ਮਨਿੰਦਰ ਸਿੰਘ, ਬਰਨਾਲਾ
13 ਮਾਰਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਐਸਕੇਐਮ ਦੇ ਸੱਦੇ ਤੇ 14 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਕਿਸਾਨ-ਮਜਦੂਰ ਮਹਾਂ ਪੰਚਾਇਤ ਲਈ ਬਰਨਾਲਾ ਜ਼ਿਲ੍ਹੇ ਦਾ ਸੈਂਕੜੇ ਕਿਸਾਨਾਂ ਮਰਦ-ਔਰਤਾਂ ਦਾ ਕਾਫ਼ਲਾ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਹੇਠ ਰਵਾਨਾ ਹੋਇਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਕੱਤਰ ਸਾਹਿਬ ਸਿੰਘ ਬਡਬਰ ਨੇ ਦੱਸਿਆ ਕਿ ਕਿਸਾਨ-ਮਜਦੂਰ ਮਹਾਂ ਪੰਚਾਇਤ ਦੀਆਂ ਤਿਆਰੀਆਂ ਮੁਕੰਮਲ ਕਰਕੇ ਪਿੰਡ-ਪਿੰਡ ਦੇ ਕਾਫ਼ਲੇ ਆਪੋ-ਆਪਣੇ ਸਾਧਨਾਂ ਰਾਹੀਂ ਧੂਰੀ ਜੰਕਸਨ ਪੁੱਜੇ। ਪਿੰਡਾਂ ਵਿੱਚ ਹਫਤਾ ਭਰ ਬੱਝਵਾਂ ਪ੍ਰਚਾਰ ਕਰਕੇ 14 ਮਾਰਚ ਨੂੰ ਰਾਮ ਲੀਲਾ ਮੈਦਾਨ ਦਿੱਲੀ ਵਿਖੇ ਹੋ ਰਹੀ ਕਿਸਾਨ -ਮਜਦੂਰ ਮਹਾਂ ਪੰਚਾਇਤ ਵਿੱਚ ਸ਼ਮੂਲੀਅਤ ਕਰਨ ਲਈ ਲਾਮਬੰਦ ਕੀਤਾ ਗਿਆ। ਪ੍ਰਚਾਰ ਮੁਹਿੰਮ ਦੌਰਾਨ ਪਿੰਡਾਂ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ। ਕਾਫ਼ਲੇ ਦੀ ਰਵਾਨਗੀ ਸਮੇਂ ਸੰਬੋਧਨ ਕਰਦਿਆਂ ਜਗਰਾਜ ਸਿੰਘ ਹਰਦਾਸਪੁਰਾ, ਰਾਮ ਸਿੰਘ ਸ਼ਹਿਣਾ, ਭੋਲਾ ਸਿੰਘ ਛੰਨਾਂ, ਬਾਬੂ ਸਿੰਘ ਖੁੱਡੀਕਲਾਂ,ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਮੋਦੀ ਹਕੂਮਤ ਸਾਮਰਾਜੀ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਆਕੇ ਕਿਸਾਨਾਂ ਦੀ ਸਾਰੀਆਂ ਫ਼ਸਲਾਂ ਤੇ ਐਮ ਐਸ ਪੀ ਦੇਣ ਦੀ ਮੰਗ ਨੂੰ ਮੰਨਣ ਤੋਂ ਇਨਕਾਰੀ ਹੋ ਰਹੀ ਹੈ। ਹਾਲਾਂ ਕਿ ਖੁਦ ਹੀ ਸਰਕਾਰਾਂ ਨੇ ਡਾ ਸਵਾਮੀਨਾਥਨ ਕਮਿਸ਼ਨ ਸਥਾਪਤ ਕੀਤਾ ਅਤੇ ਆਪਣੇ ਚੋਣ ਮੈਨੀਫੈਸਟੋ ਵਿੱਚ ਇਸ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ। ਸਰਕਾਰਾਂ ਦੀਆਂ ਕਿਸਾਨ-ਮਜਦੂਰ ਵਿਰੋਧੀ ਨੀਤੀਆਂ ਕਾਰਨ ਹੀ ਕਿਸਾਨ -ਮਜਦੂਰ ਖ਼ੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ। ਖ਼ੁਦਕੁਸ਼ੀਆਂ ਦਾ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਪਰ ਐਸਕੇਐਮ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸ਼ੁਰੂ ਕੀਤੇ ਮੋਰਚੇ ਨੂੰ ਜ਼ਬਰ ਨਾਲ ਕੁਚਲਿਆ ਜਾ ਰਿਹਾ ਹੈ। ਕਾਫ਼ਲਾ ਰਵਾਨਾ ਕਰਨ ਸਮੇਂ ਕੁਲਵਿੰਦਰ ਸਿੰਘ ਉੱਪਲੀ, ਕਾਲਾ ਸਿੰਘ ਜੈਦ, ਧੀਰਜ ਸਿੰਘ ਭਦੌੜ, ਜਰਨੈਲ ਸਿੰਘ ਖੁੱਡੀ ਕਲਾਂ, ਸਤਨਾਮ ਸਿੰਘ ਮੂੰਮ, ਸੁਖਦੇਵ ਸਿੰਘ ਕੁਰੜ, ਭਿੰਦਰ ਸਿੰਘ ਮੂੰਮ, ਜੱਗਾ ਸਿੰਘ ਮਹਿਲਕਲਾਂ, ਕੁਲਵੰਤ ਸਿੰਘ ਹੰਢਿਆਇਆ, ਅਮਨਦੀਪ ਸਿੰਘ ਟਿੰਕੂ, ਮਹਿੰਦਰ ਸਿੰਘ ਜੰਗੀਆਣਾ, ਸੱਤਪਾਲ ਸਿੰਘ ਸਹਿਜੜਾ, ਬਲਵੰਤ ਸਿੰਘ ਠੀਕਰੀਵਾਲਾ, ਸਤਨਾਮ ਸਿੰਘ ਬਰਨਾਲਾ, ਬਲੌਰ ਸਿੰਘ ਮੂੰਮ, ਸੁਖਦੇਵ ਸਿੰਘ ਕੁਰੜ, ਗੋਪਾਲ ਕ੍ਰਿਸ਼ਨ, ਜਗਰਾਜ ਸਿੰਘ ਹਮੀਦੀ ਆਦਿ ਆਗੂਆਂ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚੋਂ 14 ਮਾਰਚ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ-ਮਜਦੂਰ ਮਹਾਂਪੰਚਾਇਤ ਵਿੱਚ ਸ਼ਮੂਲੀਅਤ ਕਰ ਰਹੇ ਹਨ। ਆਗੂਆਂ ਦੱਸਿਆ ਕਿ ਦਿੱਲੀ ਜਾਣ ਲਈ ਬਰਨਾਲਾ ਜ਼ਿਲ੍ਹੇ ਦੇ ਕਾਫ਼ਲੇ ਅੱਜ ਧੂਰੀ ਜੰਕਸਨ ਤੋਂ ਬਾਅਦ ਦੁਪਹਿਰ 1.15 ਵਜੇ ਚੱਲਣ ਵਾਲੀ ਰੇਲ ਗੱਡੀ 11058 ਅੰਮ੍ਰਿਤਸਰ-ਮੁੰਬਈ ਰਾਹੀਂ ਰਵਾਨਾ ਹੋਏ। ਰਾਤ ਭਰ ਗੁਰਦੁਆਰਾ ਬੰਗਲਾ ਸਾਹਿਬ ਠਹਿਰਨ ਤੋਂ ਬਾਅਦ ਸਵੇਰੇ 10 ਵਜੇ ਰਾਮ ਲੀਲਾ ਮੈਦਾਨ ਪਹੁੰਚ ਜਾਣਗੇ।