ਸਿਹਤ ਵਿਭਾਗ ਬਰਨਾਲਾ ਦੀ ਫੂਡ ਸੇਫਟੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਇੱਕ ਬੱਸ ਦੀ ਚੈਕਿੰਗ ਦੌਰਾਨ ਨਕਲੀ ਮਿਠਾਈਆਂ ਦੀ ਭਾਰੀ ਮਾਤਰਾ ਵਿੱਚ ਜ਼ਬਤ ਕੀਤੀਆਂ ਗਈਆਂ ਹਨ।
ਇਸ ਵੱਡੀ ਬਰਾਮਦਗੀ ਸਬੰਧੀ ਜਾਣਕਾਰੀ ਦਿੰਦਿਆਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਦੀ ਫੂਡ ਸੇਫਟੀ ਟੀਮ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਅਧੀਨ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋ ਸਖ਼ਤੀ ਤੇ ਜਿੰਮੇਵਾਰੀ ਨਾਲ ਲਾਗਾਤਾਰ ਹਰ ਪਾਸੇ ਨਿਗ੍ਹਾ ਰੱਖੀ ਜਾ ਰਹੀ ਹੈ ਤਾਂ ਜੋ ਮਿਲਾਵਟੀ ਤੇ ਨਕਲੀ ਮਿਠਾਈਆ ਬਣਾਉਣ ਅਤੇ ਵੇਚਣ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾ ਸਕੇ ।
ਸਿਵਲ ਸਰਜਨ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੂਡ ਸੇਫਟੀ ਟੀਮ ਬਰਨਾਲਾ ਵੱਲੋਂ ਬਾਜਾਖਾਨਾ ਚੌਂਕ ਵਿਖੇ ਇਕ ਪ੍ਰਾਈਵੇਟ ਬੱਸ ਦੀ ਚੈਕਿੰਗ ਦੌਰਾਨ ਮੌਕੇ ‘ਤੇ ਢੋਡਾ ਅਤੇ ਮਿਲਕ ਕੇਕ ਦੇ ਸੈਂਪਲ ਲਏ ਗਏ ਅਤੇ ਕੁੱਲ 2 ਕੁਆਇੰਟਲ 60 ਕਿੱਲੋ ਮਿਠਾਈਆਂ ਜ਼ਬਤ ਕੀਤੀਆਂ ਗਈਆਂ ਅਤੇ ਸੈਂਪਲ ਅਗਲੇਰੀ ਕਾਰਵਾਈ ਲਈ ਟੈਸਟਿੰਗ ਲੈਬ ਖਰੜ ਵਿਖੇ ਭੇਜ ਦਿੱਤੇ ਗਏ ਹਨ।
ਡਾ ਔਲ਼ਖ ਨੇ ਕਿਹਾ ਕਿ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋ ਮਿਲਾਵਟੀ ਅਤੇ ਨਕਲੀ ਖਾਣ ਪੀਣ ਦੀਆਂ ਚੀਜ਼ਾਂ ਦੀ ਸਮੇਂ ਸਮੇਂ ਤੇ ਜਾਂਚ ਕੀਤੀ ਜਾਂਦੀ ਰਹੇਗੀ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣ ਤੋਂ ਰੋਕਿਆ ਜਾ ਸਕੇ ।