ਸੋਨੀ ਗੋਇਲ, ਬਰਨਾਲਾ
13 ਦਸੰਬਰ 2023 ਦੁਪਹਿਰ ਦਾ ਵਕਤ ਪਾਰਲੀਮੈਂਟ ਦੀ ਕਾਰਵਾਈ ਚੱਲ ਰਹੀ ਸੀ। ਦੋ ਨੌਜਵਾਨ ਮਨੋਰੰਜਨ ਡੀ ਅਤੇ ਸਾਗਰ ਸ਼ਰਮਾ ਦਰਸ਼ਕ ਗੈਲਰੀ ਵਿੱਚੋਂ ਹੇਠਾਂ ਪਾਰਲੀਮੈਂਟ ਦੇ ਹਾਲ ਵਿੱਚ ਕੁੱਦਦੇ ਹਨ। ਇੱਧਰ ਉੱਧਰ ਦੌੜਦੇ ਹਨ।
ਹਫੜਾ ਦਫੜੀ ਮੱਚ ਜਾਂਦੀ ਹੈ। ਕੁੱਝ ਹੀ ਮਿੰਟਾਂ ਵਿੱਚ ਪਾਰਲੀਮੈਂਟ ਮੈਂਬਰਾਂ ਵੱਲੋਂ ਇਨ੍ਹਾਂ ਨੂੰ ਫੜ ਲਿਆ ਜਾਂਦਾ ਹੈ।
ਕੁੱਟ ਮਾਰ ਕੀਤੀ ਜਾਂਦੀ ਹੈ।
ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।
ਇਸੇ ਹੀ ਸਮੇਂ ਪਾਰਲੀਮੈਂਟ ਸਟਰੀਟ ਵਿਖੇ ਦੋ ਨੌਜਵਾਨ ਨੀਲਮ ਦੇਵੀ ਅਤੇ ਅਮੋਲ ਸ਼ਿੰਦੇ ਸੜਕਾਂ ਤੇ ਨਿੱਕਲਦੇ ਹਨ, ਮੋਦੀ ਦੀ ਤਾਨਾਸ਼ਾਹੀ ਨਹੀਂ ਚੱਲੇਗੀ, ਬੇਰੁਜ਼ਗਾਰੀ , ਮਹਿੰਗਾਈ, ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਸਮੇਤ ਮਨੀਪੁਰ ਦੇ ਲੋਕਾਂ ਦੇ ਮਸਲੇ ਦੀ ਗੱਲ ਕਰਦੇ ਹਨ।
ਪੰਜਵਾਂ ਨੌਜਵਾਨ ਵਿਸ਼ਾਲ ਕੁਮਾਰ ਉਰਫ ਵਿੱਕੀ ਇਨ੍ਹਾਂ ਦੋਵਾਂ ਦੀ ਵੀਡੀਓ ਬਣਾਉਂਦਾ ਹੈ।
ਪੁਲਿਸ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਥਾਣੇ ਲੈ ਜਾਂਦੀ ਹੈ।
ਥੋੜੇ ਸਮੇਂ ਬਾਅਦ ਵਿਸ਼ਾਲ ਕੁਮਾਰ ਉਰਫ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।
ਛੇਵੇਂ ਨੌਜਵਾਨ ਲਲਿਤ ਝਾਅ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਲਲਿਤ ਝਾਅ ਨੂੰ ਕਥਿਤ ਮੁੱਖ ਸਾਜ਼ਿਸ਼ ਘਾੜੇ ਵਜੋਂ ਪੇਸ਼ ਕੀਤਾ ਹੈ।
ਇਨ੍ਹਾਂ ਸਾਰੇ ਨੌਜਵਾਨਾਂ ਕੋਲੋਂ ਸ਼ਹੀਦ ਭਗਤ ਸਿੰਘ ਅਤੇ ਚੇ ਗੁਵੇਰਾ ਦਾ ਸਾਹਿਤ ਬਰਾਮਦ ਕੀਤਾ ਦਰਸਾਇਆ ਗਿਆ ਹੈ।
ਇਨ੍ਹਾਂ ਨੌਜਵਾਨਾਂ ਦਾ ਸਬੰਧ ਸੋਸ਼ਲ ਮੀਡੀਆ ਪੇਜ਼ ਕ੍ਰਾਂਤੀਕਾਰੀ ਕਿਸਮ ਦੇ ਜਾਪਦੇ ‘ਭਗਤ ਸਿੰਘ ਫੈਨ ਕਲੱਬ’ ਨਾਲ ਜੁੜਿਆ ਹੋਇਆ ਕਿਹਾ ਜਾ ਰਿਹਾ ਹੈ।
ਪਾਰਲੀਮੈਂਟ ਹਾਲ ਦੇ ਅੰਦਰ ਅਤੇ ਬਾਹਰ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਕੈਨਿਸਟਰ ਰਾਹੀਂ ਪੀਲਾ ਧੂੰਆਂ ਛੱਡਿਆ।
ਪਾਰਲੀਮੈਂਟ ਹਾਲ ਵਿੱਚ ਘੁਸੇ ਦੋਵੇਂ ਨੌਜਵਾਨਾਂ ਨੂੰ ਪਾਸ ਭਾਰਤੀ ਜਨਤਾ ਪਾਰਟੀ ਦੇ ਮੈਸੂਰ ਤੋਂ ਪ੍ਰਤਾਪ ਸਿਮਹਾ ਦੀ ਸਿਫਾਰਸ਼ ‘ਤੇ ਜਾਰੀ ਕੀਤੇ ਗਏ ਸਨ।
ਮੁੱਖ ਧਾਰਾ ਮੀਡੀਆ ਅਤੇ ਪਾਰਲੀਮੈਂਟਰੀ ਪਾਰਟੀਆਂ ਦਾ ਸਾਰਾ ਜ਼ੋਰ 13 ਦਸੰਬਰ 2001 ਪਾਰਲੀਮੈਂਟ ਉੱਪਰ ਹਮਲੇ ਨਾਲ ਜੋੜ ਕੇ ਪੇਸ਼ ਕਰਨ ਉੱਪਰ ਲੱਗਾ ਹੋਇਆ ਹੈ।
ਜਦਕਿ ਸੱਚਾਈ ਇਹ ਦੇ 180 ਦਰਜੇ ਉਲਟ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਮਕਸਦ ਕਿਸੇ ਦਾ ਜਾਨੀ ਨੁਕਸਾਨ ਕਰਨਾ ਨਹੀਂ ਸਗੋਂ ਲੋਕਾਂ ਦੇ ਬੁਨਿਆਦੀ ਮਸਲੇ, ਜਿਨ੍ਹਾਂ ਤੋਂ ਹਾਕਮਾਂ ਨੇ ਮੂੰਹ ਬੰਦ ਕੀਤਾ ਹੋਇਆ ਹੈ, ਵੱਲ ਧਿਆਨ ਦਿਵਾਉਣਾ ਸੀ ਅਤੇ ਹੈ।
ਇਨ੍ਹਾਂ ਨੌਜਵਾਨਾਂ ਵੱਲੋਂ ਬੁਲੰਦ ਕੀਤੇ ਗਏ ਨਾਹਰਿਆਂ, ਮੋਦੀ ਸਰਕਾਰ ਦੀ ਤਾਨਸ਼ਾਹੀ ਨਹੀਂ ਚਲੇਗੀ, ਮਨੀਪੁਰ ਔਰਤਾਂ ਤੇ ਜਬਰ ਬੰਦ ਕਰਨ, ਕਿਸਾਨਾਂ-ਮਜਦੂਰਾਂ ਅਤੇ ਬੇਰੁਜ਼ਗਾਰਾਂ ਦੀਆਂ ਬੁਨਿਆਦੀ ਮੰਗਾਂ ਹੱਲ ਕਰਨ ਉਠਾਈਆਂ ਹਨ।
ਸੰਘੀ ਲਾਣਾ ਅਤੇ ਭਾਜਪਾ ਲਾਣਾ ਤਿਲਮਿਲਾ ਉੱਠਿਆ ਹੈ ਅਤੇਸਸ ਬਚਾਓ ਪੈਂਤਰੇ ‘ਤੇ ਹੈ।
ਪਾਰਲੀਮੈਂਟ ਵਿੱਚ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਵੱਲੋਂ ਬਿਆਨ ਦੇਣ ਦੀ ਮੰਗ ਕਰਨ ਵਾਲੇ 14 ਪਾਰਲੀਮੈਂਟ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਹੈ।
ਮੁਲਕ ਦਾ ਗ੍ਰਹਿ ਮੰਤਰੀ ਵਿੱਚ ਜਵਾਬ ਦੇਣ ਦੀ ਥਾਂ ਆਪਣੇ ਚਹੇਤੇ ਮੀਡੀਆ ਚੈਨਲ ‘ਤੇ ਲੰਬਾ ਚੌੜਾ ਭਾਸ਼ਨ ਝਾੜਦਾ ਹੈ।
ਪਾਰਲੀਮੈਂਟ ਵਿੱਚ ਸ਼ਾਮਲ ਹੋਣ ਲਈ ਸਿਫਾਰਸ਼ ਕਰਨ ਵਾਲੇ ਭਾਜਪਾ ਮੈਂਬਰ ਪਾਰਲੀਮੈਂਟ ਪਰਤਾਪ ਸਿਮਹਾ ਬਾਰੇ ਬੀਜੇਪੀ ਨੇ ਬੇਸ਼ਰਮੀ ਭਰੀ ਚੁੱਪ ਧਾਰੀ ਹੋਈ ਹੈ।
ਪਾਰਲੀਮੈਂਟ ਅਤੇ ਮੀਡੀਆ ਵਿੱਚ ਚਰਚਾ ਪਾਰਲੀਮੈਂਟ ਵਿੱਚ ਸ਼ਾਮਲ ਹੋਣ ਲਈ ਵਰਤੇ ਗਏ ਢੰਗ ਤਰੀਕਿਆਂ, ਖਾਮੀਆਂ ਬਾਰੇ ਚਰਚਾ ਹੋ ਰਹੀ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਇਸ ਸਾਰੇ ਘਟਨਾਕ੍ਰਮ ਬਾਰੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਨੌਜਵਾਨਾਂ ਵੱਲੋਂ ਲੋਕਾਂ ਦੇ ਬੁਨਿਆਦੀ ਵੱਲੋਂ ਹਾਕਮਾਂ ਵੱਲੋਂ ਲੰਬੇ ਸਮੇਂ ਤੋਂ ਧਾਰੀ ਸਾਜਿਸ਼ੀ ਚੁੱਪ ਦੀ ਥਾਂ ਵਿਰੋਧ ਪ੍ਰਗਟਾਉਣ ਦੇ ਢੰਗ ਤਰੀਕਿਆਂ ਉੱਪਰ ਸਵਾਲ ਖੜ੍ਹੇ ਕਰਨ ਨਾਲੋਂ ਜੋ ਬੁਨਿਆਦੀ ਮੁੱਦੇ ਇਨ੍ਹਾਂ ਨੌਜਵਾਨਾਂ ਨੇ ਉਭਾਰੇ ਹਨ, ਉਹ ਸਮੇਂ ਦਾ ਕੌੜਾ ਸੱਚ ਹੈ।
ਜਿਸ ਨੂੰ ਕੋਈ ਵੀ ਝੁਠਲਾ ਨਹੀਂ ਸਕਦਾ।
ਜਿਵੇਂ ਕੀ ਬੇਰੁਜ਼ਗਾਰੀ ਦੀ ਦਰ 45 ਸਾਲ ਦੇ ਅਰਸੇ ਦੌਰਾਨ ਸਭ ਤੋਂ ਉੱਚੀ ਤਕਰੀਬਨ 8% ਨਹੀਂ ਹੈ ? ਕੀ 2014 ਵਿੱਚ ਭਾਰਤੀ ਜਨਤਾ ਪਾਰਟੀ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਨਹੀਂ ਕੀਤਾ? ਕੀ ਮੋਦੀ ਹਕੂਮਤ ਨੇ ਕਾਲਾਧਨ ਲਿਆਕੇ 15 ਲੱਖ ਰੁ. ਹਰੇਕ ਭਾਰਤੀ ਨਾਗਰਿਕ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਨ ਦਾ ਵਾਅਦਾ ਨਹੀਂ ਕੀਤਾ? ਕੀ ਮਹਿੰਗਾਈ ਦੀ ਦਰ ਅਸਮਾਨ ਨੂੰ ਨਹੀਂ ਛੂਹ ਰਹੀ? ਕੀ ਮੋਦੀ ਰਾਜ ਦੇ ਸ਼ਾਸਨ ਕਾਲ ਦੌਰਾਨ ਅਮੀਰ-ਗਰੀਬ ਦਾ ਪਾੜਾ ਨਹੀਂ ਵਧਿਆ? ਕੀ ਮੋਦੀ ਸਰਕਾਰ ਨੇ ਤਾਨਾਸ਼ਾਹ ਢੰਗ ਨਾਲ ਬੁੱਧੀਜੀਵੀਆਂ, ਲੇਖਕਾਂ,ਪੱਤਰਕਾਰਾਂ, ਘੱਟ ਗਿਣਤੀਆਂ, ਦਲਿਤਾਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਸਾਲਾਂ ਬੱਧੀ ਸਮੇਂ ਤੋਂ ਜੇਲ੍ਹਾਂ ਦੀ ਸੀਖਾਂ ਪਿੱਛੇ ਨਹੀਂ ਡੱਕਿਆ ਹੋਇਆ? ਕੀ ਇਤਿਹਾਸਕ ਕਿਸਾਨ ਅੰਦੋਲਨ ਸਮੇਂ 9 ਦਸੰਬਰ 2021 ਨੂੰ ਸਾਰੀਆਂ ਫ਼ਸਲਾਂ ਤੇ ਐਮਐਸਪੀ ਦੇਣ ਵਾਲੀ ਮੰਗ ਨੂੰ ਲਾਗੂ ਕੀਤਾ ਹੈ? ਕੀ ਮੁਲਕ ਦੇ ਕਿਰਤੀਆਂ ਦੇ ਹੱਕ ਵਿੱਚ ਕਿਰਤ ਕਾਨੂੰਨਾਂ ਦਾ ਕੀਰਤਨ ਸੋਹਲਾ ਪੜ੍ਹ ਕੇ ਚਾਰ ਕੋਡਾਂ ਵਿੱਚ ਬਦਲ ਕੇ ਕਾਰਪੋਰੇਟ ਘਰਾਣਿਆਂ ਨੂੰ ਤਿੱਖੀ ਲੁੱਟ ਕਰਨ ਦਾ ਰਾਹ ਪੱਧਰਾ ਨਹੀਂ ਕੀਤਾ? ਕੀ ਜਨਤਕ ਖੇਤਰ ਦੇ ਅਦਾਰੇ ਸਿਹਤ, ਸਿੱਖਿਆ, ਰੇਲਵੇ, ਬੈਂਕ, ਬੀਮਾ, ਬਿਜਲੀ ਬੋਰਡ, ਸੜਕਾਂ, ਜਹਾਜ਼ ਰਾਨੀ, ਕੋਇਲਾ ਖਾਣਾਂ ਸਮੇਤ ਜਲ, ਜੰਗਲ ਅਤੇ ਜ਼ਮੀਨ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਨਹੀਂ ਕੀਤੇ ਜਾ ਰਹੇ? ਕੀ ਇਹ ਸੱਚ ਨਹੀਂ ਕਿ ਪਾਰਲੀਮੈਂਟ ਵਿੱਚ ਬੈਠੇ 543 ਮੈਂਬਰਾਂ ਵਿੱਚੋਂ 233 ਦੇ ਖ਼ਿਲਾਫ਼ ਬਲਾਤਕਾਰ ਤੱਕ ਦੇ ਗੰਭੀਰ ਅਪਰਾਧਿਕ ਮਾਮਲੇ ਦਰਜ਼ ਹਨ? ਕੀ ਇਹ ਸੱਚ ਨਹੀਂ ਇਸ ਪਾਰਲੀਮੈਂਟ ਵਿੱਚ ਮੈਂਬਰਾਂ ਵੱਲੋਂ ਲੋਕਾਂ ਦੇ ਬੁਨਿਆਦੀ ਮਸਲਿਆਂ ਨਾਲ ਜੁੜੇ ਸਿਰਫ 3% ਸਵਾਲ ਹੀ ਸਵਾਲ ਹੀ ਪੁੱਛੇ ਜਾਂਦੇ ਹਨ? ਕੀ ਇਹ ਸੱਚ ਨਹੀਂ ਲੋਕਾਂ ਦੀਆਂ ਵੋਟਾਂ ਹਾਸਲ ਕਰਕੇ ਪਾਰਲੀਮੈਂਟ ਵਿੱਚ ਪਹੁੰਚੇ 44% ਮੈਂਬਰ ਪਾਰਲੀਮੈਂਟ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨਾਲ ਸਬੰਧਿਤ ਸਵਾਲ ਪੁੱਛਦੇ ਹਨ?
ਅਸਲ ਗੱਲ ਇਹ ਹੈ ਕਿ ਮੋਦੀ ਹਕੂਮਤ ਫ਼ਿਰਕੂ ਫਾਸ਼ੀ ਏਜੰਡੇ ਨੂੰ ਅੱਗੇ ਵਧਾਉਣ ਲਈ ਲੁੱਟ ਦਾ ਤੰਤਰ ਤੇਜ਼ ਕਰਨ ਦੇ ਨਾਲ ਹੱਕੀ ਸੰਘਰਸ਼ਾਂ ਨੂੰ ਜਾਬਰ ਕਾਲੇ ਕਾਨੂੰਨਾਂ ਦੀ ਬੇਦਰੇਗ ਵਰਤੋਂ ਕਰਕੇ ਉਨ੍ਹਾਂ ਨੂੰ ਕੁਚਲ ਰਹੀ ਹੈ।
ਜਮਹੂਰੀਅਤ ਦਾ ਪਾਇਆ ਪਰਦਾ ਵੀ ਹਾਕਮਾਂ ਨੇ ਲੀਰੋ ਲੀਰ ਕਰ ਦਿੱਤਾ ਹੈ। ਅਜਿਹੀ ਹਾਲਤ ਵਿੱਚ ਸਮਾਜ ਵਿੱਚ ਅਰਾਜਕਤਾ ਬੁਰੀ ਤਰ੍ਹਾਂ ਫੈਲ ਰਹੀ ਹੈ।
ਹਾਕਮਾਂ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਤੋਂ ਬਦਜ਼ਨ ਲੋਕ ਅਜਿਹੇ ਕਦਮ ਚੁੱਕਣ ਲਈ ਮਜਬੂਰ ਹੁੰਦੇ ਹਨ।
ਹਾਕਮ ਦੇਸ਼ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਹੱਲ ਕਰਨ ਦੀ ਥਾਂ ਦੇਸ਼ ਧ੍ਰੋਹ ਦੇ ਮੁਕੱਦਮੇ ਦਰਜ਼ ਕਰਕੇ ਅਣਮਿੱਥੇ ਸਮੇਂ ਲਈ ਜੇਲ੍ਹਾਂ ਅੰਦਰ ਡੱਕਣ ਦੀ ਆਪਣੀ ਫਾਸ਼ੀਵਾਦੀ ਨੀਤੀ ਉੱਤੇ ਚੱਲ ਰਹੀ ਹੈ।
ਆਗੂਆਂ ਜਗਜੀਤ ਸਿੰਘ ਲਹਿਰਾ ਮੁਹੱਬਤ, ਜਸਵੰਤ ਜੀਰਖ ਅਤੇ ਮੁਖਤਿਆਰ ਪੂਹਲਾ ਨੇ ਜ਼ੋਰਦਾਰ ਮੰਗ ਕੀਤੀ ਕਿ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਦਰਜ ਕੀਤਾ ਦੇਸ਼ ਧ੍ਰੋਹ ਦਾ ਮੁਕੱਦਮਾ ਖ਼ਾਰਜ ਕਰਕੇ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ।
ਆਗੂਆਂ ਨੇ ਮਿਹਨਤਕਸ਼ ਲੋਕਾਈ ਨੂੰ ਸੱਦਾ ਦਿੱਤਾ ਹੈ ਹਾਕਮਾਂ ਵੱਲੋਂ ਲੋਕਾਂ ਦਾ ਧਿਆਨ ਉਨ੍ਹਾਂ ਦੇ ਧਿਆਨ ਬੁਨਿਆਦੀ ਮੁੱਦਿਆਂ ਤੋਂ ਤਿਲਕਾਉਣ ਲਈ ਰਚੀਆਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਅਤੇ ਆਪਣੀ ਜਥੇਬੰਦਕ ਤਾਕਤ ਨੂੰ ਮਜ਼ਬੂਤ ਕਰਦਿਆਂ ਸੰਘਰਸ਼ਾਂ ਦਾ ਪਿੜ ਮੱਲਣ ਲਈ ਅੱਗੇ ਆਉਣ।
Posted By SonyGoyal