ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਝੂਠ ਬੋਲਣ ਦਾ ਦੋਸ਼ ਲਾਇਆ ਹੈ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਬਾਦਲ ਪਰਿਵਾਰ ਖਿਲਾਫ਼ ਝੂਠੇ ਦੋਸ਼ ਲਾਉਣ ’ਤੇ ਦਸ ਦਿਨਾਂ ਵਿਚ ਮਾਫ਼ੀ ਮੰਗਣ ਲਈ ਕਿਹਾ ਹੈ। ਅਜਿਹਾ ਨਾ ਕਰਨ ’ਤੇ ਕਾਨੂੰਨੀ ਤੇ ਮਾਣਹਾਨੀ ਕੇਸ ਦਾਇਰ ਕਰਨ ਦੀ ਚਿਤਾਵਨੀ ਦਿੱਤੀ ਹੈ। 

ਸੁਖਬੀਰ ਬਾਦਲ ਨੇ ਅੱਜ ਤੱਥ ਪੇਸ਼ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਬੋਲਦਾ ਬਹਿਸ ਦੇ ਨਾਂ ’ਤੇ ਬਾਦਲ ਪਰਿਵਾਰ ’ਤੇ ਚੌਧਰੀ ਦੇਵੀ ਲਾਲ ਦੀ ਮਦਦ ਨਾਲ ਹਰਿਆਣਾ ’ਚ ਬਾਲਾਸਰ ਫਾਰਮ ਹਾਊਸ ਲਈ ਭਾਖੜਾ ਮੇਨ ਲਾਈਨ ਤੋਂ ਨਹਿਰ ਬਣਾਉਣ ਦਾ ਦੋਸ਼ ਲਾਇਆ ਹੈ। ਚੌਧਰੀ ਦੇਵੀ ਲਾਲ 1977 ਵਿਚ ਹਰਿਆਣਾ ਦੇ ਮੁੱਖ ਮੰਤਰੀ ਬਣੇ ਸਨ, ਜਦਕਿ ਨਹਿਰ ਦੀ ਉਸਾਰੀ ਦਾ ਕੰਮ 1955 ’ਚ ਸ਼ੁਰੂ ਹੋਇਆ ਸੀ ਤੇ ਉਸ ਸਮੇਂ ਹਰਿਆਣਾ ਸੂਬਾ ਹੋਂਦ ’ਚ ਵੀ ਨਹੀਂ ਆਇਆ ਸੀ। ਸੁਖਬੀਰ ਬਾਦਲ ਨੇ ਆਪਣੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਬਾਲਾਸਰ ਨੂੰ ਜਾਣ ਵਾਲੀ ਬ੍ਰਾਂਚ ਦਾ ਕੰਮ 13 ਮਾਰਚ 1964 ਨੂੰ ਪੂਰਾ ਹੋ ਗਿਆ ਸੀ। ਬਾਲਾਸਰ ਦੀ ਜ਼ਮੀਨ ਨਾਨਕਿਆਂ ਦੀ ਜ਼ਮੀਨ ਸੀ, ਜੋ ਬਾਦਲ ਸਾਹਿਬ (ਪ੍ਰਕਾਸ਼ ਸਿੰਘ ਬਾਦਲ) ਨੂੰ ਹਿੱਸੇ ਵਜੋਂ ਮਿਲੀ ਸੀ ਅਤੇ ਇਹ ਜ਼ਮੀਨ ਆਜ਼ਾਦੀ ਤੋਂ ਪਹਿਲਾਂ ਤੋਂ ਉਨ੍ਹਾਂ ਦੇ ਪਰਿਵਾਰ ਕੋਲ ਹੈ। ਸੁਖਬੀਰ ਨੇ ਕਿਹਾ ਕਿ ਜੇ ਮੁੱਖ ਮੰਤਰੀ ਨੇ ਦਸ ਦਿਨਾਂ ’ਚ ਇਹ ਝੂਠ ਬੋਲਣ ’ਤੇ ਮਾਫ਼ੀ ਨਾ ਮੰਗੀ ਤਾਂ ਉਹ ਮਾਣਹਾਨੀ ਦਾ ਮਾਮਲਾ ਦਰਜ ਕਰਵਾਉਣਗੇ।

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਦੁਆਰਾ ਐੱਸਵਾਈਐੱਲ ਨਹਿਰ ਦੇ ਬਦਲੇ ਗੁੜਗਾਓਂ ਵਿਚ ਜ਼ਮੀਨ ਦੇਣ ਦੇ ਲਗਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਪਹਿਲਾਂ ਤੱਥਾਂ ਦੀ ਜਾਂਚ ਕਰਨੀ ਚਾਹੀਦੀ ਹੈ। ਐੱਸਵਾਈਐੱਲ ਬਣਾਉਣ ਦੀ ਸਿਧਾਂਤਕ ਪ੍ਰਵਾਨਗੀ 1976 ਵਿਚ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਦਿੱਤੀ ਸੀ ਜਦਕਿ ਹੋਟਲ ਬਣਾਉਣ ਲਈ ਮੈਨੂੰ (ਸੁਖਬੀਰ) ਗੁੜਗਾਓਂ ਦੀ ਜ਼ਮੀਨ 1989 ਵਿਚ ਹਰਿਆਣਾ ਸਰਕਾਰ ਦੀ ਉਦਯੋਗਿਕ ਨੀਤੀ ਤਹਿਤ ਅਲਾਟ ਹੋਈ। ਇਸ ਅਲਾਟਮੈਂਟ ਤੋਂ ਸੱਤ ਸਾਲ ਪਹਿਲਾਂ ਬਾਦਲ ਸਾਹਿਬ ਨੇ ਐੱਸਵਾਈਐੱਲ ਦਾ ਨਿਰਮਾਣ ਰੋਕਣ ਲਈ ਕਪੂਰੀ ਮੋਰਚਾ ਲਾਇਆ ਸੀ। ਚੌਧਰੀ ਦੇਵੀ ਲਾਲ ਨੂੰ ਸਵ. ਪ੍ਰਕਾਸ਼ ਸਿੰਘ ਬਾਦਲ ਕਾਰਨ ਹੀ ਸੁਪਰੀਮ ਕੋਰਟ ਜਾਣਾ ਪਿਆ ਸੀ ਕਿ ਪੰਜਾਬ ਸਰਕਾਰ ਪਾਣੀ ਨਹੀਂ ਦੇ ਰਹੀ।

Leave a Reply

Your email address will not be published. Required fields are marked *