ਗੁਰੂ ਨਾਨਕ ਦੇ 20 ਵਾਲਾ ਲੰਗਰ
ਮਨਿੰਦਰ ਸਿੰਘ, ਬਰਨਾਲਾ
(ਔਖੀ ਘੜੀ ਚ ਮਸੀਹਾ ਬਣ ਕੇ ਅੱਗੇ ਆਏ ਥਾਈਲੈਂਡ ਦੇ ਸਿੱਖ)
ਪੂਰੀ ਦੁਨੀਆ ਵਿੱਚ ਜਦ ਕਿਸੇ ਤਰ੍ਹਾਂ ਦਾ ਵੀ ਸੰਕਟ ਆਉਂਦਾ ਹੈ ਤਾਂ ਗੁਰੂ ਦੇ ਸਿੱਖ ਬਿਨਾਂ ਕਿਸੇ ਤਰ੍ਹਾਂ ਦੀ ਪਰਵਾਹ ਕੀਤੇ ਉਥੋਂ ਦੇ ਲੋਕਾਂ ਨੂੰ ਭੁੱਖ ਅਤੇ ਤੇਅ ਤੋਂ ਬਚਾਉਣ ਲਈ ਪਹੁੰਚ ਜਾਂਦੇ ਹਨ। ਜਿਕਰਯੋਗ ਹੈ ਕਿ ਗੁਰੂ ਨਾਨਕ ਪਾਤਸ਼ਾਹ ਵੱਲੋਂ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਲੰਗਰ ਛਕਾ ਕੇ ਸਿੱਖਾਂ ਲਈ ਇੱਕ (FD) ਜਿਸ ਨੂੰ ਫਿਕਸ-ਡਿਪਾਸਟ, ਕਹਿੰਦੇ ਹਨ ਇਹ ਪ੍ਰਥਾ ਸ਼ੁਰੂ ਕਰ ਦਿੱਤੀ ਅਤੇ ਗੁਰੂਆਂ ਦੇ ਅਸ਼ੀਰਵਾਦ ਸਦਕਾ ਕਈ ਸਦੀਆਂ ਬੀਤ ਜਾਣ ਦੇ ਬਾਅਦ ਵੀ ਸਿੱਖਾਂ ਦੇ ਦਿਲਾਂ ਚ ਨਾ ਤਾਂ ਲੰਗਰ ਛਕਾਉਣ ਵਾਲੀ ਭਾਵਨਾ ਖਤਮ ਹੋਈ ਅਤੇ ਨਾ ਹੀ ਗੁਰੂ ਸਾਹਿਬ ਵੱਲੋਂ ਕੀਤੇ ਗਏ 20 ਰੁਪਏ ਦੀ ਇਨਵੈਸਟਮੈਂਟ ਅੱਜ ਤੱਕ ਉਸਦਾ ਵਿਆਜ ਹੀ ਮੁੱਕਿਆ ਜਿਸ ਨਾਲ ਕੁੱਲ ਜਹਾਨ ਚ ਲੰਗਰ ਪ੍ਰਥਾ ਕਰੋੜਾਂ ਲੋਕਾਂ ਦਾ ਢਿੱਡ ਭਰਦੀ ਹੈ।
ਥੋੜਾ ਸਮਾਂ ਪਹਿਲਾਂ ਜਦੋਂ ਥਾਈਲੈਂਡ ਦੀ ਧਰਤੀ ਤੇ ਭੁਚਾਲ ਆਇਆ ਤਾਂ ਉਥੋਂ ਦੇ ਵਸਨੀਕ ਸਿੱਖਾਂ ਨੇ ਵੀ ਆਪਣੇ ਗੁਰੂ ਦੀ ਆਗਿਆ ਦਾ ਪਾਲਣ ਕਰਦੇ ਹੋਏ ਭੋਜਨ, ਪਾਣੀ, ਦਵਾਈਆਂ ਅਤੇ ਹੋਰ ਜਰੂਰੀ ਚੀਜ਼ਾਂ ਸਮੇਤ ਰਾਹਤ ਸਮੱਗਰੀ ਪ੍ਰਧਾਨ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਵੀ ਜਦੋਂ ਅਫਰੀਕਾ ਚ ਜੰਗ ਤੇ ਮਹਾਮਾਰੀ ਫੈਲੀ ਤਾਂ ਗੁਰੂ ਦੇ ਸਿੱਖਾਂ ਨੇ ਬਿਨਾਂ ਪਰਵਾਹ ਕੀਤੇ ਭੋਜਨ, ਪਾਣੀ, ਦਵਾਈਆਂ, ਕੱਪੜਾ ਰਾਹਤ ਸਮੱਗਰੀ ਲੈ ਕੇ ਉੱਥੇ ਪਹੁੰਚ ਗਏ। ਇਥੋਂ ਤੱਕ ਕਿ ਜਦੋਂ ਕਿਸਾਨੀ ਮੋਰਚਾ ਚੱਲਿਆ ਤਾਂ ਗੁਰੂ ਦੇ ਸਿੱਖ ਉਦੋਂ ਵੀ ਪਿਛੇ ਨਹੀਂ ਹਟੇ। ਪੁਲਿਸ ਵਾਲਿਆਂ ਨੇ ਭਾਵੇਂ ਡਾਂਗਾਂ ਹੀ ਮਾਰੀਆਂ ਪਰੰਤੂ ਉਹਨਾਂ ਨੂੰ ਵੀ ਲੰਗਰ ਛਕਾਉਂਦੇ ਰਹੇ। ਪਤਾ ਨਹੀਂ ਕਿਉਂ ਹੁਣ ਵੀ ਪਿਆਰ ਕਰਨ ਵਾਲੇ ਇਹੀ ਗੱਲ ਕਹਿੰਦੇ ਹਨ ਕਿ ਇਹ ਘੱਟ ਗਿਣਤੀ ਸਿੱਖ ਜਾਲਮ ਹਨ। ਕਿਉਂ ਸਰਕਾਰਾਂ ਨੂੰ ਇਹ ਲੋਕ ਚੰਗੇ ਨਹੀਂ ਲੱਗਦੇ। ਪਤਾ ਨਹੀਂ???
ਮੁੜ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਭਾਵੇਂ ਭੁਚਾਲ ਦਾ ਕੇਂਦਰ ਮਿਆਮਰ ਵਿੱਚ ਸੀ ਪਰ ਇਸ ਦਾ ਇੱਕ ਵੱਡਾ ਪ੍ਰਭਾਵ ਥਾਈਲੈਂਡ, ਚੀਨ, ਵੀਅਤਨਾਮ ਅਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਸਮੇਤ ਗੁਆਂਢੀ ਦੇਸ਼ਾਂ ਵਿੱਚ ਵੀ ਮਹਿਸੂਸ ਕੀਤਾ ਗਿਆ। ਭੁਚਾਲ ਦੀ ਤੀਬਰਤਾ 7.7 ਦੱਸੀ ਗਈ ਸੀ ਜੋ ਕਾਫੀ ਜਿਆਦਾ ਹੁੰਦੀ ਹੈ। ਥਾਈਲੈਂਡ ਵਿੱਚ ਸਟੇਟ ਆਡਿਟ ਦਫਤਰ ਦੀ ਇਮਾਰਤ ਸਮੇਤ ਕਈ ਇਮਾਰਤਾਂ ਦੇ ਡਿੱਗਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਇਸ ਔਖੇ ਸਮੇਂ ਜੋ ਸਿੱਖ ਥਾਈਲੈਂਡ ਵਿੱਚ ਰਹਿ ਰਹੇ ਸਨ ਉਹ ਭਾਵੇਂ ਖੁਦ ਇਸ ਕੁਦਰਤੀ ਆਫਤ ਦਾ ਸ਼ਿਕਾਰ ਹੋਏ ਪਰ ਗੁਰੂ ਦੇ ਸਿੱਖਾਂ ਨੇ ਧਰਮ ਦੇ ਮੂਲ ਸਿਧਾਂਤ ਅਨੁਸਾਰ ਲੋੜਵੰਦਾਂ ਦੀ ਮਦਦ ਕਰਨਾ ਨਹੀਂ ਵਿਸਾਰਿਆ। ਸੋਸ਼ਲ ਮੀਡੀਆ ਤੇ ਕਈ ਵੀਡੀਓ ਵਾਇਰਲ ਹੋ ਰਹੀਆ ਹਨ ਜਿਸ ਵਿੱਚ ਸਿੱਖ ਦੁਕਾਨਦਾਰ ਪਿਆਸੇਆਂ ਨੂੰ ਪਾਣੀ ਦੀਆਂ ਬੋਤਲਾਂ ਨਿਸ਼ੁਲਕ ਬਿਨਾਂ ਪੈਸੇ ਲਏ ਦੇ ਰਹੇ ਹਨ।
ਕੁਦਰਤੀ ਆਫਤ ਕਦੀ ਵੀ ਕਿਤੇ ਵੀ ਬਿਨਾਂ ਨਿਓਤਾ ਦਿੱਤੇ ਆ ਜਾਂਦੀ ਹੈ ਅਤੇ ਇਸ ਨੂੰ ਰੋਕਣਾ ਜਾਂ ਇਸ ਨੂੰ ਸਮਝ ਪਾਉਣਾ ਇਨਸਾਨ ਦੇ ਹੱਥ ਚ ਹੀ ਨਹੀਂ ਹੈ ਭਾਵੇਂ ਅੱਜ ਇਨਸਾਨ ਆਪਣੀ ਟੈਕਨੋਲਜੀ ਸਦਕਾ ਚੰਦ ਤੇ ਪਹੁੰਚ ਗਿਆ ਪਰ ਫਿਰ ਵੀ ਕੁਦਰਤ ਤੋਂ ਅੱਗੇ ਜਾਂ ਅਡਵਾਂਸ ਨਹੀਂ ਚੱਲ ਸਕਦਾ। ਸਿੱਖ ਵਲੰਟੀਅਰਾਂ ਨੇ ਦਿਨ ਰਾਤ ਇੱਕ ਕਰਕੇ ਪੀੜਤਾਂ ਦੀ ਸਹਾਇਤਾ ਲਈ ਭੋਜਨ ਪਾਣੀ ਦਵਾਈਆਂ ਅਤੇ ਰਾਹਤ ਕੈਂਪ ਵੀ ਸਥਾਪਿਤ ਕੀਤੇ। ਉਹਨਾਂ ਨੇ ਬੇਘਰ ਹੋਏ ਲੋਕਾਂ ਨੂੰ ਆਸਰਾ ਦਿੱਤਾ ਅਤੇ ਉਨਾਂ ਦੇ ਦੁੱਖਾਂ ਨੂੰ ਘਟਾਉਣ ਦੀ ਕੋਸ਼ਿਸ਼ ਵੀ ਕਰਦੇ ਹੀ ਰਹੇ। ਸਿੱਖ ਭਾਈਚਾਰੇ ਨੇ ਸਿਰਫ ਭੋਜਨ ਅਤੇ ਦਵਾਈਆਂ ਹੀ ਨਹੀਂ ਵੰਡੀਆਂ ਸਗੋਂ ਉਹਨਾਂ ਨੇ ਮਾਨਸਿਕ ਸਹਾਇਤਾ ਵੀ ਪ੍ਰਦਾਨ ਕੀਤੀ। ਉਹਨਾਂ ਨੇ ਪੀੜਤਾਂ ਨੂੰ ਹੌਸਲਾ ਦਿੱਤਾ ਅਤੇ ਇਸ ਮੁਸ਼ਕਿਲ ਵਿੱਚ ਇਕੱਲੇ ਨਾ ਹੋਣ ਦਾ ਅਹਿਸਾਸ ਮਹਿਸੂਸ ਕਰਵਾਇਆ।
ਏਸ਼ੀਆ ਵਰਗੇ ਦੇਸ਼ਾਂ ਰਹਿ ਰਹੇ ਸਿੱਖ ਅਤੇ ਉਹਨਾਂ ਦੇ ਸਿਧਾਂਤ
ਜੇਕਰ ਏਸ਼ੀਆ ਵਰਗੇ ਦੇਸ਼ਾਂ ਜਿਵੇਂ ਕਿ ਥਾਈਲੈਂਡ ਦੀ ਗੱਲ ਕੀਤੀ ਜਾਵੇ ਤਾਂ ਸਿੱਖਾਂ ਦੀ ਇਹ ਸੇਵਾ ਭਾਵਨਾ ਸੱਚਮੁੱਚ ਸਲਾਘਾ ਯੋਗ ਹੈ। ਥਾਈਲੈਂਡ ਵਿੱਚ ਸਿੱਖ ਕਦ ਆਏ ਤੇ ਕਦ ਇਸ ਦੇਸ਼ ਵਿੱਚ ਸਿੱਖਾਂ ਦਾ ਇਤਿਹਾਸ ਸਦੀਆਂ ਪੁਰਾਣਾ ਹੋ ਗਿਆ। ਇਸ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੋਇਆ। ਸਿੱਖ ਭਾਈਚਾਰਾ ਕੁੱਲ ਜਹਾਨ ਦੀਆਂ ਪੁਲਿਸ ਆਰਮੀਆਂ ਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। 19ਵੀਂ ਸਦੀ ਦੇ ਅਖੀਰ ਵਿੱਚ ਸ਼ੁਰੂ ਹੋਇਆ ਸਿੱਖਾਂ ਦਾ ਥਾਈਲੈਂਡ ਚ ਇਤਿਹਾਸ ਜਿਸ ਸਮੇਂ ਬ੍ਰਿਟਿਸ਼ ਰਾਜ ਦੇ ਦੌਰਾਨ ਬਹੁਤ ਸਾਰੇ ਸਿੱਖ ਵਪਾਰ ਅਤੇ ਰੁਜ਼ਗਾਰ ਦੇ ਮੌਕਿਆਂ ਲਈ ਦੱਖਣ ਪੂਰਬੀ ਏਸ਼ੀਆ ਦੇ ਵੱਖ ਵੱਖ ਹਿੱਸਿਆਂ ਚ ਚਲੇ ਗਏ ਸਨ। ਥਾਈਲੈਂਡ ਜਿਸ ਨੂੰ ਉਸ ਸਮੇਂ ਵਿੱਚ ਸਿਆਮ ਵਜੋਂ ਜਾਣਿਆ ਜਾਂਦਾ ਸੀ। ਇਹ ਸਿਆਮ ਸਿੱਖਾਂ ਲਈ ਪ੍ਰਸਿੱਧ ਮੰਜ਼ਿਲ ਬਣ ਗਿਆ।
ਥਾਈਲੈਂਡ ਵਿੱਚ ਸਿੱਖ ਭਾਈਚਾਰੇ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਅਮੀਰ ਹੈ। 1880 ਦੇ ਦਹਾਕੇ ਵਿੱਚ ਭਾਰਤ ਤੋਂ ਥਾਈਲੈਂਡ ਵਿੱਚ ਪਹੁੰਚਣ ਵਾਲੇ ਪਹਿਲੇ ਵਿਅਕਤੀ ਸ੍ਰੀ ਕਿਰਪਾ ਰਾਮ ਮਦਾਨ ਸਨ। ਉਹ ਥਾਈਲੈਂਡ ਦੇ ਰਾਜਾ ਰਾਮ ਚੂਲਾਲਾਗਕੌਰਨ (ਪੰਜਵੇਂ) ਨੂੰ ਮਿਲੇ ਅਤੇ ਉਹਨਾਂ ਨੂੰ ਆਪਣੀ ਜਾਨ ਪਹਿਚਾਣ ਕਰਵਾਈ। ਉਹਨਾਂ ਦੇ ਪਰਿਵਾਰ ਦੇ ਮੈਂਬਰ ਮੈਦਾਨ, ਨਰੂਲਾ ਅਤੇ ਚੌਧਰੀ ਸਨ। ਇਹਨਾਂ ਨੇ ਹੀ ਥਾਈਲੈਂਡ ਵਿੱਚ ਪਹਿਲੇ ਭਾਰਤੀ ਡਾਇਸਪੋਰਾ ਦੀ ਨੀਹ ਰੱਖੀ। ਇਸ ਬਾਰੇ ਰਿਕਾਰਡ ਗੁਰਦੁਆਰਾ ਸਿੰਘ ਸਭਾ ਬੈਂਕਾਂਕ ਵਿੱਚ ਉਪਲਬਧ ਹੈ। ਥਾਈਲੈਂਡ ਵਿੱਚ ਸਿੱਖ ਭਾਈਚਾਰੇ ਦੇ ਆਉਣ ਦੀ ਸ਼ੁਰੂਆਤ 1890 ਵਿੱਚ ਹੋਈ ਸੀ ਜਦੋਂ ਪਹਿਲਾ ਸਿੱਖ ਵਿਅਕਤੀ ਲੱਧ ਸਿੰਘ ਥਾਈਲੈਂਡ ਪਹੁੰਚਿਆ ਸੀ। 1912 ਵਿੱਚ ਸਿੱਖਾਂ ਦੀ ਵੱਧਦੀ ਗਿਣਤੀ ਨੂੰ ਵੇਖਦੇ ਹੋਏ ਉਨਾਂ ਨੇ ਇੱਕ ਗੁਰਦੁਆਰਾ ਸਥਾਪਿਤ ਕਰਨ ਦਾ ਫੈਸਲਾ ਕੀਤਾ। 1913 ਵਿੱਚ ਬੈਂਕਾਂ ਵਿੱਚ ਸਿੱਖ ਭਾਈਚਾਰੇ ਦੀ ਵਧਦੀ ਗਿਣਤੀ ਨੂੰ ਵੇਖਦੇ ਹੋਏ ਇੱਕ ਨਵਾਂ ਅਤੇ ਵੱਡਾ ਲੱਕੜ ਦਾ ਘਰ ਪਹਾੜਆਟ ਅਤੇ ਚੱਕਰਪੇਟ ਰੋਡ ਦੇ ਕੋਨੇ ਤੇ ਕਿਰਾਏ ਤੇ ਲਿਆ ਗਿਆ। ਇਸੇ ਲੱਕੜ ਦੇ ਘਰ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਨਪਨਾ ਕੀਤੀ ਅਤੇ ਨਿਯਮਤ ਧਾਰਮਿਕ ਪ੍ਰਾਰਥਨਾਵਾਂ ਸ਼ੁਰੂ ਹੋਈਆਂ। ਸ਼ੁਰੂਆਤੀ ਸਿੱਖ ਪ੍ਰਵਾਸੀ ਮੁੱਖ ਤੌਰ ਤੇ ਪੰਜਾਬ ਤੋਂ ਆਏ ਸਨ ਅਤੇ ਉਨਾਂ ਨੇ ਬੈਂਕਾਂਕ ਵਿੱਚ ਹੋਰ ਵੱਡੇ ਸ਼ਹਿਰਾਂ ਵਿੱਚ ਛੋਟੇ ਭਾਈਚਾਰੇ ਸਥਾਪਿਤ ਕੀਤੇ। ਉਹਨਾਂ ਨੇ ਛੇਤੀ ਹੀ ਵਪਾਰ ਵਿੱਚ ਆਪਣੀ ਮਿਹਨਤ ਅਤੇ ਸਿਰੜਤਾਂ ਲਈ ਨਾਮਨਾ ਖੱਟ ਲਿਆ। ਥਾਈਲੈਂਡ ਵਿੱਚ ਖਾਸ ਕਰਕੇ ਟੈਕਸਟਾਈਲ ਅਤੇ ਖੇਤੀਬਾੜੀ ਉਤਪਾਦਾਂ ਦੇ ਖੇਤਰ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਮਕਬੂਲ ਕਰਵਾਇਆ।
1911 ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਹਿਲਾਂ ਗੁਰਦੁਆਰਿਆਂ ਵਿੱਚੋਂ ਇੱਕ ਸੀ, ਜਿਸ ਦੀ ਸਥਾਪਨਾ ਕੀਤੀ ਗਈ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਗੁਰਦੁਆਰਾ ਸਾਹਿਬ ਥਾਈਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣੇ। ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ, ਚਿਆਂਗ ਮਾਈ। ਇਹ ਗੁਰਦੁਆਰੇ ਨਾ ਸਿਰਫ ਧਾਰਮਿਕ ਸਥਾਨ ਸਨ ਬਲਕਿ ਸਿੱਖ ਭਾਈਚਾਰੇ ਦੇ ਸਮਾਜਿਕ ਅਤੇ ਸੱਭਿਆਚਾਰਕ ਕੇਂਦਰ ਵੀ ਸਨ। ਥਾਈ ਲੋਕਾਂ ਨੇ ਸਿੱਖਾਂ ਦੀ ਸਖਤ ਮਿਹਨਤ ਇਮਾਨਦਾਰੀ ਅਤੇ ਭਾਈਚਾਰਕ ਭਾਵਨਾ ਦੀ ਸਲਾਘਾ ਵੀ ਕੀਤੀ। 2024 ਚ ਥਾਈਲੈਂਡ ਚ ਅੰਦਾਜਨ 70, 000 ਸਿੱਖ ਰਹਿੰਦੇ ਹਨ। ਸਿੱਖ ਧਰਮ ਨੂੰ ਦੇਸ਼ ਵਿੱਚ ਘੱਟ ਗਿਣਤੀ ਧਰਮ ਵਜੋਂ ਮਾਨਤਾ ਵੀ ਪ੍ਰਾਪਤ ਹੈ। ਸਿੱਖ ਭਾਈਚਾਰਾ ਮੁੱਖ ਤੌਰ ਤੇ ਸ਼ਹਿਰੀ ਖੇਤਰਾਂ ਵਿੱਚ ਕੇਂਦਰਿਤ ਹੈ। ਜਿਨਾਂ ਚ ਬੈਂਕਾਂਕ, ਚਿਆਂਗਮਾਈ, ਨਾਖੋਨ ਰਾਚਸੀਮਾ, ਪਾਟਾਇਆ, ਫੁਕੇਟ, ਉਬੋਨ ਰਾਚਥਾਣੀ ਸਿੱਖ ਭਾਈਚਾਰੇ ਦੇ ਰਹਿਣ ਦੇ ਮੁੱਖ ਕੇਂਦਰ ਹਨ। ਥਾਈਲੈਂਡ ਵਿੱਚ ਵੱਸਦੇ ਪੰਜਾਬੀਆਂ ਨੇ ਇਸ ਮੌਕੇ ਆਪਣੀ ਇਕੱਤਰਤਾ ਅਤੇ ਜਿੰਦਾ ਦੇਵੀ ਦਾ ਸਬੂਤ ਦਿੰਦੇ ਹੋਏ ਭੁਚਾਲ ਤੋਂ ਪੀੜਿਤ ਲੋਕਾਂ ਦੀ ਮਦਦ ਕਰਕੇ ਗੁਰੂ ਦੇ ਸੱਚੇ ਸਿੱਖ ਅਤੇ ਇਮਾਨਦਾਰੀ ਦੀ ਮਿਸਾਲ ਨੂੰ ਕਾਇਮ ਕੀਤਾ ਹੈ।