ਸ੍ਰੀ ਅੰਮ੍ਰਿਤਸਰ ਸਾਹਿਬ, ਕ੍ਰਿਸ਼ਨ ਸਿੰਘ ਦੁਸਾਂਝ
ਸੁਪਰਡੈਂਟ ਸ੍ਰ: ਠਾਨ ਸਿੰਘ ਬੁੰਗਈ ਜੀ ਨੇ ਇੱਕ ਪ੍ਰੈਸ ਨੋਟ ਰਾਹੀਂ ਜਾਣਕਾਰੀ ਦੇਂਦਿਆਂ ਕਿਹਾ ਕੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਸਦਭਾਵਨਾ ਰੈਲੀ, ਕੀਰਤਨ ਦਰਬਾਰ, ਮੈਰਾਥਨ ਦੌੜ, ਖੂਨਦਾਨ ਕੈਂਪ, ਭਾਸ਼ਨ ਤੇ ਲੇਖ ਲਿਖਣ ਮੁਕਾਬਲੇ, ਸਰਬ ਧਰਮ ਸੰਮੇਲਨ ਆਯੋਜਨ ਕੀਤੇ ਗਏ।
ਇਸੇ ਤਰ੍ਹਾਂ ਹੀ ਅੱਜ ਤਖ਼ਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਮਾਨਯੋਗ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਸਮੂੰਹ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮੱਰਪਿਤ 28 ਦਸੰਬਰ ਨੂੰ ਸਵੇਰੇ 10:50 ਤੋਂ 11 ਵਜੇ ਵਿਸ਼ੇਸ਼ ਤੌਰ ‘ਤੇ ‘ਵਾਹਿਗੁਰੂ ਸਿਮਰਨ ਕੀਤਾ ਗਿਆ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਸਾਡੇ ਲਈ ਹਮੇਸ਼ਾਂ ਪ੍ਰੇਰਨਾ ਸ੍ਰੋਤ ਹਨ।
ਤਖ਼ਤ ਸੱਚਖੰਡ ਸਾਹਿਬ ਵਿਖੇ ਹਰ ਸਾਲ ਇਨ੍ਹਾਂ ਕੁਰਬਾਨੀਆਂ ਨੂੰ “ਵਾਹਿਗੁਰੂ ਸਿਮਰਨ” ਦੇ ਜਾਪ ਰਾਹੀ ਸੰਗਤ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ।
ਇਸ ਮੌਕੇ ਗਿਆਨੀ ਰਾਜਿੰਦਰ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਨੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਤੇ ਗੁਰਮੰਤਰ ਦਾ ਜਾਪ ਕਰਵਾਇਆ।
ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਧੂਪੀਆ ਵਲੋਂ ਅਰਦਾਸ ਕੀਤੀ ਗਈ। ਉਪਰੰਤ ਕੜ੍ਹਾਹਿ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ।
ਤਖ਼ਤ ਸੱਚਖੰਡ ਸਾਹਿਬ ਵਿਖੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਪੂਰਾ ਪੰਡਾਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਸੰਗਤਾਂ ਨਾਲ ਭਰਿਆ ਹੋਇਆ ਸੀ, ਜੋ ਆਪਣੇ ਆਪ ਵਿੱਚ ਇੱਕ ਵੱਖਰਾ ਨਜ਼ਾਰਾ ਪੇਸ਼ ਕਰ ਰਿਹਾ ਸੀ।
ਦੇਸ਼ ਵਿਦੇਸ਼ ਅਤੇ ਹਜ਼ੂਰੀ ਸੰਗਤਾਂ ਸਵੇਰ ਤੋਂ ਹੀ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਰਹੀਆਂ ਸਨ।
Posted By SonyGoyal