ਯੂਨੀਵਿਸੀਜਨ ਨਿਊਜ਼ ਇੰਡੀਆ

( ਪ੍ਰੋ. ਸਰਚਾਂਦ ਸਿੰਘ ਖਿਆਲਾ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਨਾਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਵਾਰ ਸੰਗਤ ਨੂੰ ਪੰਥਕ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੀ ਕਿਰਦਾਰਕੁਸ਼ੀ ਕਰ ਰਹੀਆਂ ਤਾਕਤਾਂ ਤੋਂ ਸੁਚੇਤ ਹੋਣ ਦਾ ਹੋਕਾ ਦਿੱਤਾ ਸੀ।

ਪਰ ਹੈਰਾਨੀ ਦੀ ਗਲ ਹੈ ਕਿ ਪੰਥ ਦੀਆਂ ਅਹਿਮ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦਾ ਅਕਸ ਖ਼ਰਾਬ ਕਰਨ ਵਾਲੇ ਆਪਣੇ ਹੀ ਲੋਕ ਹੋਣਗੇ ਇਸ ਦਾ ਤਸੱਵਰ ਕਿਸੇ ਨੇ ਨਹੀਂ ਕੀਤਾ ਸੀ।

ਹਾਲ ਹੀ ’ਚ ਅਕਾਲੀ ਲੀਡਰਸ਼ਿਪ ਦੇ ਇਕ ਹਿੱਸੇ ਵੱਲੋਂ ਪੰਥ ’ਚ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਵਜੋਂ ਪ੍ਰਸਿੱਧ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਇਸ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ।

ਇਸ ਦੂਸ਼ਣਬਾਜ਼ੀ ਲਈ ਅਕਾਲੀ ਦਲ ਦਾ ਸੋਸ਼ਲ ਮੀਡੀਆ ਕਾਫ਼ੀ ਤੇਜ਼ੀ ਦਿਖਾ ਰਿਹਾ ਹੈ।

ਅਕਾਲੀ ਦਲ ਦੇ ਨੇਤਾਵਾਂ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਾਰ ਨਵਾਬ ਕਪੂਰ ਸਿੰਘ ਛਾਉਣੀ ਨਿਹੰਗ ਸਿੰਘਾਂ ਸੁਲਤਾਨਪੁਰ ਲੋਧੀ ਉਪਰ ਜ਼ਿੰਮੇਵਾਰ ਸਿੰਘਾਂ ਦੀ ਗੈਰ ਮੌਜੂਦਗੀ ’ਚ ਨਿਹੰਗ ਸਿੰਘਾਂ ਦੀ ਦੂਜੀ ਧਿਰ ਵੱਲੋਂ ਕੀਤੀ ਗਈ ਕਾਰਵਾਈ ਦਾ ਪੱਖ ਪੂਰਨ ਲਈ ਇਸ ਅਸਥਾਨ ਦੀ ਸੇਵਾ ਸੰਭਾਲ ਕਰ ਰਹੇ ਜਥੇਦਾਰ ਬਾਬਾ ਬਲਬੀਰ ਸਿੰਘ ਖ਼ਿਲਾਫ਼ ਜਿਸ ਤਰਾਂ ਦੀ ਦੂਸ਼ਣਬਾਜੀ ਕੀਤੀ ਜਾ ਰਹੀ ਹੈ, ਉਸ ਨਾਲ ਸਿੱਖ ਪੰਥ ਦੀ ਮਜ਼ਬੂਤੀ ਅਤੇ ਏਕਤਾ ਦੇ ਕੀਤੇ ਜਾ ਰਹੇ ਯਤਨਾਂ ਨੂੰ ਵੀ ਭਾਰੀ ਸੱਟ ਵੱਜ ਰਹੀ ਹੈ।

ਬਾਬਾ ਬਲਬੀਰ ਸਿੰਘ ਦੇ ਪਰਿਵਾਰ ਦੇ 7 ਜੀਅ ਇਨ੍ਹਾਂ ਲੜਾਈਆਂ ਕਾਰਨ ਜਾਨ ਗਵਾ ਚੁੱਕੇ ਹਨ।

ਪਹਿਲਾਂ ਸਤੰਬਰ 2007 ਵਿਚ ਪਟਿਆਲੇ ਅਤੇ ਜਨਵਰੀ 2009 ਵਿਚ ਬਠਿੰਡਾ ਜ਼ਿਲ੍ਹੇ ਵਿਚ ਬੁੱਢਾ ਦਲ ਉਪਰ ਹਮਲੇ ਹੋਏ ਸਨ ।

ਉਦੋਂ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਹਮਲਿਆਂ ਦੇ ਦੋਸ਼ੀਆਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ।

ਜ਼ਮਾਨਤਾਂ ਉਪਰ ਬਾਹਰ ਆ ਰਹੇ ਹਮਲਾਵਰਾਂ ਵੱਲੋਂ ਸਿਆਸੀ ਸ਼ਹਿ ’ਤੇ ਬੁੱਢਾ ਦਲ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਉਪਰ ਕਬਜ਼ੇ ਲਈ ਕੀਤੇ ਜਾ ਰਹੇ ਹਮਲਿਆਂ ਨੂੰ ਹਮਾਇਤ ਦੇਣ ਵਾਲੀ ਲੀਡਰਸ਼ਿਪ ਸਿੱਖ ਪੰਥ ਦੀ ਏਕਤਾ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦੇ ਹਿੱਸੇਦਾਰ ਬਣ ਰਹੇ ਹਨ।

ਹਾਲਾਂ ਕਿ ਪੁਰਾਣੀਆਂ ਗ਼ਲਤੀਆਂ ਤੋਂ ਸਬਕ ਸਿੱਖਣ ਦੀ ਲੋੜ ਸੀ। ਛਾਉਣੀ ਦਾ ਵਿਵਾਦ ਕਾਫ਼ੀ ਪੁਰਾਣਾ ਹੈ।

ਕਬਜ਼ੇ ਦੀ ਭਾਵਨਾ ਦੀ ਥਾਂ ਦਲ ਪੰਥ ਦੇ ਆਗੂਆਂ ਨੂੰ ਮਿਲ ਬੈਠ ਕੇ ਮਸਲੇ ਦਾ ਹੱਲ ਕੱਢ ਲਿਆ ਜਾਣਾ ਚਾਹੀਦਾ ਸੀ।

ਜਿਸ ਦਲ ਪੰਥ ਪ੍ਰਤੀ ਪ੍ਰਾਪੇਗੰਡੇ ਦੀ ਖੇਡ ਅਕਾਲੀਆਂ ਵੱਲੋਂ ਖੇਡੀ ਜਾ ਰਹੀ ਹੈ ਉਹ ਗੁਰੂ ਪੰਥ ਦੀ ਇਤਿਹਾਸਕ ਜਥੇਬੰਦੀ ਹੈ।

ਜਿਸ ਦੀਆਂ ਪੰਥ ਅਤੇ ਦੇਸ਼ ਕੌਮ ਪ੍ਰਤੀ ਵੱਡੀਆਂ ਘਾਲਣਾਵਾਂ ਹਨ।

ਮੁਗ਼ਲ ਅਤੇ ਅਫ਼ਗ਼ਾਨੀਆਂ ਤੋਂ ਇਲਾਵਾ ਦੇਸ਼ ਦੀ ਆਨ ਸ਼ਾਨ ਅਤੇ ਪੰਜਾਬ ’ਤੇ ਖ਼ਾਲਸਾਈ ਝੰਡਾ ਝੁਲਾਉਣ ਅਤੇ ਫਿਰ ਇਸ ਦੀ ਅਜ਼ਾਦੀ ਖ਼ਾਤਰ ਅੰਗਰੇਜ਼ਾਂ ਨਾਲ ਯੁੱਧ ਕਰਦਿਆਂ ਕੁਰਬਾਨੀਆਂ ਦਾ ਇਤਿਹਾਸ ਸਿਰਜਣ ’ਚ ਇਹ ਜਥੇਬੰਦੀ ਹਮੇਸ਼ਾਂ ਮੂਹਰੇ ਰਹੀ।

ਬੁੱਢਾ ਦਲ ਦੇ ਮੁਖੀ ਤੇ ਸਾਰੇ ਨਿਹੰਗ ਸਿੰਘ ਨੀਲੇ ਵਸਤਰ ਪਹਿਨਦੇ ਹਨ ਅਤੇ ਸਿੱਖੀ ਜੀਵਨ ਪੱਖੋਂ ਵੀ ਮਰਯਾਦਾ ਦੇ ਪੱਕੇ ਧਾਰਨੀ ਹਨ।

ਨਿਹੰਗ ਸਿੰਘਾਂ ਦਾ ਜ਼ਿਆਦਾਤਰ ਸਬੰਧ ਖ਼ਾਲਸਾ ਪੰਥ ਬੁੱਢਾ ਦਲ ਨਾਲ ਸੀ।

ਇਕ ਸਮਾਂ ਸੀ ਜਦੋਂ ਬੁੱਢਾ ਦਲ ਵਿਚ ਸਿੰਘਾਂ ਦੀ ਤੇਜ਼ੀ ਨਾਲ ਵਧਦੀ ਭਰਤੀ ਨੂੰ ਵੇਖਦਿਆਂ ਸਿੰਘ ਸਾਹਿਬ ਬਾਬਾ ਨਵਾਬ ਕਪੂਰ ਸਿੰਘ ਜੀ ਨੇ ਸਿਰ ਕੱਢ ਸਿਆਣੇ ਸਿੰਘਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਗੁਰਮਤਾ ਪਕਾਇਆ ਅਤੇ ਬੁੱਢਾ ਦਲ ਦੀ ਅਗਵਾਈ ਵਿਚ ਪੰਜ ਤਰਨਾ ਦਲ ਬਣਾ ਕੇ ਇਨ੍ਹਾਂ ਦਾ ਉਤਾਰਾ ਪੰਜ ਸਰੋਵਰਾਂ ’ਤੇ ਕੀਤਾ।

ਇਹ ਸਮੂਹ ਤਰਨਾ ਦਲ ਅੱਜ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿੱਚ ਹੀ ਵਿਚਰਦੇ ਹਨ।

ਨਿਹੰਗ ਸਿੰਘਾਂ ਦੀਆਂ ਛਾਉਣੀਆਂ ਵਿਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸ੍ਰੀ ਦਸਮ ਗ੍ਰੰਥ ਸਾਹਿਬ ਅਤੇ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ।

ਇਹ ਨਿੱਤਨੇਮ ਕਰਨ ਵਿੱਚ ਪੱਕੇ ਹਨ ਅਤੇ ਸਿੱਖ ਮਰਯਾਦਾ ਦੇ ਧਾਰਨੀ ਹਨ।

ਚੰਡੀ ਦੀ ਵਾਰ ਦਾ ਨਿੱਤ ਪਾਠ ਕਰਕੇ ਇਹ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ।

ਇਨ੍ਹਾਂ ਦੁਆਰਾ ਵਰਤੀ ਗਈ ਸੰਕਟ ਦੇ ਸਮੇਂ ਨੂੰ ਹੁਲਾਰਾ ਦੇਣ ਵਾਲੀ ਸ਼ਬਦਾਵਲੀ (ਨਿਹੰਗ ਸਿੰਘਾਂ ਦੇ ਬੋਲੇ) ਇਨ੍ਹਾਂ ਦੀ ਚੜ੍ਹਦੀ ਕਲਾਂ ਵਾਲੀ ਮਾਨਸਿਕਤਾ ਦੀ ਪ੍ਰਤੀਕ ਹੈ।

ਅਠਾਰ੍ਹਵੀਂ ਸਦੀ ਵਿਚ ਜਦੋਂ ਸਿੱਖ ਫ਼ੌਜਾਂ ਨੇ ਸਰਹਿੰਦ ਨੂੰ ਜਿੱਤ ਲਿਆ ਤਾਂ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੇ ਵੱਧ ਤੋਂ ਵੱਧ ਇਲਾਕਾ ਆਪਣੇ ਕਬਜ਼ੇ ਅਧੀਨ ਕਰਕੇ ਰਿਆਸਤਾਂ ਦੀ ਸਥਾਪਨਾ ਕੀਤੀ, ਜਿਸ ਕਰਕੇ ਪਰਸਪਰ ਵੈਰ-ਵਿਰੋਧ ਵਧਿਆ।

ਪਰ ਨਿਹੰਗ ਸਿੰਘ ਫ਼ੌਜਾਂ ਨੇ ਆਪਣੇ ਆਪ ਨੂੰ ਇਸ ਪ੍ਰਕਾਰ ਦੇ ਲਾਲਚ ਅਤੇ ਵਿਵਾਦ ਤੋਂ ਦੂਰ ਰੱਖਿਆ।

ਦੀਵਾਲੀ ਤੇ ਵਿਸਾਖੀ ਦੇ ਜੋੜ ਮੇਲਿਆਂ ਸਮੇਂ ਇਹ ਅਕਾਲ ਤਖ਼ਤ ਉੱਤੇ ਇਕੱਠੇ ਹੁੰਦੇ ਰਹਿੰਦੇ ਅਤੇ ਆਪਣੀ ਸਿਦਕ ਦਿਲੀ ਅਤੇ ਤਿਆਗੀ ਮਾਨਸਿਕਤਾ ਕਰਕੇ ਸਿੱਖ ਸਮਾਜ ਵਿਚ ਵਿਚਰਦੇ ਰਹੇ।

ਦੀ ਪੰਥ ਵਿਚ ਬੜੇ ਸਤਿਕਾਰੇ ਜਾਂਦੇ ਜਥੇਦਾਰ ਬਾਬਾ ਫੂਲਾ ਸਿੰਘ ਜੀ ਅਕਾਲੀ ਅਕਾਲ ਤਖ਼ਤ ਦੀ ਸੇਵਾ ਸੰਭਾਲ ਕਰਦੇ ਰਹੇ ।

ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਆਪਣੇ ਅਧਿਕਾਰ ਅਧੀਨ ਕਰਕੇ ਰਾਜ ਦੀ ਸਥਾਪਨਾ ਕੀਤੀ ਤਾਂ ਵੀ ਨਿਹੰਗ ਸਿੰਘਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਰੱਖੀ।

ਮਹਾਰਾਜੇ ਨੇ ਨਿਹੰਗ ਸਿੰਘਾਂ ਨੂੰ ਆਪਣੀ ਸੈਨਾ ਵਿਚ ਭਰਤੀ ਕਰਨਾ ਚਾਹਿਆ, ਪਰ ਇਨ੍ਹਾਂ ਨੇ ਨੌਕਰੀ ਕਰਨ ਤੋਂ ਨਾਂਹ ਕੀਤੀ।

ਇਨ੍ਹਾਂ ਪੰਥ ਦਰਦੀਆਂ ਨੇ ਖ਼ੁਦ-ਮੁਖ਼ਤਿਆਰ ਰਹਿੰਦੇ ਹੋਇਆ ਵੀ ਲੋੜ ਪੈਣ ’ਤੇ ਸਿੱਖ-ਰਾਜ ਦੇ ਵਿਸਥਾਰ ਵਿੱਚ ਮਹਾਰਾਜ ਰਣਜੀਤ ਸਿੰਘ ਦੀ ਡਟ ਕੇ ਨਿਰਸਵਾਰਥ ਮਦਦ ਕੀਤੀ।

ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕਸੂਰ, ਮੁਲਤਾਨ, ਕਸ਼ਮੀਰ ਆਦਿ ਦੀਆਂ ਲੜਾਈਆਂ ਵਿਚ ਪੂਰੀ ਗਰਮਜੋਸ਼ੀ ਨਾਲ ਹਿੱਸਾ ਲਿਆ।

ਸੰਨ 1823 ਈਸਵੀ ਵਿਚ ਹੋਈ ਨੌਸ਼ਹਿਰਾ ਦੀ ਲੜਾਈ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਫੂਲਾ ਸਿੰਘ ਜੀ ਅਕਾਲੀ ਨੇ ਬਹਾਦਰੀ ਨਾਲ ਸ਼ਹੀਦੀ ਪ੍ਰਾਪਤ ਕੀਤੀ।

ਪੰਜਾਬ ਨੂੰ ਅੰਗਰੇਜ਼ਾਂ ਤੋਂ ਸੁਰਖ਼ਰੂ ਰੱਖਣ ਖ਼ਾਤਰ ਦਲ ਪੰਥ ਦੇ ਸੱਤਵੇਂ ਮੁਖੀ ਜਥੇਦਾਰ ਹਨੂਮਾਨ ਸਿੰਘ ਨੇ 90 ਸਾਲ ਦੀ ਉਮਰ ਵਿਚ ਸੋਹਾਣਾ ਦੀ ਲੜਾਈ ’ਚ ਅੰਗਰੇਜ਼ਾਂ ਨਾਲ ਟਾਕਰਾ ਕਰਦਿਆਂ ਸ਼ਹੀਦੀ ਪਾਈ। ਉਨ੍ਹਾਂ ਤੋਂ ਬਾਅਦ ਬੁੱਢਾ ਦਲ ਦੇ ਅੱਠਵੇਂ ਮੁਖੀ ਜਥੇਦਾਰ ਪ੍ਰਹਿਲਾਦ ਸਿੰਘ ਵੀ ਲੜਦਿਆਂ ਸ਼ਹੀਦੀ ਜਾਮ ਪੀਤਾ।

ਮੌਜੂਦਾ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਦ੍ਹਵੇਂ ਜਥੇਦਾਰ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਲ ਪੰਥ ਦੀਆਂ ਸੇਵਾਵਾਂ ਨਿਭਾ ਰਹੇ ਹਨ।

ਬੁੱਢਾ ਦਲ ਦੇ 13ਵੇਂ ਜਥੇਦਾਰ ਬਾਬਾ ਸੰਤਾ ਸਿੰਘ ਦਲ ਪੰਥ ਵਿੱਚ ਕਥਾ ਵਿਖਿਆਨ ਕਰਦੇ ਹੁੰਦੇ ਸਨ ਕਿ 8-9 ਸਾਲ ਦੀ ਬਚਪਨ ਆਯੂ ਵਿਚ ਹੀ ਭੁਜੰਗੀ ਬਲਬੀਰ ਸਿੰਘ ਬੁੱਢਾ ਦਲ ਵਿਚ ਭਰਤੀ ਹੋ ਗਏ।

ਇਨ੍ਹਾਂ ਨੇ ਬਾਬਾ ਸੰਤਾ ਜੀ ਦੇ ਹਜ਼ੂਰੀ ਸੇਵਕ, ਗੜਵਈ ਵੀ ਰਹੇ ਫਿਰ ਪੀ. ਏ. ਅਤੇ ਮੁਖਤਾਰੇਆਮ ਵੀ ਬਣੇ।

ਦਲ ਦੇ ਧਾਰਮਿਕ ਰਸਾਲਾ ਨਿਹੰਗ ਸਿੰਘ ਸੰਦੇਸ਼ ਦੇ ਸੰਪਾਦਕ ਵੀ ਰਹੇ।

ਬਾਬਾ ਸੰਤਾ ਸਿੰਘ ਜੀ ਨੇ ਬਾਬਾ ਬਲਬੀਰ ਸਿੰਘ ਦੀਆਂ ਸੇਵਾਵਾਂ ਤੇ ਦਲ ਪੰਥ ਪ੍ਰਤੀ ਸਮਰਪਿਤ ਭਾਵਨਾ ਨੂੰ ਦੇਖਦਿਆਂ 18-04-2007 ਨੂੰ ਆਪਣਾ ਉੱਤਰਾਧਿਕਾਰੀ ਬਣਾ ਦਿੱਤਾ ਸੀ।

ਉਨ੍ਹਾਂ ਨੇ 01-10-2007 ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖ਼ਤ ਦੀ ਬਤੌਰ ਜਥੇਦਾਰ ਕਮਾਂਡ ਸੰਭਾਲੀ ਅਤੇ ਗੁਰਮਤਿ ਪ੍ਰਚਾਰ, ਅੰਮ੍ਰਿਤ ਸੰਚਾਰ ਅਤੇ ਹੋਰ ਪੰਥਕ ਕਾਰਜਾਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਅ ਰਹੇ ਹਨ।

ਉਨ੍ਹਾਂ ਸੇਵਾ ਦੇ ਮਾਰਗ ਵਿੱਚ ਅਨੇਕਾਂ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ।

ਜਥੇਦਾਰ ਬਾਬਾ ਬਲਬੀਰ ਸਿੰਘ ਨੇ ਹਰ ਪੰਥਕ ਸੰਘਰਸ਼ ਵਿੱਚ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ ਖੜ੍ਹੇ ਰਹਿ ਕੇ ਸਿੱਖ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਹੈ।

ਬੁੱਢਾ ਦਲ ਦੀਆਂ ਛਾਉਣੀਆਂ ਤੇ ਸਕੂਲਾਂ ਦੀਆਂ ਸੁੰਦਰ ਇਮਾਰਤਾਂ ਦੀਆਂ ਸੇਵਾਵਾਂ ਸ਼ੁਰੂ ਕਰਵਾਈਆਂ ਗਈਆਂ ਹਨ।

ਬਾਬਾ ਬਲਬੀਰ ਸਿੰਘ ਨੇ ਡੂੰਘੀ ਦਿਲਚਸਪੀ ਲੈ ਕੇ ਹੋਰ ਨਵੀਂਆਂ ਛਾਉਣੀਆਂ ਅਤੇ ਉਨ੍ਹਾਂ ਦੀਆਂ ਸੁੰਦਰ ਇਮਾਰਤਾਂ ਉਸਾਰੀਆਂ ਹਨ।

ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦੀ ਯਾਦ ਵਿੱਚ ਬਹੁਤ ਸੁੰਦਰ ਤੇ ਯਾਦਗਾਰੀ ਗੇਟ ਡਿਉੜੀ ਨੁਮਾ ਅੰਮ੍ਰਿਤਸਰ ਸਾਹਿਬ ਵਿਖੇ ਬਣਾਇਆ ਗਿਆ ਹੈ।

ਗੁ: ਮੱਲ ਅਖਾੜਾ ਪਾ: 6ਵੀਂ ਦੇ ਬਿਲਕੁਲ ਨਜ਼ਦੀਕ ਹੀ ਛੇ ਮੰਜ਼ਲੀ ਸਰਾਂ ਬਣਾਈ ਜਾ ਰਹੀ ਹੈ ਜਿਸ ਦੀ ਇਮਾਰਤ ਤਿਆਰ ਹੈ ਬਾਕੀ ਤਿਆਰੀ ਹੋ ਰਹੀ ਹੈ।

ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਸੁਲਤਾਨਪੁਰ ਲੋਧੀ ਵਿਖੇ ਚਾਰਦੀਵਾਰੀ, ਸਿੰਘਾਂ ਲਈ ਅਰਾਮਦਾਇਕ ਰਹਾਇਸ਼ੀ ਕਮਰੇ, ਗੁਰੂ ਮਹਾਰਾਜ ਦਾ ਦਰਬਾਰ ਅਤੇ ਘੋੜਿਆਂ ਲਈ ਅਰਾਮਦਾਇਕ ਤਬੇਲਾ ਆਦਿ ਤਿਆਰ ਕੀਤੇ ਗਏ ਹਨ।

ਬਾਬਾ ਬਲਬੀਰ ਸਿੰਘ ਅਕਾਲੀ ਦੀ ਦੂਰਅੰਦੇਸ਼ੀ ਦਾ ਸਿੱਟਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਪ੍ਰੇਰ ਕੇ ਬੁੱਢਾ ਦਲ ਦੇ ਸਾਰੇ ਮੁਖੀ ਜਥੇਦਾਰ ਸਾਹਿਬਾਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਸ਼ੋਭਿਤ ਕਰਵਾਇਆਂ ਗਈਆਂ ਹਨ।

ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਇਹਨਾਂ ਮਹਾਨ ਸ਼ਖ਼ਸੀਅਤਾਂ ਦੇ ਦਰਸ਼ਨ ਕਰਕੇ ਇਤਿਹਾਸ ਤੋਂ ਜਾਣੂ ਹੋ ਰਹੀਆਂ ਹਨ।

ਬੁੱਢਾ ਦਲ ਦੇ ਸਾਰੇ ਮੁਖੀ ਜਥੇਦਾਰ ਸਾਹਿਬਾਨਾਂ ਦੀਆਂ ਜੀਵਨੀਆਂ ਲਿਖਵਾ ਕੇ ਪ੍ਰਕਾਸ਼ਿਤ ਕਰਨ ਦਾ ਮਹੱਤਵਪੂਰਨ ਗੁਰਮਤਾ, ਨਿਹੰਗ ਸਿੰਘਾਂ ਦਾ ਜੀਵਨ ਅਤੇ ਪਿਛੋਕੜ ਸੰਬੰਧੀ ਲਿਟਰੇਚਰ, ਨਿਹੰਗ ਸਿੰਘ ਸੰਦੇਸ਼ ਮਾਸਕ ਪੱਤਰ ਦਾ ਲਗਾਤਾਰ ਸਚਿਤਰ ਰੂਪ ਵਿੱਚ ਪ੍ਰਕਾਸ਼ਿਤ ਕਰਾਉਣਾ, ਸਮੂਹ ਛਾਉਣੀਆਂ ਦੀ ਸੁਚਿੱਤਰ ਪੁਸਤਕ ਆਦਿ ਜਿਹੇ ਸਾਰੇ ਕਾਰਜ ਕਰਾ ਰਹੇ ਹਨ।

ਬੁੱਢਾ ਦਲ ਦੇ ਮੁਖੀ ਸਾਹਿਬਾਨਾਂ ਦੇ ਜੀਵਨ ਤੇ ਰੋਸ਼ਨੀ ਪਾਉਂਦੀਆਂ ਵੱਡ ਆਕਾਰੀ ਨਿੱਗਰ ਜਾਣਕਾਰੀ ਭਰਪੂਰ ਪੋਥੀਆਂ ਜਿਵੇਂ ਦਲ ਪੰਥ ਦੇ ਪਹਿਲੇ ਮੁਖੀ ਸਿੰਘ ਸਾਹਿਬ ਬਾਬਾ ਬਿਨੋਦ ਸਿੰਘ ਜੀ, ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ, ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਫੂੱਲਾ ਸਿੰਘ ਜੀ ਅਕਾਲੀ “ਨਿਹੰਗ ਸਿੰਘਾਂ ਦੇ ਖ਼ਾਲਸਾਈ ਗੜਗੱਜ ਬੋਲੇ”, ਆਦਿ ਛਪ ਚੁੱਕੀਆਂ ਸਨ।

ਗੁਰੂ ਨਾਨਕ ਸਾਹਿਬ ਜੀ ਦੇ ਪੰਜ ਸੌ ਪੰਜਾਹ ਸਾਲਾਂ ਪ੍ਰਕਾਸ਼ ਪੁਰਬ ਤੇ ਪੰਜ ਸੌ ਪੰਜਾਹ ਪੰਨਿਆਂ ਦਾ ਨਿਹੰਗ ਸਿੰਘ ਸੰਦੇਸ਼ ਵਿਸ਼ੇਸ਼ ਅੰਕ, ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਅੰਕ ਕੱਢੇ ਗਏ।

ਜਥੇਦਾਰ ਬਾਬਾ ਬਲਬੀਰ ਸਿੰਘ ਦੀ ਦਲ ਪੰਥ ਨੂੰ ਵੱਡੀ ਦੇਣ ਹੈ। ਬੁੱਢਾ ਦਲ ਕਿਸੇ ਸਿਆਸੀ ਪਾਰਟੀ ਦਾ ਮੁਥਾਜ ਨਹੀਂ ਹੈ।

ਉਨ੍ਹਾਂ ਵੱਲੋਂ ਨਿਹੰਗ ਸਿੰਘਾਂ ਸਮੇਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪ੍ਰਚਾਰ ਯਾਤਰਾ ’ਤੇ ਦੌਰਾਨ ਨਿਹੰਗ ਸਿੰਘਾਂ ਦੇ ਦੂਸਰੇ ਧੜੇ ਵੱਲੋਂ ਅਕਾਲ ਬੁੰਗਾ ਨਵਾਬ ਕਪੂਰ ਸਿੰਘ ਸੁਲਤਾਨਪੁਰ ਲੋਧੀ ’ਤੇ ਜਬਰੀ ਕਬਜ਼ਾ ਜਮਾਉਣ ਦੀ ਕੋਸ਼ਿਸ਼ ਮੰਦਭਾਗਾ ਹੈ।

ਕਿਸੇ ਜ਼ਿੰਮੇਵਾਰ ਵਿਅਕਤੀ ਦੀ ਗੈਰ ਮੌਜੂਦਗੀ ਵਿਚ ਕਿਸੇ ਦੀ ਸਥਾਨ ’ਤੇ ਹਮਲਾ ਕਰਨਾ ਕਮਜ਼ੋਰ ਮਨੁੱਖ ਦੀ ਨਿਸ਼ਾਨੀ ਹੈ।

ਕਿਸੇ ਵੀ ਸਿਆਸੀ ਧਿਰ ਨੂੰ ਅਪਰਾਧਿਕ ਬਿਰਤੀ ਵਾਲੇ ਵਿਅਕਤੀ ਜੋ ਅਮਨ ਸ਼ਾਂਤੀ ਲਈ ਖ਼ਤਰਾ ਹਨ, ਲਈ ਢਾਲ ਨਹੀਂ ਬਣਨਾ ਚਾਹੀਦਾ। ਅਕਾਲੀ ਲੀਡਰਸ਼ਿਪ ਦੀ ਬੁੱਢਾ ਦਲ ਪ੍ਰਤੀ ਪਹੁੰਚ ਨਾਲ ਪੰਥਕ ਮਲਿਆਂ ਨੂੰ ਲੈ ਕੇ ਮੁਸ਼ਕਲ ਵਾਲੀ ਸਥਿਤੀ ਬਣ ਸਕਦੀ ਹੈ।
( ਪ੍ਰੋ. ਸਰਚਾਂਦ ਸਿੰਘ ਖਿਆਲਾ , 9781355522)

Posted By SonyGoyal

Leave a Reply

Your email address will not be published. Required fields are marked *