ਬਰਨਾਲਾ, 24 ਮਈ ( ਸੋਨੀ ਗੋਇਲ)
ਸਿਹਤ ਮੰਤਰੀ ਪੰਜਾਬ ਡਾ.ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਬਰਨਾਲਾ ਦੀਆਂ ਟੀਮਾਂ ਵੱਲੋਂ ਸਿੱਖਿਆ ਵਿਭਾਗ ਅਤੇ ਨਰਸਿੰਗ ਸਟਾਫ਼ ਅਤੇ ਸਟੂਡੈਂਟਸ ਦੇ ਸਹਿਯੋਗ ਨਾਲ ਜ਼ਿਲ੍ਹਾ ਬਰਨਾਲਾ ਦੇ ਬਰਨਾਲਾ ਸ਼ਹਿਰ, ਤਪਾ, ਧਨੌਲਾ ਅਤੇ ਮਹਿਲ ਕਲਾਂ ਬਲਾਕਾਂ ਅਧੀਨ ਪੁਲਿਸ ਲਾਈਨ ਅਤੇ ਥਾਣਿਆਂ 'ਚ ਅਤੇ ਘਰਾਂ 'ਚ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ ਅਤੇ ਇਸ ਦੀ ਰੋਕਥਾਮ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ.ਬਲਜੀਤ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਜ਼ਿਲ੍ਹੇ ਵਿੱਚ ਡੇਂਗੂ ਅਤੇ ਮਲੇਰੀਆ ਨੂੰ ਫੈਲਣ ਤੋਂ ਰੋਕਿਆ ਜਾ ਸਕੇ । ਡਾ. ਮੁਨੀਸ਼ ਜ਼ਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਜੇਕਰ ਕਿਸੇ ਵਿਆਕਤੀ ਨੂੰ ਤੇਜ ਬੁਖਾਰ, ਮਾਸਪੇਸ਼ੀਆਂ 'ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ 'ਚ ਦਰਦ, ਸਰੀਰ 'ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਅਤੇ ਟੈਸਟ ਬਿਲਕੁਲ ਮੁਫ਼ਤ ਹਨ। ਇਸ ਸਮੇਂ ਘਰੇਲੂ ਇਲਾਜ ਜਾਂ ਇਲਾਜ 'ਚ ਦੇਰੀ ਕਈ ਵਾਰ ਖਤਰੇ ਦਾ ਕਾਰਨ ਬਣ ਜਾਂਦਾ ਹੈ। ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਿੱਚ ਬਰਨਾਲਾ ਸਹਿਰ 'ਚ ਸਿਹਤ ਕਰਮਚਾਰੀ ਸੁਰਿੰਦਰ ਸਿੰਘ ਵਿਰਕ, ਗਣੇਸ ਦੱਤ, ਚਮਕੌਰ ਸਿੰਘ, ਰੁਪਿੰਦਰ ਸਿੰਘ ਜਸਵਿੰਦਰ ਸਿੰਘ ਅਤੇ ਗੁਲਾਬ ਸਿੰਘ ਇਨਸੈਕਟ ਕੁਲੈਕਟਰ ਵੱਲੋਂ ਟੀਮਾਂ ਬਣਾ ਕੇ ਪੁਲਿਸ ਲਾਈਨ ਅਤੇ ਥਾਣਿਆਂ ਅਤੇ ਘਰਾਂ ਵਿੱਚ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ ਅਤੇ ਜਿਸ ਜਗ੍ਹਾ ਲਾਰਵਾ ਮਿਲਿਆ ਨੂੰ ਨਸ਼ਟ ਕਰਵਾਇਆ ਗਿਆ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਮੱਛਰ ਪੈਦਾ ਹੋਣ ਵਾਲੀਆਂ ਥਾਵਾਂ ਜਿਵੇਂ ਕੂਲਰ, ਗਮਲੇ, ਫਰਿੱਜ ਦੀ ਬੈਕ ਟਰੇਅ, ਪਾਣੀ ਦੀਆਂ ਖੇਲਾਂ, ਟਾਇਰਾਂ ਅਤੇ ਘੜਿਆਂ ਆਦਿ ਨੂੰ ਹਫਤੇ 'ਚ ਇੱਕ ਵਾਰ ਸੁਕਾ ਕੇ “ਹਰ ਸ਼ੁਕਰਵਾਰ ਡੇਂਗੂ ਤੇ ਵਾਰ” ਵਜੋਂ ਮਨਾਇਆ ਜਾਵੇ । ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸ਼ਰ ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ.ਕੋਆਰਡੀਨੇਟਰ ਨੇ ਦੱਸਿਆ ਕਿ “ਹਰ ਸ਼ੁਕਰਵਾਰ-ਡੇਂਗੂ ਤੇ ਵਾਰ” ਥੀਮ ਤਹਿਤ ਪਾਣੀ ਖੜਨ ਵਾਲੀਆਂ ਥਾਵਾਂ ਨੂੰ ਸੁਕਾ ਕੇ , ਗਰੁੱਪ ਮੀਟਿੰਗਾਂ ਪੈਂਫਲੈਟਸ, ਪੋਸਟਰ ਆਦਿ ਰਾਹੀਂ ਡੇਂਗੂ ਤੋਂ ਬਚਾਅ ਲਈ ਉਪਰਾਲੇ ਕੀਤੇ ਜਾ ਰਹੇ ਹਨ।
Posted By SonyGoyal