ਬਰਨਾਲਾ, 01 ਮਈ (ਮਨਿੰਦਰ ਸਿੰਘ)
ਐੱਸ.ਸੀ. ਭਾਈਚਾਰੇ ਦੇ ਲੋਕਾਂ ਦੀ ਭਲਾਈ ਲਈ ਰਹਾਂਗਾ ਯਤਨਸ਼ੀਲ: ਰੁਪਿੰਦਰ ਸਿੰਘ ਸੀਤਲ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਰੁਪਿੰਦਰ ਸਿੰਘ ਸੀਤਲ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਮੁਬਾਰਕਬਾਦ ਅਤੇ ਆਪਣੀ ਜ਼ਿੰਮੇਵਾਰੀ ਬੇਹਤਰੀਨ ਤਰੀਕੇ ਨਾਲ ਨਿਭਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸ. ਮੀਤ ਹੇਅਰ ਨੇ ਕਿਹਾ ਕਿ ਰੁਪਿੰਦਰ ਸਿੰਘ ਸੀਤਲ ਬਹੁਤ ਸੰਜੀਦਾ ਅਤੇ ਇਮਾਨਦਾਰ ਹਨ ਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਣਗੇ ਅਤੇ ਐੱਸਸੀ ਵਰਗ ਦੇ ਮਸਲਿਆਂ ‘ਚ ਉਨ੍ਹਾਂ ਨੂੰ ਇਨਸਾਫ਼ ਦਿਵਾਉਣਗੇ। ਇਸ ਮੌਕੇ ਸ੍ਰੀ ਸੀਤਲ ਨੇ ਕਿਹਾ ਕਿ ਐੱਸ ਸੀ ਕਮਿਸ਼ਨ ਦਾ ਮੈਂਬਰ ਹੋਣ ਦੇ ਨਾਤੇ ਉਹ ਯਕੀਨੀ ਬਣਾਉਣਗੇ ਕਿ ਭਾਈਚਾਰੇ ਦੇ ਕਿਸੇ ਵੀ ਵਿਅਕਤੀ ਨਾਲ ਕੋਈ ਵਧੀਕੀ ਨਾ ਹੋਵੇ। ਉਨ੍ਹਾਂ ਕੋਲ ਜਿਹੜੇ ਕੇਸ ਆਉਣਗੇ ਜਾਂ ਜਿਹੜੇ ਕੇਸਾਂ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਨ੍ਹਾਂ ‘ਚ ਯਕੀਨੀ ਬਣਾਇਆ ਜਾਵੇਗਾ ਕਿ ਸਮਾਂਬੱਧ ਪੜਤਾਲ ਕਰਵਾ ਕੇ ਲੋਕਾਂ ਨਾਲ ਇਨਸਾਫ਼ ਕੀਤਾ ਜਾਵੇ ਤੇ ਲੋਕਾਂ ਨੂੰ ਇਨਸਾਫ਼ ਲਈ ਖੱਜਲ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਐੱਸ ਸੀ ਸ਼੍ਰੇਣੀ ਨਾਲ ਸਬੰਧਤ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਜਿਵੇਂ ਕਿ ਆਸ਼ੀਰਵਾਦ ਸਕੀਮ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆਦਿ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਸਕੀਮਾਂ ਦਾ ਬਣਦਾ ਲਾਭ ਦਿਵਾਇਆ ਜਾਵੇਗਾ।
Posted By SonyGoyal