ਸੋਨੀ ਗੋਇਲ ਬਰਨਾਲਾ
ਸ਼੍ਰੀ ਜਤਿੰਦਰ ਜੋਰਵਾਲ ਡਿਪਟੀ ਕਮਿਸ਼ਨਰ ਬਰਨਾਲਾ ਨੇ ਅੱਜ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਵਿਕਾਸ ਸਬੰਧੀ ਆਪਣੇ ਕੰਮ ਪਹਿਲ ਦੇ ਆਧਾਰ ‘ਤੇ ਨੇਪਰੇ ਚਾੜ੍ਹਨ।
ਪੰਜਾਬ ਸਰਕਾਰ ਵੱਲੋਂ ਸ਼੍ਰੀ ਜਿਤੇਂਦਰ ਜੋਰਵਾਲ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਬਰਨਾਲਾ ਦਾ ਵਧੀਕ ਕਾਰਜ ਦਿੱਤਾ ਗਿਆ ਹੈ।
ਉਨ੍ਹਾਂ ਵਿਭਾਗਾਂ ਦੇ ਚੱਲ ਰਹੇ ਪ੍ਰੋਜੈਕਟਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜਿਹੜੇ ਕੰਮ ਨਿੱਬੜ ਚੁੱਕੇ ਹਨ ਉਨ੍ਹਾਂ ਦੇ ਵਰਤੋਂ ਸਰਟੀਫਿਕੇਟ ਜਲਦ ਤੋਂ ਜਲਦ ਜਮ੍ਹਾਂ ਕਰਵਾਏ ਜਾਣ।
ਬੈਠਕ ਦੌਰਾਨ ਲੋਕ ਨਿਰਮਾਣ ਵਿਭਾਗ ਨੇ ਆਪਣੇ ਕੰਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਕੰਮਾਂ ਲਈ ਫੰਡ ਪ੍ਰਾਪਤ ਹੋ ਗਏ ਹਨ ਉਹ ਜਲਦ ਹੀ ਸ਼ੁਰੂ ਕਰ ਦਿੱਤੇ ਜਾਣਗੇ।
ਸਿਹਤ ਵਿਭਾਗ ਬਰਨਾਲਾ ਨੇ ਦੱਸਿਆ ਕਿ ਤਿੰਨ ਨਵੇਂ ਆਮ ਆਦਮੀ ਕਲੀਨਿਕਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਹ ਕਲੀਨਿਕ ਪਿੰਡ ਦਾਨਗੜ੍ਹ, ਚਿੰਟੂ ਪਾਰਕ ਬਰਨਾਲਾ ਅਤੇ ਹੰਡਿਆਇਆ ਵਿਖੇ ਬਣ ਰਹੇ ਹਨ।
ਪਿੰਡ ਮੌੜ ਨਾਭਾ ਵਿਖੇ ਪ੍ਰੋਜੈਕਟ ਪਹਿਲ ਸਬੰਧੀ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਪ੍ਰੋਜੈਕਟ ਤਹਿਤ ਪਿੰਡਾਂ ਦੀਆਂ ਸਵੈ ਸੇਵੀ ਸੰਸਥਾਵਾਂ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵਰਦੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਇਸ ਤਹਿਤ ਜ਼ਿਲ੍ਹਾ ਬਰਨਾਲਾ ‘ਚ ਕੁੱਲ 16000 ਸਰਕਾਰੀ ਸਕੂਲਾਂ ਦੀਆਂ ਵਰਦੀਆਂ ਬਣਾਉਣਾ ਦਾ ਕੰਮ ਸਵੈ ਸੇਵੀ ਸੰਸਥਾਵਾਂ ਨਾਲ ਜੁੜੀਆਂ ਪੇਂਡੂ ਔਰਤਾਂ ਵੱਲੋਂ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਇਨ੍ਹਾਂ ਔਰਤਾਂ ਨੂੰ ਮਿਹਨਤਾਨਾ ਦਿੱਤਾ ਜਾਵੇਗਾ।
ਨਾਲ ਹੀ ਉਨ੍ਹਾਂ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਵਿਖੇ ਚੱਲ ਰਹੇ ਸਕੂਲ ਆਫ ਐਮੀਨੈਂਸ ਸਬੰਧੀ ਕੰਮ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।
ਨਗਰ ਕੌਂਸਲਾਂ ਦੇ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਕੂੜਾ ਡੰਪ ਕਰਨ ਵਾਲੀ ਥਾਂ ਤੋਂ ਪੁਰਾਣੇ ਪਏ ਕੂੜੇ (ਲੈਗਸੀ ਵੇਸਟ) ਹਟਾਉਣ ਦਾ ਕੰਮ ਤੇਜੀ ਨਾਲ ਕੀਤਾ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਪੇਂਡੂ ਵਿਕਾਸ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਕੰਮਾਂ ਦਾ ਵੀ ਜਾਇਜ਼ਾ ਲਿਆ।
ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਸ. ਸੁਖਪਾਲ ਸਿੰਘ, ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਸ਼੍ਰੀਮਤੀ ਨੀਰੂ ਗਰਗ, ਸਿਵਿਲ ਸਰਜਨ ਡਾ ਹਰਿੰਦਰ ਸ਼ਰਮਾ, ਐਕਸ ਈ ਐਨ ਲੋਕ ਨਿਰਮਾਣ ਵਿਭਾਗ ਸ. ਦਵਿੰਦਰ ਪਾਲ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਸ਼੍ਰੀਮਤੀ ਮੇਘਾ ਮਾਨ ਅਤੇ ਹੋਰ ਵਿਭਾਗਾਂ ਦੇ ਮੁਖੀ ਅਤੇ ਕਰਮਚਾਰੀ ਹਾਜ਼ਰ ਸਨ।
Posted By SonyGoyal