ਅੰਮ੍ਰਿਤਸਰ, ਕ੍ਰਿਸ਼ਨ ਸਿੰਘ ਦੁਸਾਂਝ
ਬੀਤੇ ਦਿਨੀ ਦੇਸ਼ ਦੀ ਪਾਰਲੀਮੈਂਟ ਵਿੱਚ ਕੁੱਝ ਸ਼ਰਾਰਤੀ ਅਨਸਰ ਸਮੋਕ ਬੰਬ ਲੈ ਕੇ ਵੜ ਗਏ ਸਨ, ਜਿੰਨਾਂ ਨੂੰ ਅੰਮ੍ਰਿਤਸਰ ਦੇ ਦਲੇਰ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ ਨੇ ਬੜੀ ਬਹਾਦਰੀ ਨਾਲ ਫੜ ਕੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਕੀਤਾ ਅਤੇ ਸੁੱਟੇ ਹੋਏ ਸਮੋਕ ਬੰਬ ਨੂੰ ਫੜ ਕੇ ਬਾਹਰ ਸੁੱਟਿਆ ਸੀ।
ਸ. ਗੁਰਜੀਤ ਸਿੰਘ ਔਜਲਾ ਦੇ ਇਸ ਬਹਾਦਰੀ ਭਰੇ ਕਾਰਨਾਮੇ ਨੇ ਅੱਜ ਪੂਰੀ ਸਿੱਖ ਕੌਮ ਦਾ ਨਾਮ ਪੂਰੀ ਦੁਨੀਆਂ ਵਿੱਚ ਉੱਚਾ ਕਰ ਦਿੱਤਾ ਅਤੇ ਅੱਜ ਪੂਰੀ ਦੁਨੀਆ ਦੇ ਸੋਸ਼ਲ ਮੀਡੀਆ ‘ਤੇ ਗੁਰੂ ਨਗਰੀ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸ. ਔਜਲਾ ਦੀ ਬਹਾਦਰੀ ਦੀਆਂ ਖਬਰਾਂ ਚੱਲ ਰਹੀਆਂ ਹਨ।
ਐਮ.ਪੀ ਸ. ਔਜਲਾ ਦਾ ਅੰਮ੍ਰਿਤਸਰ ਪਹੁੰਚਣ ‘ਤੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਉਨ੍ਹਾਂ ਦਾ ਪੂਰੇ ਜੋਸ਼ੋ-ਖਰੋਸ਼ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਦਲੇਰੀ ਭਰੇ ਕਾਰਨਾਮੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓ.ਬੀ.ਸੀ ਪੰਜਾਬ ਦੇ ਵਰਕਿੰਗ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ ਨੇ ਬਹਾਦਰੀ ਅਤੇ ਦਲੇਰੀ ਨਾਲ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਪਾਰਲੀਮੈਂਟ ‘ਚੋ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਸਮੋਕ ਬੰਬ ਫੜ ਕੇ ਬਾਹਰ ਸੁੱਟਿਆ ਸੀ, ਨੂੰ ਦੇਖਦੇ ਹੋਏ ਉਨ੍ਹਾਂ ਨੂੰ ‘ਭਾਰਤ ਰਤਨ’ ਨਾਲ ਨਿਵਾਜ਼ਿਆਂ ਜਾਵੇ।
ਇਸ ਮੌਕੇ ਸਾਬਕਾ ਸਰਪੰਚ ਜਸਬੀਰ ਸਿੰਘ, ਸਿੱਖ ਆਗੂ ਤੇ ਸਮਾਜ ਸੇਵੀ ਇਕਬਾਲ ਸਿੰਘ ਤੁੰਗ, ਸੋਨੂੰ ਭਲਵਾਨ ਧੀਰਕੋਟ, ਕਿਸਾਨ ਆਗੂ ਪ੍ਰਤਾਪ ਸਿੰਘ, ਬੱਬੂ ਵਿਰਕ, ਸਿੱਖ ਆਗੂ ਸੁਖਦੇਵ ਸਿੰਘ, ਰਣਜੀਤ ਸਿੰਘ, ਹਰਮਨ ਸਿੰਘ, ਹਰਜੀਤ ਸਿੰਘ, ਜੋਬਨਜੀਤ ਸਿੰਘ ਆਦਿ ਹਾਜ਼ਰ ਸਨ।
Posted By SonyGoyal