ਯੂਨੀਵਿਸਨ ਨਿਊਜ਼ ਇੰਡੀਆ ਧੂਰੀ
ਰਜਵਾਹੇ ਦੇ ਦੋਵੇਂ ਪਾਸੇ ਲੱਗੀਆਂ ਲੋਹੇ ਦੀਆਂ ਜਾਲੀਆਂ ਉਤਾਰਨ ਦਾ ਕੰਮ ਸ਼ੁਰੂ, ਸ਼ਹਿਰ ਦੇ ਲੋਕਾਂ ਨੂੰ ਰਜਵਾਹੇ ਰੂਪੀ ਇੱਕ ਵੱਡੇ ਕੂੜਾਦਾਨ ਤੋਂ ਮਿਲੇਗਾ ਛੁਟਕਾਰਾ
ਧੂਰੀ ਸ਼ਹਿਰ ਵਿੱਚੋਂ ਲੰਘਦਾ ਰਜਵਾਹਾ ਨਹਿਰੀ ਵਿਭਾਗ ਵੱਲੋਂ ਛੱਤਿਆ ਜਾਵੇਗਾ ਅਤੇ ਇਸ ਦੀਆਂ ਤਿਆਰੀਆਂ ਲੱਗਪੱਗ ਮੁਕੰਮਲ ਹੋ ਚੁੱਕੀਆਂ ਹਨ। ਰਜਵਾਹੇ ਨੂੰ ਛੱਤਣ ਦੀ ਕਾਰਵਾਈ ਆਉਣ ਵਾਲੇ ਦਿਨਾਂ ਵਿੱਚ ਆਰੰਭ ਕਰ ਦਿੱਤੀ ਜਾਵੇਗੀ ਅਤੇ ਨਗਰ ਕੌਂਸਲ ਧੂਰੀ ਵੱਲੋਂ ਰਜਵਾਹੇ ਦੇ ਕੁੱਝ ਹਿੱਸੇ ਉੱਪਰ ਲੱਗੀਆਂ ਸੁਰੱਖਿਆ ਜਾਲੀਆਂ ਨੂੰ ਹਟਾਉਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ ਅਤੇ ਰਜਵਾਹੇ ਦੇ ਦੋਵੇਂ ਪਾਸੇ ਲੱਗੀਆਂ ਲੋਹੇ ਦੀਆਂ ਸੁਰੱਖਿਆ ਜਾਲੀਆਂ ਨੂੰ ਉਤਾਰਨ ਉਪਰੰਤ ਨਹਿਰੀ ਵਿਭਾਗ ਵੱਲੋਂ ਸ਼ਹਿਰ ਵਿੱਚੋਂ ਲੰਘਦਾ ਰਜਵਾਹਾ ਪੂਰੀ ਤਰਾਂ ਛੱਤ ਦਿੱਤਾ ਜਾਵੇਗਾ ਅਤੇ ਸ਼ਹਿਰ ਨਿਵਾਸੀਆਂ ਨੂੰ ਇਸ ਨਾਲ ਭਾਰੀ ਰਾਹਤ ਮਿਲੇਗੀ, ਕਿਉਂਕਿ ਇਸ ਵਕਤ ਇਸ ਰਜਵਾਹੇ ਨੂੰ ਲੋਕਾਂ ਵੱਲੋਂ ਇੱਕ ਵੱਡੇ ਕੂੜਾਦਾਨ ਵਜੋਂ ਵੀ ਵਰਤਿਆ ਜਾ ਰਿਹਾ ਹੈ ਅਤੇ ਸ਼ਹਿਰ ਦੀ ਜਿਆਦਾਤਰ ਗੰਦਗੀ ਇਸ ਰਜਵਾਹੇ ਵਿੱਚ ਸੁੱਟੀ ਜਾ ਰਹੀ ਹੈ ਜਿਸ ਨਾਲ ਅਨੇਕਾਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਸ੍ਰੀ ਸਤਿੰਦਰ ਸਿੰਘ ਚੱਠਾ, ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਲੱਖਾ, ਮਾਰਕਿਟ ਕਮੇਟੀ ਦੇ ਚੇਅਰਮੈਨ ਸ੍ਰੀ ਰਾਜਵੰਤ ਸਿੰਘ ਘੁੱਲੀ, ਆਪ ਆਗੂ ਡਾ. ਅਨਵਰ ਭਸੌੜ ਅਤੇ ਸ੍ਰੀ ਅੰਮ੍ਰਿਤ ਬਰਾੜ ਆਦਿ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਵਿੱਚੋਂ ਲੰਘਦਾ ਰਜਵਾਹਾ ਸ਼ਹਿਰ ਨਿਵਾਸੀਆਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਸੀ ਜਿਸ ਦੇ ਚਲਦਿਆਂ ਓ.ਐਸ.ਡੀ. ਪ੍ਰੋ. ਓਂਕਾਰ ਸਿੰਘ ਅਤੇ ਡਾ. ਗੁਰਪ੍ਰੀਤ ਕੌਰ ਮਾਨ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ 32.76 ਕਰੋੜ ਰੁਪਏ ਦੀ ਰਾਸ਼ੀ ਖਰਚ ਕੇ ਇਹ ਰਜਵਾਹਾ ਛੱਤਿਆ ਜਾ ਰਿਹਾ ਹੈ ਅਤੇ ਇਸ ਨਾਲ ਸ਼ਹਿਰ ਦੇ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ ਅਤੇ ਧੂਰੀ ਸ਼ਹਿਰ ਵਿੱਚੋਂ ਕਾਰਾਂ ਆਦਿ ਦੀ ਪਾਰਕਿੰਗ ਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਧੂਰੀ ਵਿੱਚ ਕਰੋੜਾਂ ਰੁਪਏ ਖਰਚ ਕੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਹੋਰ ਅਨੇਕਾਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਸ਼ਹਿਰ ਵਿੱਚੋਂ ਲੰਘਦੇ ਰਜਵਾਹੇ ਦੇ ਦੋਵੇਂ ਪਾਸੇ ਕਰੀਬ 65 ਲੱਖ ਰੁਪਏ ਦੀ ਲਾਗਤ ਨਾਲ ਲੋਹੇ ਦੀਆਂ ਸੁਰੱਖਿਆ ਜਾਲੀਆਂ ਲਗਵਾਈਆਂ ਗਈਆਂ ਸਨ ਜਿਸ ਨੂੰ ਹੁਣ ਨਗਰ ਕੌਂਸਲ ਵੱਲੋਂ ਉਤਾਰਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਵੱਲੋਂ ਉਤਾਰੀਆਂ ਗਈਆਂ ਇਹ ਲੋਹੇ ਦੀਆਂ ਜਾਲੀਆਂ ਨੂੰ ਸ਼ਹਿਰ ਵਿੱਚ ਕਿਸੇ ਹੋਰ ਵਿਕਾਸ ਕਾਰਜਾਂ ਲਈ ਵਰਤੇ ਜਾਣ ਦੀ ਸੰਭਾਵਨਾ ਵੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਇਹ ਰਜਵਾਹਾ ਛੱਤਣ ਉਪਰੰਤ ਇਸ ਉੱਪਰ ਰੇਲਵੇ ਓਵਰ ਬ੍ਰਿਜ ਬਨਣ ਦੀ ਖੁੰਡ ਚਰਚਾ ਪੂਰੇ ਜ਼ੋਰਾਂ ਤੇ ਹੈ।
Posted By SonyGoyal