ਸਨੀ ਮਹਿਰਾ, ਅੰਮ੍ਰਿਤਸਰ

ਕਵੀਸ਼ਰੀ ਤੇ ਵਾਰਾਂ ਰਾਹੀਂ ਯੁਵਾ ਪੀੜ੍ਹੀ ਨੂੰ ਪੰਜਾਬੀਆਂ ਦੇ ਬਹਾਦੁਰੀ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ:

ਪੰਜਾਬ ਰਾਜ ਯੁਵਕ ਮੇਲੇ ਦੇ ਤੀਜੇ ਦਿਨ ਕਲਾਸੀਕਲ ਨਾਚਾਂ ਨੇ ਛਾਪ ਛੱਡੀ:

ਰਾਜ-ਪੱਧਰੀ ਯੁਵਕ ਮੇਲੇ ਵਿੱਚ ਅੰਮ੍ਰਿਤ ਮਾਨ ਦਾ ਜਾਦੂ ਸਿਰ ਚੜ੍ਹ ਬੋਲਿਆ:

ਯੁਵਕ ਸੇਵਾਵਾਂ ਵਿਭਾਗ ਪੰਜਾਬ ਮੰਤਰੀ ਮੀਤ ਹੇਅਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤੇ ਵਿਸ਼ੇਸ ਮੁੱਖ ਸਕੱਤਰ, ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਸ. ਸਰਬਜੀਤ ਸਿੰਘ, ਆਈ.ਏ.ਐਸ. ਦੀ ਰਹਿਨੁਮਾਈ ਹੇਠ ਡਾਇਰੈਕਟਰ, ਯੁਵਕ ਸੇਵਾਵਾਂ ਪੰਜਾਬ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਆਈ.ਏ.ਐਸ. ਦੀ ਅਗਵਾਈ ਵਿੱਚ ਯੁਵਕ ਸੇਵਾਵਾਂ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ 4 ਰੋਜਾਂ ਅੰਤਰ-ਵਰਸਿਟੀ ਯੁਵਕ ਮੇਲੇ ਦੇ ਤੀਜੇ ਦਿਨ ਦਸ਼ਮੇਸ਼ ਆਡੀਟੋਰੀਅਮ ਵਿੱਚ ਲੋਕ-ਨਾਚਾਂ ਦੇ ਮੁਕਾਬਲੇ ਕਰਵਾਏ ਗਏ।

ਇਨ੍ਹਾਂ ਵਿੱਚ ਝੂਮਰ ਤੇ ਲੁੱਡੀ ਨਾਚਾਂ ਨੇ ਪੂਰੇ ਆਡੀਟੋਰੀਅਮ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ।

ਦਰਸ਼ਕਾਂ ਦੇ ਉਤਸ਼ਾਹ ਦਾ ਠਾਠਾਂ ਮਾਰਦਾ ਸਮੁੰਦਰ ਸੋਚਣ ਲਈ ਮਜ਼ਬੂਰ ਕਰਦਾ ਸੀ ਕਿ ਜੇਕਰ ਸੱਭਿਆਚਾਰ ਨੂੰ ਸਹੀ ਤਰੀਕੇ ਨਾਲ ਸਾਂਭਿਆ ਜਾਵੇ ਤਾਂ ਯੁਵਾ ਪੀੜ੍ਹੀ ਆਪਣੇ ਪੂਰੇ ਜੋਸ਼ ਨਾਲ ਇਸ ਨੂੰ ਅਪਣਾਉਂਦੀ ਹੈ।

ਗੋਲਡਨ ਜੁਬਲੀ ਕੰਨਵੈਨਸ਼ਨ ਸੈਂਟਰ ਵਿੱਚ ਕਵੀਸ਼ਰੀ, ਵਾਰ-ਗਾਇਨ ਅਤੇ ਕਲੀ ਦੇ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ ਆਈਆਂ ਹੋਈਆਂ ਟੀਮਾਂ ਨੇ ਆਪਣੀਆਂ ਪੇਸ਼ਕਾਰੀਆਂ ਕੀਤੀਆਂ।

ਇਨ੍ਹਾਂ ਪੇਸ਼ਕਾਰੀਆਂ ਵਿੱਚ ਪੰਜਾਬੀਆਂ ਦੇ ਬਹਾਦੁਰੀ ਭਰੇ ਸ਼ਾਨਾਮੱਤੀ ਇਤਿਹਾਸ ਨੂੰ ਗਾਇਆ ਗਿਆ।

ਢੱਡ ਤੇ ਸਰੰਗੀ ਪੇਸ਼ ਕਰਦੇ ਕਲਾਕਾਰ ਕਿਤੇ ਗਵਾਚ ਚੁੱਕੇ ਪੰਜਾਬ ਨੂੰ ਸਾਰਿਆਂ ਦੇ ਸਾਹਮਣੇ ਪੇਸ਼ ਕਰ ਰਹੇ ਸਨ।

ਦਰਸ਼ਕਾਂ ਨਾਲ ਖਚਾ-ਖਚ ਭਰਿਆ ਗੋਲਡਨ ਜੁਬਲੀ ਕੰਨਵੈਨਸ਼ਨ ਸੈਂਟਰ ਇਸ ਗੱਲ ਦਾ ਗਵਾਹ ਬਣਿਆ ਕਿ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਇਹ ਪਹਿਲ ਯੁਵਾ ਪੀੜ੍ਹੀ ਨੂੰ ਜੜ੍ਹਾਂ ਨਾਲ ਜੋੜਣ ਵਿੱਚ ਕਾਮਯਾਬ ਰਹੀ ਹੈ।

ਤੀਸਰੀ ਸਟੇਜ ਤੇ ਕਲਾਸੀਕਲ ਨਾਚ (ਕੱਥਕ, ਭਾਰਤ ਨਾਟੀਯਮ, ਉੜੀਸੀ ਅਤੇ ਕੱਥਕ-ਕਲੀ ਕਰਵਾਏ ਗਏ।

ਟੀਮਾਂ ਵੱਲੋਂ ਭਾਰਤ ਦੇ ਅਮੀਰ ਕਲਾਸੀਕਲ ਵਿਰਸੇ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਇ ਗਿਆ। ਭਾਰਤੀ ਨਾਚਾਂ ਦੇ ਅਮੀਰ ਵਿਰਸੇ ਨਾਲ ਯੁਵਾ ਪੀੜ੍ਹੀ ਨੂੰ ਜੋੜਣ ਦਾ ਜੋ ਬੀੜਾ ਵਿਭਾਗ ਵੱਲੋਂ ਚੁੱਕਿਆ ਗਿਆ ਹੈ, ਦਰਸ਼ਕਾਂ ਦੀ ਭਰਪੂਰ ਹਾਜ਼ਰੀ ਇਸ ਉੱਦਮ ਦੀ ਸਫਲਤਾ ਦਾ ਪ੍ਰਮਾਣ ਸੀ।

ਕਾਨਫਰੰਸ ਹਾਲ ਵਿੱਚ ਭਾਸ਼ਣ ਅਤੇ ਵਾਦ-ਵਿਵਾਦ ਦੇ ਮੁਕਾਬਲੇ ਕਰਵਾਏ ਗਏ। ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਉਲੀਕੇ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਰਾਜ-ਭਰ ਤੋਂ ਆਈਆਂ 17 ਟੀਮਾਂ ਨੇ ਹਿੱਸਾ ਲਿਆ।

ਆਪਣੇ-ਆਪਣੇ ਵਿਚਾਰਾਂ ਰਾਹੀਂ ਜੱਜਾਂ ਨੂੰ ਪ੍ਰਭਾਵਿਤ ਕਰਨ ਲਈ ਕੋਸ਼ਿਸ ਕੀਤੀ।

ਇਨ੍ਹਾਂ ਮੁਕਾਬਲਿਆਂ ਵਿੱਚ ਯੁਵਾ ਪੀੜ੍ਹੀ ਦੇ ਸੂਖਮ ਦਿਮਾਗ ਨੇ ਦਰਸ਼ਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਅਸੀਂ ਆਪਣੀ ਸੋਚ ਦਾ ਦਾਇਰਾ ਕਿੰਨਾ ਜ਼ਿਆਦਾ ਵਿਕਸਿਤ ਕਰ ਸਕਦੇ ਹਾਂ।

ਵਿਦਿਆਰਥੀ ਕਲਾਕਾਰਾਂ ਵੱਲੋਂ ਜਿੱਥੇ ਖੁਦ ਪੇਸ਼ਕਾਰੀਆਂ ਦਿੱਤੀਂਆਂ ਜਾ ਰਹੀਆਂ, ਅੱਜ ਉਨ੍ਹਾਂ ਦੇ ਮਨੋਰੰਜਨ ਵਾਸਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਮਸ਼ਹੂਰ ਅਦਾਕਾਰ ਅੰਮ੍ਰਿਤ ਮਾਨ ਨੂੰ ਬੁਲਾਇਆ ਗਿਆ ਸੀ।

ਤੀਜੇ ਦਿਨ ਦੇ ਯੁਵਕ ਮੇਲੇ ਦਾ ਸਿਖਰ ਉਦੋਂ ਹੋ ਗਿਆ ਜਦੋਂ ਦਸ਼ਮੇਸ਼ ਆਡੀਟੋਰੀਅਮ ਦੀ ਸਟੇਜ ਤੇ ਮਸ਼ਹੂਰ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਵੱਲੋਂ ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਆਪਣੀ ਪੇਸ਼ਕਾਰੀ ਦਿੱਤੀ।

ਲਗਾਤਾਰ 2 ਘੰਟੇ ਤੋਂ ਵੱਧ ਚੱਲੇ ਇਸ ਪੇਸ਼ਕਾਰੀ ਦੌਰਾਨ ਗੀਤ-ਸੰਗੀਤ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ। ਰਾਜ-ਭਰ ਤੋਂ ਆਏ ਹੋਏ ਸਮੂਹ ਵਿਦਿਆਰਥੀ ਕਲਾਕਾਰਾਂ ਵੱਲੋਂ ਇਸ ਪੇਸ਼ਕਾਰੀ ਦਾ ਭਰਪੂਰ ਅਨੰਦ ਮਾਣਿਆ ਗਿਆ।

Posted By SonyGoyal

Leave a Reply

Your email address will not be published. Required fields are marked *