ਮਨਿੰਦਰ ਸਿੰਘ, ਸੰਗਰੂਰ

  • ਕਿਸਾਨਾਂ ਵੱਲੋਂ ਉਲੀਕੇ ਹਰ ਅੰਦੋਲਨ ਵਿੱਚ ਵੀ ਵੱਧ ਚੜ੍ਹ ਕੇ ਕੀਤੀ ਜਾਵੇਗੀ ਸ਼ਮੂਲੀਅਤ

ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਐਮ.ਪੀ. ਦਫਤਰ ਸੰਗਰੂਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਸਮਾਜ ਸੇਵੀ ਭਾਨਾ ਸਿੱਧੂ ਦੇ ਹੱਕ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜੁਝਾਰੂ ਆਗੂਆਂ, ਵਰਕਰਾਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੇ ਅੱਤਿਆਚਾਰਾਂ ਵਿਰੁੱਧ ਇਨਸਾਫ ਲਈ ਸੰਘਰਸ਼ ਜਾਰੀ ਰਹੇਗਾ ।

ਸ. ਮਾਨ ਨੇ ਅੱਜ ਦੇ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵੀ ਭਾਨਾ ਸਿੱਧੂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ ਦੇ ਪ੍ਰੋਗਰਾਮਾਂ ਵਿੱਚ ਕੋਈ ਫਰਕ ਨਹੀਂ ਹੈ ।

ਭਾਨਾ ਸਿੱਧੂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਅਤੇ ਕਿਸਾਨਾਂ ਵੱਲੋਂ ਦੋ ਭਾਗਾਂ ਵਿੱਚ ਮੋਰਚਾ ਲਗਾਇਆ ਜਾ ਰਿਹਾ ਹੈ ਪਰ ਦੋਵਾਂ ਦੀ ਲੜੀ ਇੱਕੋ ਹੀ ਹੈ, ਜਿਸਦਾ ਉਦੇਸ਼ ਭਾਨਾ ਸਿੱਧੂ ਉਪਰ ਦਰਜ ਝੂਠੇ ਕੇਸਾਂ ਨੂੰ ਰੱਦ ਕਰਵਾ ਕੇ ਉਸ ਨੂੰ ਰਿਹਾਅ ਕਰਵਾਉਣਾ ਹੈ


ਸ. ਮਾਨ ਨੇ ਦੱਸਿਆ ਕਿ ਬੀਤੀ 29 ਜਨਵਰੀ ਨੂੰ ਕੋਟਦੂਨਾ ਵਿਖੇ ਬਹੁਤ ਵੱਡਾ ਇਕੱਠ ਹੋਇਆ ਸੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ), ਕਿਸਾਨ ਜਥੇਬੰਦੀਆਂ ਸਮੇਤ ਹੋਰਨਾਂ ਪਾਰਟੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਸੀ ।

ਉੱਥੇ ਫੈਸਲਾ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਧੂਰੀ ਵਿਖੇ ਵੱਡਾ ਇਕੱਠ ਕਰੇਗਾ ਅਤੇ ਕਿਸਾਨ ਜਥੇਬੰਦੀਆਂ ਵੱਡਾ ਇਕੱਠ ਕਰਕੇ ਸੀ.ਐਮ. ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨਗੀਆਂ ।

ਅੱਜ ਦੇ ਧੂਰੀ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਸਾਡਾ ਸਮਰੱਥਨ ਕੀਤਾ ਗਿਆ ਹੈ, ਉਸੇ ਤਰ੍ਹਾਂ ਕਿਸਾਨ ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ ਦੇ ਪ੍ਰੋਗਰਾਮਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵੱਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ ।

ਸ. ਮਾਨ ਨੇ ਕਿਹਾ ਕਿ ਸਰਕਾਰ ਚਾਹੇ ਕਿੰਨਾ ਵੀ ਜਬਰ ਜੁਲਮ ਕਰ ਲਵੇ ਪਰ ਇਨਸਾਫ ਮਿਲਣ ਤੱਕ ਉਹ ਆਪਣੇ ਫੈਸਲੇ ‘ਤੇ ਅਟਲ ਰਹਿਣਗੇ ।

Posted By SonyGoyal

Leave a Reply

Your email address will not be published. Required fields are marked *