ਬਰਨਾਲਾ 31 ਅਕਤੂਬਰ (ਨਰਿੰਦਰ ਕੁਮਾਰ ਬਿੱਟਾ)


ਮਿਤੀ 29-10-2023 ਨੂੰ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਰਕਾਰ ਖਿਲਾਫ ਕੀਤੀ ਗਈ ਰੈਲੀ ਵਿੱਚ ਪ੍ਰਸ਼ਾਸਨ ਦੁਆਰਾ ਕੀਤੇ ਗਏ ਦੁਰਵਿਹਾਰ ਦੇ ਰੋਸ਼ ਵਜੋਂ ਅੱਜ ਬਰਨਾਲਾ ਵਿਖੇ ਡੀ.ਸੀ. ਕੰਪਲੈਕਸ ਤੋਂ ਕਚਿਹਰੀ ਚੌਂਕ ਤੱਕ ਇੱਕ ਰੋਸ਼ ਮਾਰਚ ਕੱਢਿਆ ਗਿਆ। ਜਿਸ ਵਿੱਚ ਪੰਜਾਬ ਸਰਕਾਰ ਅਤੇ ਪ੍ਰਸ਼ਾਨ ਖਿਲਾਫ ਖੁੱਲ ਕੇ ਨਾਅਰੇਬਾਜੀ ਕੀਤੀ ਗਈ। ਜਿੱਥੇ ਪਹਿਲਾਂ ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਨੌਕਰਸ਼ਾਹੀ ਦੀ ਕੰਪਿਊਟਰ ਅਧਿਆਪਕਾਂ ਪ੍ਰਤੀ ਬੇਰੁੱਖੀ ਅਤੇ ਅੜੀਅਲ ਵਤੀਰੇ ਦੀ ਆਪਣੇ ਭਾਸ਼ਣਾ ਵਿੱਚ ਜੰਮ ਕੇ ਅਲੋਚਨਾ ਕੀਤੀ ਗਈ।


ਪ੍ਰਧਾਨ ਪਰਦੀਪ ਕੁਮਾਰ ਨੇ ਭਾਸ਼ਣ ਦੌਰਾਨ ਦੱਸਿਆ ਕਿ ਪੰਜਾਬ ਦੇ ਸਮੁੱਚੇ ਮੁਲਾਜਮਾਂ ਨੂੰ 6ਵਾਂ ਤਨਖਾਹ ਕਮਿਸ਼ਨ ਮਿਲ ਚੁੱਕਾ ਹੈ, ਪਰ ਕੰਪਿਊਟਰ ਅਧਿਆਪਕ ਨੂੰ ਜਾਣ-ਬੁੱਝ ਕੇ 6ਵੇਂ ਤਨਖਾਹ ਕਮਿਸ਼ਨ ਤੋਂ ਵਾਂਝਾ ਰੱਖਿਆ ਗਿਆ ਹੈ ਪੰਜਾਬ ਸਰਕਾਰ ਅਤੇ ਨੌਕਰਸ਼ਾਹੀ ਦੇ ਅੜੀਅਲ ਵਤੀਰੇ ਨੇ ਕੰਪਿਊਟਰ ਅਧਿਆਪਕਾਂ ਦੇ ਬਣਦੇ ਜਾਇਜ ਹੱਕਾਂ ਤੋਂ ਵਿਰਵਾ ਰੱਖਿਆ ਹੋਇਆ ਹੈ। ਕੰਪਿਉਟਰ ਅਧਿਆਪਕ ਯੂਨੀਅਨ ਪੰਜਾਬ ਕਈ ਵਾਰ ਸਬ-ਕਮੇਟੀ, ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੇ ਨਾਲ ਮੀਟਿੰਗਾਂ ਕਰ ਚੁੱਕੀ ਹੈ ਅਤੇ ਬਹੁਤ ਵਾਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਨੂੰ ਅਪਣੀਆਂ ਜਾਇਜ ਮੰਗਾਂ ਸਬੰਧੀ ਮਿਲ ਚੁੱਕੀ ਹੈ, ਪਰ ਕੰਪਿਊਟਰ ਅਧਿਆਪਕਾਂ ਦੀਆ ਜਾਇਜ ਅਤੇ ਲੰਬਿਤ ਮੰਗਾਂ ਨੂੰ ਹੱਲ ਨਹੀ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ 22 ਸਤੰਬਰ 2022 ਨੂੰ “ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਤੇ ਤੋਹਫਾ ਦੇਣ” ਦਾ ਐਲਾਨ ਕੀਤਾ ਗਿਆ ਸੀ। ਬੀਤੇ ਸਾਲ ਸਿੱਖਿਆ ਮੰਤਰੀ ਨੇ ਕੰਪਿਊਟਰ ਅਧਿਆਪਕਾਂ ਨੂੰ 6ਵਾਂ ਤਨਖਾਹ ਕਮਿਸ਼ਨ ਅਤੇ ਪੰਜਾਬ ਸਿਵਲ ਸਰਵਿਸ ਦੇ ਨਿਯਮ ਅਤੇ ਹੋਰ ਵਿਭਾਗੀ ਮਸਲੇ ਦੀਵਾਲੀ ਤੇ ਹੱਲ ਕਰਨ ਦਾ ਐਲਾਨ ਅਖਬਾਰਾਂ ਅਤੇ ਆਮ ਆਦਮੀ ਪਾਰਟੀ ਦੇ ਵੱਖ ਮੰਚਾਂ ਕੀਤਾ ਸੀ ਜੋ ਕਿ ਇੱਕ ਸਾਲ ਬੀਤ ਜਾਣ ਉਪਰੰਤ ਵੀ ਵਫਾ ਨਹੀੰ ਹੋਇਆ ਹੈ। ਜੱਥੇਬੰਦੀ ਨੂੰ ਪੰਜਾਬ ਸਰਕਾਰ ਨਾਲ ਇਹ ਵੀ ਗਿਲਾ ਹੈ ਕਿ 90 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਜਿਹਨਾਂ ਦੇ ਆਸ਼ਰਿਤਾਂ ਦੀ ਪੰਜਾਬ ਸਰਕਾਰ ਨੇ ਕਿਸੇ ਤਰਾਂ ਦੀ ਵਿੱਤੀ ਸਹਾਇਤਾ ਸਰਕਾਰ ਨਹੀਂ ਕੀਤੀ ਹੈ ਨਾ ਹੀ ਉਹਨਾਂ ਦੇ ਆਸ਼ਰਿਤਾਂ ਨੂੰ ਮੌਤ ਉਪਰੰਤ ਨੌਕਰੀ ਦਿੱਤੀ ਗਈ ਜਿਸ ਕਾਰਣ ਉਹਨਾਂ ਦੇ ਪਰਿਵਾਰਾਂ ਸੜਕਾਂ ਤੇ ਰੁੱਲਣ ਲਈ ਮਜਬੂਰ ਹਨ।


ਇਸ ਮੌਕੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਮੀਤ ਪ੍ਰਧਾਨ ਸਿਕੰਦਰ ਸਿੰਘ ਨੇ ਕਿਹਾ ਕਿ ਉੰਝ ਤਾਂ ਪੰਜਾਬ ਸਰਕਾਰ ਡਿਜੀਟਲ ਇੰਡੀਆ ਦੀਆਂ ਗੱਲਾਂ ਕਰਕੇ ਵੋਟਾਂ ਇਕੱਠੀਆਂ ਕਰ ਰਹੀ ਹੈ ਅਤੇ ਡਿਜੀਟਲ ਇੰਡੀਆ ਬਨਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਕੰਪਿਊਟਰ ਅਧਿਆਪਕਾਂ, ਜਿਨ੍ਹਾ ਨੇ ਡਿਜੀਟਲ ਇੰਡੀਆ ਦੇ ਮੰਤਵ ਲਈ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਾ ਹੈ ਉਸ ਕੇਡਰ ਦੀ ਹੀ ਅਣਦੇਖੀ ਕਰ ਰਹੀ ਹੈ। ਮਿਸ਼ਨ ਸਮਰੱਥ ਅਧੀਨ ਕੰਪਿਊਟਰ ਸਿੱਖਿਆ ਲਈ ਸਿਰਫ 2 ਪੀਰੀਅਡ ਹੀ ਦਿੱਤੇ ਗਏ ਹਨ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਜੇਕਰ ਸਾਨੂੰ ਪੜ੍ਹਾਉਣ ਲਈ ਪੀਰੀਅਡ ਹੀ ਨਹੀਂ ਮਿਲਣਗੇ ਤਾਂ ਅਸੀਂ ਵਿਦਿਆਰਥੀਆਂ ਨੂੰ ਸਿੱਖਿਅਤ ਕਿਸ ਸਮੇਂ ਕਰਾਂਗੇ ? ਸਰਕਾਰ ਦੀ ਸਮਝ ਨਹੀਂ ਆ ਰਹੀ ਕਿ ਉਹ ਡਿਜੀਟਲ ਇੰਡੀਆ ਬਨਾਉਣ ਵੀ ਚਾਹੁੰਦੀ ਹੈ ਜਾਂ ਸਿਰਫ ਵੋਟ ਬੈਂਕ ਲਈ ਇਸ ਡਿਜੀਟਲ ਇੰਡੀਆ ਦੇ ਨਾਮ ਦੀ ਵਰਤੋਂ ਹੀ ਕਰ ਰਹੀ ਹੈ।


ਜੇਕਰ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਦੇ ਜਾਇਜ ਅਤੇ ਹੱਕੀ ਮੰਗਾਂ ਨੂੰ ਦੀਵਾਲੀ ਤੋਂ ਪਹਿਲਾ ਪਰਵਾਨ ਨਹੀਂ ਕਰਦੀ ਹੈ ਤਾਂ ਪੰਜਾਬ ਸਰਕਾਰ ਦੇ ਹਰ ਰਾਜਨੀਤਿਕ ਫੰਕਸ਼ਨਾਂ ਵਿੱਚ ਘੁਸਪੈਠ ਕਰਕੇ ਕੰਪਿਊਟਰ ਅਧਿਆਪਕਾਂ ਦੇ ਨਾਲ ਕੀਤੇ ਗਰੰਟੀ ਵਾਅਦਿਆਂ ਨੂੰ ਜਨਤਕ ਕੀਤਾ ਜਾਵੇਗਾ ਜਿਸ ਦੀ ਪੂਰੀ ਜਿੰਮੇਵਾਰ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਭਾਰੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਹਾਜਰ ਸਨ।


ਇਸ ਰੋਸ਼ ਮਾਰਚ ਵਿੱਚ ਭਰਾਤਰੀ ਜੱਥੇਬੰਦੀਆਂ ਵੱਲੋਂ ਵੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।

Leave a Reply

Your email address will not be published. Required fields are marked *