ਸੁਨਾਮ ਊਧਮ ਸਿੰਘ ਵਾਲਾ ਸੰਗਰੂਰ ਰਾਜੂ ਸਿੰਗਲਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ

ਅਗਲੇ 3 ਮਹੀਨਿਆਂ ਅੰਦਰ ਸ਼ਹਿਰ ਹੋਵੇਗਾ ਕੂੜਾ ਕਰਕਟ ਤੋਂ ਮੁਕਤ, ਕੈਬਨਿਟ ਮੰਤਰੀ ਨੇ ਲੋਕਾਂ ਤੋਂ ਸਰਗਰਮ ਸਹਿਯੋਗ ਮੰਗਿਆ
1.38 ਕਰੋੜ ਦੀ ਲਾਗਤ ਵਾਲੀ ਸਫ਼ਾਈ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਤੀਜੇ ਪੜਾਅ ਤਹਿਤ 52 ਨਵੀਆਂ ਰੇਹੜੀਆਂ ਨਗਰ ਕੌਂਸਲ ਨੂੰ ਸੌਂਪੀਆਂ
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਦੁਹਰਾਉਂਦਿਆਂ ਕਿਹਾ ਕਿ ਉਹ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਨੂੰ ਸਾਫ਼ ਸਫਾਈ ਪੱਖੋਂ ਦੇਸ਼ ਦੇ ਮੋਹਰੀ ਸ਼ਹਿਰਾਂ ਵਿੱਚ ਸ਼ਾਮਲ ਕਰਨ ਦੇ ਟੀਚੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸੁਨਾਮ ਵਾਸੀਆਂ ਦੇ ਸਰਗਰਮ ਸਹਿਯੋਗ ਨਾਲ ਛੇਤੀ ਹੀ ਇਸ ਟੀਚੇ ਨੂੰ ਸਾਕਾਰ ਕਰ ਲਿਆ ਜਾਵੇਗਾ।

ਅੱਜ ਨਗਰ ਕੌਂਸਲ ਵਿਖੇ ਸ਼ਹਿਰ ਵਿੱਚੋਂ ਗਿੱਲਾ ਤੇ ਸੁੱਕਾ ਕੂੜਾ ਇਕੱਤਰ ਕਰਨ ਲਈ 52 ਨਵੀਂਆਂ ਰੇਹੜੀਆਂ ਨੂੰ ਹਰੀ ਝੰਡਾ ਦਿਖਾ ਕੇ ਰਵਾਨਾ ਕਰਨ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਖੁਦ ਲਈ ਇਸ ਸੋਚ ਨੂੰ ਅਪਣਾਉਣਾ ਪਵੇਗਾ ਕਿ ਉਹ ਖੁਦ ਹੀ ਸਫਾਈ ਸੇਵਕ ਹਨ ਅਤੇ ਖੁਦ ਹੀ ਕੌਂਸਲਰ ਹਨ ਕਿਉਂਕਿ ਅਜਿਹੀ ਸੋਚ ਸਦਕਾ ਹੀ ਸੁਧਾਰ ਸੰਭਵ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ 1.38 ਕਰੋੜ ਦੀ ਲਾਗਤ ਵਾਲੀ ਸਫ਼ਾਈ ਮਸ਼ੀਨਰੀ ਮੁਹੱਈਆ ਕਰਵਾਉਣ ਦੀ ਲੜੀ ਤਹਿਤ ਇਹ 52 ਨਵੀਆਂ ਰੇਹੜੀਆਂ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਸਥਿਤ ਹਰ ਘਰ ਤੱਕ ਪਹੁੰਚ ਕਰਨ ਦੇ ਸਮਰੱਥ ਸਾਬਤ ਹੋਣਗੀਆਂ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਬਖਸ਼ੀਵਾਲਾ ਰੋਡ ਉਪਰ ਬਣੇ ਕੂੜੇ ਦੇ ਡੰਪ ਦੇ ਨਿਪਟਾਰੇ ਲਈ ਤਿੰਨ ਮਹੀਨਿਆਂ ਦਾ ਸਮਾਂ ਨਿਰਧਾਰਿਤ ਕੀਤਾ ਹੈ ਅਤੇ ਇਸੇ ਆਧਾਰ ’ਤੇ ਹੀ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਸੁਨਾਮ ਸ਼ਹਿਰ ਦੇ ਹਰ ਘਰ ਵਿੱਚੋਂ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਇਕੱਤਰ ਕਰਵਾ ਕੇ ਅਤੇ ਸ਼ਹਿਰ ਵਿੱਚ ਜਿੰਨੇ ਵੀ ਛੋਟੇ ਜਾਂ ਵੱਡੇ ਕੁੜਾ ਡੰਪ ਬਣੇ ਹੋਏ ਹਨ, ਉਨ੍ਹਾਂ ਦਾ ਯੋਗ ਪ੍ਰਬੰਧਨ ਕਰਵਾ ਕੇ ਸ਼ਹਿਰ ਨੂੰ ਸਾਫ਼ ਸਫਾਈ ਦੇ ਪੱਖ ਤੋਂ ਸਰਵੋਤਮ ਬਣਾਉਣਾ ਹੈ ਜਿਸ ਲਈ ਹਰ ਵਾਸੀ ਦੇ ਸਰਗਰਮ ਸਹਿਯੋਗ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਪ ਨਾਲ ਇਹ ਪ੍ਰਣ ਕਰਨ ਦੀ ਲੋੜ ਹੈ ਕਿ ਸੜਕਾਂ ਦੇ ਆਲੇ ਦੁਆਲੇ, ਘਰਾਂ ਦੇ ਬਾਹਰ, ਬਜ਼ਾਰਾਂ, ਚੌਂਕਾਂ ਤੇ ਜਨਤਕ ਸਥਾਨਾਂ ’ਤੇ ਕੂੜਾ ਕਰਕਟ ਨਹੀਂ ਸੁੱਟਿਆ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਦੀ ਸਾਫ਼ ਸਫਾਈ ਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਕਰੀਬ 2 ਮਹੀਨੇ ਪਹਿਲਾਂ 3 ਟਰੈਕਟਰ, 3 ਹਾਈਡ੍ਰੋਲਿਕ ਟਰਾਲੀਆਂ, ਪਾਣੀ ਵਾਲੇ ਸਾਫ਼ ਪਾਣੀ ਦਾ ਟੈਂਕਰ ਅਤੇ 6 ਨਵੀਆਂ ਟਾਟਾ ਏਸ ਸੌਂਪੀਆਂ ਗਈਆਂ ਸਨ ਅਤੇ ਹੁਣ ਤੀਜੇ ਪੜਾਅ ਤਹਿਤ ਇਹ ਨਵੀਂਆਂ 52 ਰੇਹੜੀਆਂ ਸ਼ਹਿਰ ਦੇ ਸਰਵਪੱਖੀ ਸੁਧਾਰ ਦੀ ਦਿਸ਼ਾ ਵਿੱਚ ਅਹਿਮ ਯੋਗਦਾਨ ਪਾਉਣਗੀਆਂ।

ਇਸ ਮੌਕੇ ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ, ਸੀਨੀਅਰ ਮੀਤ ਪ੍ਰਧਾਨ ਆਸ਼ਾ ਬਜਾਜ, ਮੀਤ ਪ੍ਰਧਾਨ ਗੁਰਤੇਜ ਸਿੰਘ ਨਿੱਕਾ, ਈ.ਓ ਬਾਲਕ੍ਰਿਸ਼ਨ,
ਬਲਜੀਤ ਸਿੰਘ ਐਮ.ਸੀ., ਮੁਨੀਸ਼ ਸੋਨੀ ਐਮ.ਸੀ., ਸੁਨੀਲ ਆਸ਼ੂ ਐਮ.ਸੀ., ਹਰਮੇਸ਼ ਪੱਪੀ ਐਮ.ਸੀ., ਜਸਵਿੰਦਰ ਕੌਰ ਐਮ.ਸੀ.,ਬਲਾਕ ਪ੍ਰਧਾਨ ਸਾਹਿਬ ਸਿੰਘ, ਸੰਦੀਪ ਜਿੰਦਲ, ਅਮਰੀਕ ਸਿੰਘ ਧਾਲ੍ਹੀਵਾਲ, ਰਵੀ ਕਮਲ, ਨਰਿੰਦਰ ਠੇਕੇਦਾਰ, ਹਰਮੀਤ ਵਿਰਕ , ਘਨਈਆ ਲਾਲ, ਕੁਲਵੀਰ ਸੰਧੇ ਸਮੇਤ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ।
Posted By SonyGoyal