ਦਿੱਕਤਾ ਬਾਰੇ ਵੀ ਕਰਵਾਇਆ ਜਾਣੂ
14 ਨਵੰਬਰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ਮੁਤਾਬਿਕ ਅੱਜ ਸ਼੍ਰੋਮਣੀ ਅਕਾਲੀ ਦਲ (ਅ) ਦੀ ਜ਼ਿਲ੍ਹਾ ਜਥੇਬੰਦੀ ਬਰਨਾਲਾ ਵੱਲੋਂ ਐਸ.ਜੀ.ਪੀ.ਸੀ. ਚੋਣਾਂ ਦੇ ਮੁੱਖ ਚੋਣ ਕਮਿਸ਼ਨਰ ਜਸਟਿਸ ਐਸ.ਐਸ. ਸਾਰੋਂ ਦੇ ਨਾਮ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਸੌਂਪ ਕੇ ਵੋਟਾਂ ਬਨਾਉਣ ਦੀ ਤਾਰੀਖ 15 ਨਵੰਬਰ ਤੋਂ ਅੱਗੇ ਵਧਾਉਣ ਦੀ ਮੰਗ ਕੀਤੀ ਗਈ | ਇਸਦੇ ਨਾਲ ਹੀ ਆਗੂਆਂ ਵੱਲੋਂ ਵੋਟਾਂ ਬਨਾਉਣ ਸਮੇਂ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਵੀ ਜਾਣੂ ਕਰਵਾਇਆ ਗਿਆ | ਪਾਰਟੀ ਵੱਲੋਂ ਮੰਗ ਪੱਤਰ ਸੌਂਪਣ ਲਈ ਪਹੁੰਚੇ ਵਫਦ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ. ਦਰਸ਼ਨ ਸਿੰਘ ਮੰਡੇਰ, ਮੀਤ ਪ੍ਰਧਾਨ ਓਕਾਂਰ ਸਿੰਘ ਬਰਾੜ, ਜੱਸਾ ਸਿੰਘ ਮਾਣਕੀ, ਜਸਵੀਰ ਸਿੰਘ, ਗੁਰਜੀਤ ਸਿੰਘ ਸ਼ਹਿਣਾ, ਕੁਲਦੀਪ ਸਿੰਘ ਕਾਲਾ ਉਗੋਕੇ, ਮਹਿੰਦਰ ਸਿੰਘ ਸਹਿਜੜਾ, ਕਾਕਾ ਸਿੰਘ ਕੱਟੂ, ਜਸਵੰਤ ਸਿੰਘ ਨੰਬਰਦਾਰ ਸੰਧੂ ਪੱਤੀ ਸਮੇਤ ਹੋਰ ਆਗੂ ਅਤੇ ਵਰਕਰ ਵੀ ਹਾਜਰ ਸਨ | ਮੰਗ ਪੱਤਰ ਵਿੱਚ ਆਗੂਆਂ ਨੇ ਦੱਸਿਆ ਕਿ ਇਸ ਸਮੇਂ ਮੰਡੀਆਂ ਅਤੇ ਫਸਲਾਂ ਦੀ ਸਾਂਭ ਸੰਭਾਲ ਦਾ ਸੀਜਨ ਚੱਲ ਰਿਹਾ ਹੈ, ਜਿਸ ਕਰਕੇ ਜਿਆਦਾਤਰ ਪਿੰਡਾਂ ਦੇ ਲੋਕ ਬਹੁਤ ਰੁਝੇਵੇਂ ਵਿੱਚ ਹਨ ਅਤੇ ਵੱਡੀ ਗਿਣਤੀ ਲੋਕ ਵੋਟਾਂ ਬਨਵਾਉਣ ਤੋਂ ਵਾਂਝੇ ਰਹਿ ਗਏ ਹਨ | ਇਸ ਲਈ ਵੋਟਾਂ ਬਨਾਉਣ ਦੀ ਅੰਤਿਮ ਮਿਤੀ 15 ਨਵੰਬਰ ਤੋਂ ਘੱਟੋਂ ਘੱਟ 2 ਮਹੀਨੇ ਅੱਗੇ ਵਧਾਈ ਜਾਵੇ |ਆਗੂਆਂ ਨੇ ਦੱਸਿਆ ਕਿ ਘਰ-ਘਰ ਜਾ ਕੇ ਵੋਟਾਂ ਬਨਾਉਣ ਦੇ ਪੁਖਤਾ ਪ੍ਰਬੰਧ ਅਤੇ ਪ੍ਰਚਾਰ ਦੀ ਘਾਟ ਕਰਕੇ ਵੋਟਰਾਂ ਦਾ ਸੰਪਰਕ ਵੋਟਾਂ ਬਨਾਉਣ ਵਾਲੇ ਅਧਿਕਾਰੀਆਂ ਨਾਲ ਨਹੀਂ ਹੋ ਪਾ ਰਿਹਾ | ਵੋਟਾਂ ਬਨਾਉਣ ਵਾਲੇ ਅਧਿਕਾਰੀਆਂ ਅਤੇ ਸਬੰਧਤ ਅਮਲੇ ਵੱਲੋਂ ਹਦਾਇਤ ਕੀਤੀ ਜਾ ਰਹੀ ਹੈ ਕਿ ਹਰ ਵੋਟਰ ਆਪਣਾ ਫਾਰਮ ਖੁਦ ਜਮਾਂ ਕਰਵਾਏ, ਜਦੋਂਕਿ ਅਮਲੀ ਰੂਪ ਵਿੱਚ ਇਹ ਸੰਭਵ ਨਹੀਂ ਹੈ, ਕਿਉਂਕਿ ਫਸਲਾਂ ਦੀ ਸਾਂਭ ਸੰਭਾਲ ਦਾ ਸੀਜਨ ਹੋਣ ਕਰਕੇ ਪਰਿਵਾਰਾਂ ਦੇ ਪਰਿਵਾਰ ਕੰਮਕਾਰ ਵਿੱਚ ਜੁਟੇ ਹਨ, ਅਜਿਹੇ ਵਿੱਚ ਪਰਿਵਾਰ ਦਾ ਇੱਕ ਮੈਂਬਰ ਸਮਾਂ ਕੱਢ ਕੇ ਸਾਰਿਆਂ ਦੇ ਫਾਰਮ ਜਮਾਂ ਕਰਵਾਉਣ ਆਉਂਦਾ ਹੈ ਤਾਂ ਸਬੰਧਤ ਅਮਲੇ ਵੱਲੋਂ ਫਾਰਮ ਜਮਾਂ ਨਹੀਂ ਕਰਵਾਏ ਜਾਂਦੇ | ਇਸ ਲਈ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਜਾਵੇ ਕਿ ਪਿੰਡ ਦਾ ਪਤਵੰਤਾ ਵਿਅਕਤੀ ਜਾਂ ਪਰਿਵਾਰ ਦਾ ਮੁਖੀ ਜੇਕਰ ਵੋਟਾਂ ਜਮਾਂ ਕਰਵਾਉਣ ਆਉਂਦਾ ਹੈ ਤਾਂ ਉਹ ਫਾਰਮ ਮੰਜੂਰ ਕੀਤੇ ਜਾਣ | ਜਿਸ ਤਰ੍ਹਾਂ ਅਸੈਂਬਲੀ ਵੋਟਾਂ ਬਨਾਉਣ ਸਮੇਂ ਜਿਆਦਾ ਤੋਂ ਜਿਆਦਾ ਅਮਲਾ ਵੋਟ ਬਨਾਉਣ ਦੀ ਪ੍ਰਕਿਰਿਆ ਵਿੱਚ ਤੈਨਾਤ ਕਰਕੇ ਘਰ-ਘਰ ਜਾ ਕੇ ਅਤੇ ਕੈਂਪ ਲਗਾ ਕੇ ਵੋਟਾਂ ਬਣਾਈਆਂ ਜਾਂਦੀਆਂ ਹਨ, ਉਸੇ ਤਰ੍ਹਾਂ ਐਸ.ਜੀ.ਪੀ.ਸੀ. ਦੀਆਂ ਵੋਟਾਂ ਲਈ ਵੀ ਵੱਧੋ ਵੱਧ ਅਮਲਾ ਲਾਇਆ ਜਾਵੇ ਅਤੇ ਵੋਟਾਂ ਬਨਾਉਣ ਦੀ ਅੰਤਿਮ ਤਾਰੀਖ ਵਿੱਚ ਘੱਟੋ-ਘੱਟ 2 ਮਹੀਨਿਆਂ ਦਾ ਵਾਧਾ ਕੀਤਾ ਜਾਵੇ, ਤਾਂ ਜੋ ਕੋਈ ਵੀ ਹੱਕਦਾਰ ਸਿੱਖ ਵੋਟਰ ਆਪਣੀ ਵੋਟ ਬਨਾਉਣ ਤੋਂ ਵਾਂਝਾ ਨਾ ਰਹੇ |
Posted By SonyGoyal