ਵਿਵਾਦਾਂ ਨਾਲ ਜੁੜਿਆ ਨਾਂ : ਪੜ੍ਹਾਈ ’ਚ ਤੇਜ਼ ਹੋਣ ਕਾਰਨ ਸਿਮਰਨਜੀਤ ਸਿੰਘ ਮਾਨ ਆਈਪੀਐੱਸ ਅਧਿਕਾਰੀ ਵੀ ਨਿਯੁਕਤ ਹੋਏ ਸਨ ਤੇ ਉਨ੍ਹਾਂ ਨੇ ਸਾਕਾ ਨੀਲਾ ਤਾਰਾ ਦੇ ਵਿਰੋਧ ’ਚ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਸਿਮਰਨਜੀਤ ਸਿੰਘ ਮਾਨ ਫਰੀਦਕੋਟ ਦੇ ਐੱਸਪੀ ਸਨ ਤੇ ਉਨ੍ਹਾਂ ਆਪਣਾ ਅਸਤੀਫਾ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਸੌਂਪ ਦਿੱਤਾ ਸੀ। ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੇ ਸਮਰਥਕ ਹਨ ਤੇ ਜਮਹੂਰੀ ਤਰੀਕਿਆਂ ਨਾਲ ਖਾਲਿਸਤਾਨ ਦੀ ਸਥਾਪਨਾ ਦੀ ਮੰਗ ਕਰਦੇ ਆ ਰਹੇ ਹਨ। ਬਾਅਦ ’ਚ ਸਿਮਰਨਜੀਤ ਸਿੰਘ ਮਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦਾ ਨਾਂ ਇੰਦਰਾ ਗਾਂਧੀ ਕਤਲ ਕੇਸ ’ਚ ਵੀ ਆਇਆ ਸੀ। ਮਾਨ ਦਾ ਨਾਂ ਖਾਲਿਸਤਾਨ ਨਾਲ ਜੁੜੇ ਕਈ ਮਾਮਲਿਆਂ ’ਚ ਵੀ ਆਇਆ।
ਜੇਲਾਂ ਵੀ ਨਾ ਡੱਕ ਸਕੀਆਂ, ਜੇਲ ਤੋਂ ਚੋਣ ਜਿੱਤ ਆਏ ਬਾਹਰ ਤੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ
ਸਾਕਾ ਨੀਲਾ ਤਾਰਾ ਦੇ ਵਿਰੋਧ ’ਚ ਜਦੋਂ ਸਿਮਰਨਜੀਤ ਮਾਨ ਨੇ ਐੱਸਪੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਤਾਂ ਪੰਜਾਬ ਦੇ ਲੋਕਾਂ ਦਾ ਵੱਡਾ ਵਰਗ ਸਿਮਰਨਜੀਤ ਮਾਨ ਦੇ ਨਾਲ ਜੁੜਿਆ। ਸਿਮਰਨਜੀਤ ਸਿੰਘ ਮਾਨ 1984 ਤੋਂ 1989 ਤੱਕ ਜੇਲ੍ਹ ’ਚ ਰਹੇ ਤੇ ਜੇਲ੍ਹ ’ਚ ਰਹਿੰਦਿਆਂ ਹੀ 1989 ਦੀਆਂ ਲੋਕ ਸਭਾ ਚੋਣਾਂ ਲੜੀਆਂ। ਮਾਨ ਨੇ ਇਹ ਚੋਣ ਸਾਢੇ ਚਾਰ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੀ ਸੀ। ਉਸ ਸਾਲ ਪੰਜਾਬ ’ਚ ਸਭ ਤੋਂ ਵੱਡੀ ਜਿੱਤ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ। ਇਸ ਚੋਣ ’ਚ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀਆਂ 7 ਲੋਕ ਸਭਾ ਸੀਟਾਂ ਜਿੱਤੀਆਂ। ਇਨ੍ਹਾਂ ’ਚ ਲੁਧਿਆਣਾ, ਰੋਪੜ, ਫਰੀਦਕੋਟ, ਫ਼ਿਰੋਜ਼ਪੁਰ, ਤਰਨਤਾਰਨ, ਸੰਗਰੂਰ ਤੇ ਬਠਿੰਡਾ ਸ਼ਾਮਲ ਸਨ। ਉਹ 1989 ’ਚ ਤਰਨਤਾਰਨ ਤੇ 1999 ’ਚ ਸੰਗਰੂਰ ਤੋਂ ਸੰਸਦ ਮੈਂਬਰ ਰਹੇ।
ਮੁੜ ਸਿਆਸਤ ’ਚ ਹੋਈ ਵਾਪਸੀ
ਸਿਮਰਨਜੀਤ ਸਿੰਘ ਮਾਨ ਯੂਨਾਈਟਿਡ ਅਕਾਲੀ ਦਲ ਦੇ ਸਾਂਝੇ ਪ੍ਰਧਾਨ ਤਾਂ ਬਣੇ ਪਰ ਇਹ ਬਹੁਤੀ ਦੇਰ ਨਾ ਚੱਲ ਸਕਿਆ ਤੇ ਅਕਾਲੀ ਦਲ ਭੰਗ ਹੋ ਗਿਆ। ਇਸ ਤੋਂ ਬਾਅਦ ਹੀ ਮਾਨ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਣਾਈ। ਮਾਨ ਨੇ 1999 ’ਚ ਸੰਗਰੂਰ ਲੋਕ ਸਭਾ ਚੋਣ ਲੜੀ ਤੇ ਜਿੱਤੀ। ਹਾਲਾਂਕਿ ਮਾਨ 1999 ਤੋਂ ਬਾਅਦ ਕੋਈ ਵੀ ਚੋਣ ਨਹੀਂ ਜਿੱਤ ਸਕੇ। ਇਸ ਤੋਂ ਬਾਅਦ ਹੁਣ ਮੁੜ ਸਿਮਰਨਜੀਤ ਮਾਨ ਦੇ ਸਿਆਸਤ ’ਚ ਪੈਰ ਲੱਗੇ ਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਲਹਿਰ ਨੂੰ ਝਟਕਾ ਦਿੰਦਿਆਂ ਬੀਤੇ ਵਰ੍ਹੇ ਸਾਲ 2022 ’ਚ ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤੀ ਤੇ ਸੰਸਦ ਭਵਨ ’ਚ ਐਂਟਰੀ ਕੀਤੀ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਗਠਨ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਭਾਰਤ ਦੇ ਚੋਣ ਕਮਿਸ਼ਨ ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ ਮਾਨ) ਵਜੋਂ ਰਜਿਸਟਰ ਸ਼੍ਰੋਮਣੀ ਅਕਾਲੀ ਦਲ ਦਾ ਸਿਮਰਨਜੀਤ ਸਿੰਘ ਮਾਨ, ਦੀ ਅਗਵਾਈ ’ਚ ਇਕ ਅੱਡ ਹੋਇਆ ਗਰੁੱਪ ਹੈ। ਅਕਾਲੀ ਦਲ ਅੰਮ੍ਰਿਤਸਰ ਦਾ ਸ੍ਰੀ ਅਕਾਲ ਤਖ਼ਤ (ਸਿੱਖੀ ਦੀ ਸਰਵਉੱਚ ਸੀਟ) ’ਤੇ ਸਿਮਰਨਜੀਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ, ਸੇਵਾਮੁਕਤ ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਬਰਨਾਲਾ ਤੇ ਜਗਦੇਵ ਸਿੰਘ ਤਲਵੰਡੀ ਦੀ 6 ਮੈਂਬਰੀ ਕਮੇਟੀ ਦੇ ਆਧਾਰ ’ਤੇ 1 ਮਈ ਨੂੰ 1994 ਨੂੰ ਗਠਨ ਕੀਤਾ ਗਿਆ ਸੀ ਜਿਸ ’ਚ ਸਿਮਰਨਜੀਤ ਸਿੰਘ ਮਾਨ ਨੂੰ ਅਕਾਲੀ ਦਲ ਅੰਮ੍ਰਿਤਸਰ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ। ਇਸ ਪਾਰਟੀ ਦਾ ਮੁੱਖ ਮੁੱਦਾ ਖਾਲਿਸਤਾਨ ਬਣਾਉਣਾ ਹੈ, ਇਸ ਨੂੰ ਵੱਡੀ ਸਫਲਤਾ 1989 ਦੀ ਸੰਸਦੀ ਚੋਣ ’ਚ ਮਿਲੀ ਸੀ, ਜਦ ਇਹ ਪੰਜਾਬ ’ਚ 13 ਸੰਸਦੀ ਸੀਟਾਂ ’ਚੋਂ 7 ਜਿੱਤ ਗਈ ਸੀ।
– 1989 ’ਚ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੋਕ ਸਭਾ ਹਲਕਾ ਤਰਨਤਾਰਨ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ।
– 1999 ’ਚ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ।
– 2014 ’ਚ ਲੋਕ ਸਭਾ ਹਲਕਾ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਨੇ ਚੋਣ ਲੜੀ, ਪਰ ਉਨ੍ਹਾਂ ਦੀ ਹਾਰ ਹੋਈ। ਉਸ ਸਮੇਂ ਉਨ੍ਹਾਂ ਨੂੰ ਸਿਰਫ਼ 13990 ਵੋਟ ਮਿਲੇ ਸਨ ਤੇ ਜ਼ਮਾਨਤ ਜ਼ਬਤ ਹੋਈ ਸੀ।
– 2019 ’ਚ ਵੀ ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜੇ ਤੇ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਹਰਾਇਆ ਸੀ।
– 2022 ਦੀ ਜ਼ਿਮਨੀ ਚੋਣ ’ਚ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ।
– ਹਲਕੇ ਅਧੀਨ ਆਉਂਦੇ 3 ਜ਼ਿਲ੍ਹਿਆਂ ’ਚ 3-3 ਮੰਜ਼ਿਲਾਂ ਸਰਕਾਰੀ ਹਸਪਤਾਲ ਬਣਾਉਣ ਲਈ ਕੁੱਲ 13071.28 ਕਰੋੜ ਰੁਪਏ ਦੀ ਮਨਜ਼ੂਰੀ ਲਈ।
1. ਜ਼ਿਲ੍ਹਾ ਸੰਗਰੂਰ ਲਈ : 4921.94 ਲੱਖ
2. ਜ਼ਿਲ੍ਹਾ ਬਰਨਾਲਾ ਲਈ : 5488.74 ਲੱਖ
3. ਜ਼ਿਲ੍ਹਾ ਮਲੇਰਕੋਟਲਾ ਲਈ : 2660.60 ਲੱਖ।
– ਇੰਟਰਨੈਸ਼ਨਲ ਤੇ ਪੰਜਾਬ ਪੱਧਰ ’ਤੇ ਹੋ ਰਹੇ ਸਿੱਖਾਂ ਦੇ ਕਤਲਾਂ ਦਾ ਮੁੱਦਾ ਸੰਸਦ ’ਚ ਚੁੱਕਿਆ।
– ਹਸਪਤਾਲਾਂ ’ਚ ਡਾਕਟਰਾਂ ਦੀ ਘਾਟ ਪੂਰਾ ਕਰਨ ਦੀ ਮੰਗ ਕੀਤੀ।
– ਕਣਕ ਦੀ ਫ਼ਸਲ ’ਤੇ ਹੋਈ ਗੜਿ੍ਹਆਂ ਦੀ ਮਾਰ ਸਬੰਧੀ ਵੱਧ ਤੋਂ ਵੱਧ ਮੁਆਵਜ਼ੇ ਦੀ ਮੰਗ ਕੀਤੀ।
– ਟਰਾਂਸਪੋਰਟ ਤੇ ਡਰਾਈਵਰ ਭਰਾਵਾਂ ਲਈ ਹਿੱਟ ਐਂਡ ਰਨ ਬਿਲ ਦਾ ਵਿਰੋਧ ਕੀਤਾ।
– ਹਲਕੇ ਦੇ ਸਟੇਸ਼ਨਾਂ ’ਤੇ ਰੇਲ ਗੱਡੀਆਂ ਦੇ ਠਹਿਰਾਓ ਦੀ ਮੰਗ ਤਹਿਤ ਧੂਰੀ ਤੇ ਜਾਖ਼ਲ ਸਟੇਸ਼ਨ ’ਤੇ ਰੇਲਾਂ ਰੁਕਵਾਉਣ ਦੀ ਪ੍ਰਵਾਨਗੀ ਲਈ।
– ਸੰਗਰੂਰ ’ਚ ਰੇਲਵੇ ਇੰਜੀਨੀਅਰਿੰਗ ਯੂਨੀਵਰਸਿਟੀ ਬਣਾਉਣ ਦਾ ਪ੍ਰਸਤਾਵ ਕੇਂਦਰ ਨੂੰ ਦਿੱਤਾ ਤੇ ਜਲਦ ਕਾਰਵਾਈ ਦੀ ਮੰਗ ਰੱਖੀ।
– ਕਰੀਬ 180 ਸੜਕਾਂ ਦੀ ਉਸਾਰੀ ਕਰਵਾਉਣ ਲਈ ਕੇਂਦਰ ਕੋਲ ਉਪਰਾਲੇ ਕੀਤੇ, ਜਿਨ੍ਹਾਂ ’ਚੋਂ ਮਨਜ਼ੂਰੀ ਮਿਲਣ ਵਾਲੀਆਂ ਸੜਕਾਂ ਨਿਰਮਾਣ ਅਧੀਨ ਹਨ।
– ਹਲਕੇ ਦੇ ਕਈ ਪਿੰਡਾਂ ’ਚ ਓਪਨ ਗਾਰਡਨ ਤੇ ਇਨਡੋਰ ਜਿੰਮਾਂ ਦੀ ਸਹੂਲਤ ਦਿੱਤੀ।
– ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਸਟੇਡੀਅਮ ਦੀ ਸਹੂਲਤ ਦਿੱਤੀ।
– ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਲਈ ਗ੍ਰਾਂਟਾਂ ਦੇ ਗੱਫ਼ੇ ਵੰਡੇ।
– ਪਿੰਡਾਂ ’ਚ ਲੋੜ ਅਨੁਸਾਰ ਬੱਸ ਅੱਡਿਆਂ ਦੀ ਉਸਾਰੀ ਕਰਵਾਈ।
– ਪਿੰਡਾਂ ਦੀਆਂ ਧਰਮਸ਼ਾਲਾਵਾਂ ਤੇ ਸਕੂਲਾਂ ਦੀਆਂ ਇਮਾਰਤਾਂ ਲਈ 3.50 ਕਰੋੜ ਦੀ ਰਾਸ਼ੀ ਜਾਰੀ ਕੀਤੀ।
– ਨੌਜਵਾਨਾਂ ਲਈ ਵਾਲੀਬਾਲ ਗਰਾਊਂਡ, ਕ੍ਰਿਕਟ ਕਿੱਟਾਂ ਤੇ ਫੁੱਟਬਾਲ ਕਿੱਟਾਂ ਵੰਡੀਆਂ।
– ਪੀਣ ਵਾਲੇ ਪਾਣੀ ਦੀ ਸਹੂਲਤ ਲਈ ਲੋਕਾਂ ਦੀ ਮੰਗ ਅਨੁਸਾਰ ਆਪਣੇ ਫ਼ੰਡ ’ਚੋਂ ਵਿਹੜੇ ਤੇ ਧਰਮਸ਼ਾਲਾਵਾਂ ਲਈ ਸਬਮਰਸੀਬਲ ਮੋਟਰਾਂ ਲਗਵਾਈਆਂ ।
– ਜ਼ਿਲ੍ਹਾ ਸੰਗਰੂਰ ’ਚ ਬਿਜਲੀ ਦੇ ਨਵੀਨੀਕਰਨ ਲਈ ਲਗਭਗ 164 ਕਰੋੜ ਰੁਪਏ ਦੀ ਰਾਸ਼ੀ ਕੇਂਦਰ ਤੋਂ ਪਾਸ ਕਰਵਾਈ।
– ਅੰਗਹੀਣਾਂ ਨੂੰ ਟਰਾਈ ਸਾਈਕਲ, ਹੋਰ ਲੋੜੀਂਦੇ ਉਪਕਰਨਾਂ ਲਈ 1 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾਈ।
– ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਇਸ ਵਾਰ ਜ਼ਿਮਨੀ ਚੋਣ ਜਿੱਤੀ ਤਾਂ ਉਨ੍ਹਾਂ ਨੂੰ ਸਾਢੇ 7 ਕਰੋੜ ਰੁਪਏ ਸਰਕਾਰੀ ਫ਼ੰਡ ’ਚੋਂ ਮਿਲੇ ਸਨ, ਜੋ ਸਾਰੇ ਹੀ ਹਲਕੇ ਦੇ ਵਿਕਾਸ ਕਾਰਜਾਂ ’ਤੇ ਵੰਡਣ ਤਹਿਤ ਕਰੀਬ 2 ਕਰੋੜ ਰੁਪਏ ਉਨ੍ਹਾਂ ਨੂੰ ਕੇਂਦਰ ਸਰਕਾਰ ਵਲੋਂ ਵੱਖਰੇ ਤੌਰ ’ਤੇ ਦਿੱਤੇ ਗਏ, ਜੋ ਉਨ੍ਹਾਂ ਨੇ ਸਾਰੀ ਰਕਮ ਹੀ ਹਲਕੇ ਦੇ ਵਿਕਾਸ ਲਈ ਤਕਰੀਬਨ ਖ਼ਰਚ ਕੀਤੀ ਹੈ।
– ਸੈਸ਼ਨ ਜ਼ਿਮਨੀ ਚੋਣ ਜਿੱਤ ਕੇ ਲੋਕ ਸਭਾ ਗਏ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵਲੋਂ ਲੱਗੇ ਦੋਵੇਂ ਹੀ ਸੈਸ਼ਨਾਂ ’ਚ ਭਾਗ ਲੈ ਕੇ ਆਪਣੀ ਹਾਜ਼ਰੀ 100 ਫ਼ੀਸਦੀ ਦਿੱਤੀ ਹੈ।
– ਲੋਕ ਸਭਾ ’ਚ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਘੱਟ ਗਿਣਤੀ ਲੋਕਾਂ ਦੇ ਹੱਕ ’ਚ ਆਵਾਜ਼ ਨੂੰ ਬੁਲੰਦ ਕੀਤਾ ਹੈ।