ਬਰਨਾਲਾ, 21 ਮਾਰਚ ਸੋਨੀ ਗੋਇਲ

ਲੋਕ ਸਭਾ ਚੋਣਾਂ 2024 : ਅਸਲਾ ਧਾਰਕ ਅਸਲਾ ਸਬੰਧਿਤ ਥਾਣੇ ਜਾਂ ਅਸਲਾ ਕੋਠੀ ਵਿਖੇ ਜਮ੍ਹਾਂ ਕਰਵਾਉਣ, ਜ਼ਿਲ੍ਹਾ ਪੁਲਿਸ ਮੁਖੀ

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ 50000 ਰੁਪਏ ਤੋਂ ਵੱਧ ਕੈਸ਼ ਲੈ ਕੇ ਚੱਲਣ ਸਮੇਂ ਨਾਲ ਕੈਸ਼ ਦੇ ਵੇਰਵਿਆਂ ਸਬੰਧੀ ਦਸਤਾਵੇਜ਼ ਹੋਣੇ ਜ਼ਰੂਰੀ ਹਨ।

ਇਸ ਗੱਲ ਦਾ ਪ੍ਰਗਟਾਵਾਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਮਲਿਕ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਦੱਸਿਆ ਕਿ ਜੇਕਰ 50000 ਰੁਪਏ ਤੋਂ ਵੱਧ ਕੈਸ਼ ਲੈ ਕੇ ਜਾਣ ਵਾਲੇ ਵਿਅਕਤੀ ਕੋਲ ਕੈਸ਼ ਸਬੰਧੀ ਦਸਤਾਵੇਜ਼ ਸਹੀ ਪਾਏ ਜਾਣਗੇ ਤਾਂ ਉਹ ਕੈਸ਼ ਲੈ ਕੇ ਜਾ ਸਕਦਾ ਹੈ ਨਹੀਂ ਤਾਂ ਉਸ ਕੈਸ਼ ਨੂੰ ਜ਼ਿਲ੍ਹਾ ਖਜਾਨੇ ‘ਚ ਜਮ੍ਹਾਂ ਕਰਵਾ ਕੇ ਉਸ ਦੀ ਅੱਗੇ ਕਾਰਵਾਈ ਕੀਤੀ ਜਾਵੇਗੀ।

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜਾਬਤੇ ਦੀ ਉਲੰਘਣਾਂ ਸਬੰਧੀ ਲੋਕ ਸੀ ਵਿਜਿਲ ਮੋਬਾਈਲ ਐੱਪ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਜਿਸ ਦਾ ਹੱਲ 100 ਮਿੰਟਾਂ ਦੇ ਅੰਦਰ ਅੰਦਰ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਉੱਤੇ ਸ਼ਿਕਾਇਤ ਕੇਂਦਰ ਸਥਾਪਤ ਕੀਤਾ ਗਿਆ ਹੈ, ਜਿਸ ਉੱਤੇ 01679 – 244333 ਉੱਤੇ ਸੰਪਰਕ ਕਰਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ‘ਚ ਦੋ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਉਨ੍ਹਾਂ ਦਾ ਹੱਲ ਕਰ ਦਿੱਤਾ ਗਿਆ ਹੈ ।

ਉਨ੍ਹਾਂ ਵਧੇਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਭਰ ਦੇ ਜਨਤਕ ਦਫ਼ਤਰਾਂ, ਜਨਤਕ ਥਾਵਾਂ ਅਤੇ ਹੋਰ ਥਾਵਾਂ ਤੋਂ ਪੋਸਟਰ, ਬੈਨਰ ਆਦਿ ਹਟਾ ਦਿੱਤੇ ਗਏ ਹਨ।

ਇਨ੍ਹਾਂ ‘ਚ 151 ਥਾਵਾਂ ਉੱਤੇ ਦੀਵਾਰਾਂ ਉੱਤੇ ਲਿਖੇ ਗਏ ਸੰਦੇਸ਼, 148 ਪੋਸਟਰ, 25 ਬੈਨਰ ਅਤੇ 338 ਇਸ ਤਰ੍ਹਾਂ ਦੀ ਸਮੱਗਰੀ ਹਟਾਈ ਗਈ ਹੈ।

ਉਨ੍ਹਾਂ ਕਿਹਾ ਕਿ ਜੇ ਕਰ ਕੋਈ ਵਿਅਕਤੀ ਨਿੱਜੀ ਤੌਰ ਉੱਤੇ ਆਪਣੀ ਇਮਾਰਤ ਉੱਤੇ ਕਿਸੇ ਵੀ ਕਿਸਮ ਦੀ ਚੋਣ ਸਮੱਗਰੀ ਲਗਾਉਣ ਦਿੰਦਾ ਹੈ ਤਾਂ ਉਹ ਇਸ ਸਬੰਧੀ ਕਨਸੇਂਟ ਆਪਣੇ ਕੋਲ ਲਿਖ ਕੇ ਰੱਖਣਗੇ।

ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਨੇ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਸਲਾ ਸਬੰਧਿਤ ਪੁਲਿਸ ਥਾਣੇ ਜਾਂ ਅਸਲਾ ਕੋਠੀ ਵਿਖੇ ਅਗਲੇ 7 ਦਿਨਾਂ ਦੇ ਅੰਦਰ ਅੰਦਰ ਜਮ੍ਹਾਂ ਕਰਵਾਉਣ।

ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ 11 ਐੱਫ. ਆਈ. ਆਰ ਦਰਜ ਕਰਕੇ, 15 ਦੋਸ਼ੀ ਗਿਰਫ਼ਤਾਰ ਕੀਤੇ ਗਏ ਅਤੇ ਨਾਲ ਹੀ ਨਸ਼ੀਲੇ ਪਦਾਰਥ ਫੜੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੁਲਿਸ ਵੱਲੋਂ ਲਗਾਤਾਰ ਨਾਲ ਲੱਗਦੇ ਜ਼ਿਲ੍ਹਿਆਂ ਦੀ ਹੱਦ ਨਾਲ ਨਾਕੇ ਲਗਾ ਕੇ ਆਉਣ ਜਾਣ ਵਾਲੇ ਲੋਕਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ।

ਬਰਨਾਲਾ ਪੁਲਿਸ ਦੇ ਨਾਲ ਨਾਲ ਸੁਰੱਖਿਆ ਬਲਾਂ ਦੀ ਫੋਰਸ ਵੀ ਬਰਨਾਲਾ ਵਿਖੇ ਤਾਇਨਾਤ ਹੈ ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ‘ਚ ਕੁੱਲ 9 ਫਲਾਇੰਗ ਸਕੁਐਡ ਟੀਮਾਂ ਤਾਇਨਾਤ ਹਨ ਜਿਨ੍ਹਾਂ ਵੱਲੋਂ ਹਰ ਇੱਕ ਵਿਧਾਨ ਸਭਾ ਖੇਤਰ ਉੱਤੇ ਨਜ਼ਰ ਰੱਖੀ ਜਾ ਰਹੀ ਹੈ ।

ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਨੁਪ੍ਰਿਤਾ ਜੋਹਲ, ਐੱਸ.ਪੀ. ਸ਼੍ਰੀ ਜਗਦੀਸ਼ ਬਿਸ਼ਨੋਈ , ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੇਘਾ ਮਾਨ ਅਤੇ ਹੋਰ ਅਫ਼ਸਰ ਹਾਜ਼ਰ ਸਨ ।

Posted By SonyGoyal

Leave a Reply

Your email address will not be published. Required fields are marked *