ਭਾਕਿਯੂ (ਏਕਤਾ) ਡਕੌਂਦਾ 6 ਜਨਵਰੀ ਤੋਂ ਡੀਐਸਪੀ ਦਫ਼ਤਰ ਬੁਢਲਾਡਾ ਅੱਗੇ ਲਾਵੇਗੀ ਪੱਕਾ ਮੋਰਚਾ -ਮਨਜੀਤ ਧਨੇਰ
ਮਾਨਸਾ ਦਾ ਪੁਲਿਸ ਪ੍ਰਸ਼ਾਸਨ ਵਾਅਦੇ ਨਿਭਾਉਣ ਤੋਂ ਮੁੱਕਰਿਆ-ਗੁਰਦੀਪ ਰਾਮਪੁਰਾ
29 ਦਸੰਬਰ ਨੂੰ ਸਿੱਖ ਸ਼ਹਾਦਤਾਂ ਦੇ ਕਿਸਾਨੀ ਲਹਿਰ ਨਾਲ ਸਬੰਧਿਤ ਸਰੋਕਾਰਾਂ ਬਾਰੇ ਬਰਨਾਲਾ ਵਿਖੇ ਕੀਤੀ ਸੂਬਾ ਕਨਵੈਨਸ਼ਨ ਕੀਤੀ ਜਾਵੇਗੀ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਸੂਬਾਈ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਹੋਈ। ਇਹ ਐਮਰਜੈਂਸੀ ਮੀਟਿੰਗ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਆਬਾਦਕਾਰ ਕਿਸਾਨਾਂ ਦੇ ਮਸਲੇ ਤੇ ਵਿਚਾਰ ਕਰਨ ਲਈ ਬੁਲਾਈ ਗਈ ਸੀ। ਕਿਉਂਕਿ ਐਸਐਸਪੀ ਮਾਨਸਾ ਨੇ 15 ਦਸੰਬਰ ਤੋਂ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਸ਼ੁਰੂ ਹੋਣ ਵਾਲੇ ਪੱਕੇ ਮੋਰਚੇ ਤੋਂ ਜਥੇਬੰਦੀ ਨਾਲ ਮੀਟਿੰਗ ਕਰਕੇ 19 ਦਸੰਬਰ ਤੋਂ ਪਹਿਲਾਂ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦਾ ਯਕੀਨ ਦਿਵਾਇਆ ਸੀ। ਪਰ ਪ੍ਰਸ਼ਾਸਨ ਆਪਣਾ ਇਹ ਵਾਅਦਾ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਮੀਟਿੰਗ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਐਸ ਐਸ ਪੀ ਮਾਨਸਾ ਦੇ ਵਾਅਦੇ ਤੇ ਮੁਲਤਵੀ ਕੀਤਾ ਗਿਆ ਪੱਕਾ ਮੋਰਚਾ 6 ਜਨਵਰੀ 2024 ਤੋਂ ਡੀਐਸਪੀ ਬੁਡਲਾਢਾ ਦੇ ਦਫਤਰ ਅੱਗੇ ਸ਼ੁਰੂ ਕੀਤਾ ਜਾਵੇਗਾ।
ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਮੁਹਾਲੀ ਨੇ ਦੱਸਿਆ ਕਿ ਪਿੰਡ ਕੁੱਲਰੀਆਂ ਜ਼ਿਲਾ ਮਾਨਸਾ ਦੇ ਆਬਾਦਕਾਰ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਅਤੇ ਬਜ਼ੁਰਗ ਕਿਸਾਨ ਸੀਤਾ ਸਿੰਘ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਜਥੇਬੰਦੀ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਗੁੰਡਾ ਢਾਣੀ ਨੂੰ ਸਿਆਸਤਦਾਨਾਂ ਅਤੇ ਪੁਲਿਸ ਦੀ ਮਿਲੀਭੁਗਤ ਇਸ ਗੱਲ ਤੋਂ ਹੋਰ ਵੱਧ ਸਪਸ਼ਟ ਹੋਈ ਜਦੋਂ ਉਸੇ ਗੁੰਡਾ ਗ੍ਰੋਹ ਨੇ 16 ਦਸੰਬਰ ਨੂੰ ਸੀਤਾ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ ਤੇ ਜਾਨੋਂ ਮਾਰਨ ਦੀ ਨੀਯਤ ਨਾਲ ਹਮਲਾ ਕਰ ਦਿੱਤਾ। ਉਸਦੀ ਸਕੂਟਰੀ ਵਿੱਚ ਗੱਡੀ ਮਾਰ ਕੇ ਉਸ ਨੂੰ ਹੇਠਾਂ ਸੁੱਟ ਲਿਆ ਅਤੇ ਮਾਰੂ ਹਥਿਆਰਾਂ ਨਾਲ ਲੈਸ ਇਹ ਗੁੰਡੇ ਉਸ ਨੂੰ ਮਾਰਨ ਲਈ ਉਸਦੇ ਮਗਰ ਦੌੜੇ ਪਰ ਗੁਰਪ੍ਰੀਤ ਸਿੰਘ ਨੇ ਕਿਸੇ ਦੇ ਘਰ ਵਿੱਚ ਲੁਕ ਕੇ ਆਪਣੀ ਜਾਨ ਬਚਾਈ।
ਇਹ ਘਟਨਾ ਹੋਈ ਨੂੰ ਦਸ ਦਿਨ ਬੀਤ ਜਾਣ ਦੇ ਬਾਵਜੂਦ ਨਾਂ ਹੀ ਸਾਰੇ ਦੋਸ਼ੀਆਂ ਖਿਲਾਫ਼ ਕੇਸ ਦਰਜ਼ ਕੀਤਾ ਹੈ ਅਤੇ ਨਾਂ ਹੀ ਦੋਸ਼ੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਕਰਕੇ ਗੁੰਡਾ ਢਾਣੀ ਸ਼ਰੇਆਮ ਦਨਦਨਾਉਂਦੀ ਘੁੰਮ ਰਹੀ ਹੈ। ਦਹਿਸ਼ਤ ਦਾ ਮਹੌਲ ਪੈਦਾ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਇੰਝ ਜਾਪਦਾ ਹੈ ਜਿਵੇਂ ਮਾਨਸਾ ਦੀ ਪੁਲਿਸ ਨੇ ਗੁੰਡੇ ਅਨਸਰਾਂ ਨੂੰ ਕਿਸਾਨਾਂ ਤੇ ਗੱਡੀਆਂ ਚੜ੍ਹਾ ਕੇ ਕੁਚਲਣ ਦੀ ਖੁੱਲ੍ਹ ਦੇ ਰੱਖੀ ਹੈ।
ਜਥੇਬੰਦੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸੁਆਲ ਕਰਦਿਆਂ ਪੁੱਛਿਆ ਕਿ ਕੀ ਇਸੇ ਬਦਲਾਅ ਦਾ ਵਾਅਦਾ ਲੋਕਾਂ ਨਾਲ ਕੀਤਾ ਗਿਆ ਸੀ? ਇਸ ਅਖੌਤੀ ਇਨਕਲਾਬੀ ਸਰਕਾਰ ਦੇ ਰਾਜ ਵਿੱਚ ਮੁਰੱਬੇਬੰਦੀ ਵੇਲੇ ਤੋਂ ਜ਼ਮੀਨ ਵਾਹੁੰਦੇ ਆ ਰਹੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਲਈ ਕੁੱਟਮਾਰ ਕੀਤੀ ਜਾਂਦੀ ਹੈ, ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਪੁਲਿਸ ਪ੍ਰਸ਼ਾਸਨ ਗੁੰਡਿਆਂ ਦੀ ਪੂਰੀ ਪੁਸ਼ਤ ਪਨਾਹੀ ਕਰ ਰਿਹਾ ਹੈ। ਡੀਐਸਪੀ ਬੁਢਲਾਡਾ ਦੇ ਦਫਤਰ ਅੱਗੇ ਲੱਗਣ ਵਾਲੇ ਪੱਕੇ ਮੋਰਚੇ ਦੀ ਕਾਮਯਾਬੀ ਲਈ ਲਾਮਬੰਦੀ ਕਰਨ ਹਿਤ ਜ਼ਿਲਿਆਂ, ਬਲਾਕਾਂ ਅਤੇ ਪਿੰਡਾਂ ਵਿੱਚ ਮੀਟਿੰਗਾਂ, ਰੈਲੀਆਂ ਅਤੇ ਮਾਰਚ ਕਰਨ ਦਾ ਪ੍ਰੋਗਰਾਮ ਮੀਟਿੰਗ ਵਿੱਚ ਉਲੀਕਿਆ ਗਿਆ ਅਤੇ ਕਿਸਾਨਾਂ ਨੂੰ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਦੀ ਰਾਖ਼ੀ ਲਈ ਕਮਰਕੱਸੇ ਕਸਣ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੋਹ ਦੇ ਮਹੀਨੇ ਦੌਰਾਨ “ਸਿੱਖ ਸ਼ਹਾਦਤਾਂ ਦਾ ਜੁਝਾਰੂ ਵਿਰਸਾ ਅਤੇ ਮੌਜੂਦਾ ਕਿਸਾਨ ਲਹਿਰ ਨਾਲ ਸਰੋਕਾਰ” ਵਿਸ਼ੇ ਤੇ 29 ਦਸੰਬਰ ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਕੀਤੀ ਜਾਣ ਵਾਲੀ ਸੂਬਾਈ ਪ੍ਰਤੀਨਿਧ ਕਨਵੈਨਸ਼ਨ ਦੀ ਵਿਉਂਤਬੰਦੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਿੱਖ ਸ਼ਹਾਦਤਾਂ ਦੀ ਵਿਰਾਸਤ ਕਿਸਾਨ ਲਹਿਰ ਵਾਸਤੇ ਵੱਡਾ ਪ੍ਰੇਰਨਾ ਸਰੋਤ ਹੈ। ਜਥੇਬੰਦੀ ਦੀਆਂ ਚੱਲ ਰਹੀਆਂ ਜ਼ਿਲ੍ਹਾ ਪੱਧਰ ਤੱਕ ਦੀਆਂ ਜਥੇਬੰਦਕ ਚੋਣਾਂ ਫਰਬਰੀ 2024 ਦੌਰਾਨ ਮੁਕੰਮਲ ਕਰਨ ਮਗਰੋਂ 22-23 ਮਾਰਚ 2024 ਨੂੰ ਸੂਬਾਈ ਚੋਣ ਇਜਲਾਸ ਕਰਨ ਦਾ ਫ਼ੈਸਲਾ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਆਉਣ ਵਾਲੇ ਪ੍ਰੋਗਰਾਮਾਂ ਨੂੰ ਜੋਸ਼ੋਖਰੋਸ਼ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਸ਼ਹੀਦ ਊਧਮ ਸਿੰਘ ਸੁਨਾਮ ਦੇ ਜਨਮ ਦਿਨ ਤੇ ਹੋਈ ਇਸ ਮੀਟਿੰਗ ਦੀ ਸ਼ੁਰੂਆਤ ਮੌਕੇ ਸ਼ਹੀਦ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ।ਮੀਟਿੰਗ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੂਬਾ ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ,ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਮੁਹਾਲੀ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ ਤੋਂ ਇਲਾਵਾ ਹਰਵਿੰਦਰ ਸਿੰਘ ਕੋਟਲੀ, ਕਰਮਜੀਤ ਸਿੰਘ ਸੰਗਰੂਰ, ਗੁਲਜ਼ਾਰ ਸਿੰਘ ਕਬਰਵੱਛਾ, ਲਖਵੀਰ ਸਿੰਘ ਅਕਲੀਆ, ਸੁਖਚੈਨ ਸਿੰਘ ਰਾਜੂ, ਕੁਲਵੰਤ ਸਿੰਘ ਮਾਨ, ਜਗਤਾਰ ਸਿੰਘ ਦੇਹੜਕਾ, ਗੁਰਦੀਪ ਸਿੰਘ ਖੁੱਡੀਆਂ, ਹਰਮੀਤ ਸਿੰਘ ਫਾਜ਼ਿਲਕਾ ਅਤੇ ਪ੍ਰਦੀਪ ਮੁਹਾਲੀ ਸਮੇਤ 13 ਜ਼ਿਲਿਆਂ ਦੇ ਪ੍ਰਧਾਨ ਅਤੇ ਸਕੱਤਰ ਹਾਜ਼ਰ ਹੋਏ।
Posted By SonyGoyal