ਸੋਨੀ ਗੋਇਲ, ਬਰਨਾਲਾ

ਇੱਕ ਪੁਲਿਸ ਮੁਲਾਜਮ ਦੀ ਮੌਤ ਦੇ ਮਾਮਲੇ ਵਿੱਚ ਚਾਰ ਕਬੱਡੀ ਖਿਡਾਰੀਆਂ ਖਿਲਾਫ ਦਰਜ਼ ਪੁਲਿਸ ਕੇਸ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਅੱਗੇ 10 ਫਰਵਰੀ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਹੈ।

ਅੱਜ ਬਰਨਾਲਾ ਵਿਖੇ ਖੁੱਲ੍ਹੀ ਮੀਟਿੰਗ ਉਪਰੰਤ ਜਥੇਬੰਦੀਆਂ ਨੇ ਕਿਹਾ ਕਿ ਕਬੱਡੀ ਖਿਡਾਰੀਆਂ ਖਿਲਾਫ ਦਰਜ਼ ਕਤਲ ਕੇਸ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਦਿਆਂ ਕਤਲ ਕੇਸ ਰੱਦ ਕੀਤਾ ਜਾਵੇ ਤੇ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮਾ ਦੀ ਲੱਤ ਵਿੱਚ ਗੋਲੀ ਮਾਰਨ ਦੇ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ, ਕਿਸਾਨ ਆਗੂ ਨਾਨਕ ਸਿੰਘ ਅਮਲਾ ਸਿੰਘ ਵਾਲਾ,ਗੁਰਪ੍ਰੀਤ ਸਿੰਘ ਗੋਪੀ ਰਾਏਸਰ,ਨਿਰਭੈ ਸਿੰਘ ਛੀਨੀਵਾਲ,ਜਗਸੀਰ ਸਿੰਘ ਸੀਰਾ ਛੀਨੀਵਾਲ,ਗੁਰਮੇਲ ਸਿੰਘ ਜਵੰਧਾ,ਭੁਪਿੰਦਰ ਕੁਮਾਰ,ਅਧਿਆਪਕ ਆਗੂ ਰਾਜੀਵ ਕੁਮਾਰ ਤੇ ਨਿਰਮਲ ਚੁਹਾਣਕੇ ਨੇ ਕਿਹਾ ਕਿ ਚਾਰੇ ਕਬੱਡੀ ਖਿਡਾਰੀਆਂ ਨਾਲ ਪੁਲਿਸ ਵੱਲੋਂ ਵਧੀਕੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਪੁਲਿਸ ਕਾਰਵਾਈ ਕਰਨ ਦੀ ਬਜਾਏ ਕਾਹਲ ਵਿੱਚ ਕਬੱਡੀ ਖਿਡਾਰੀਆਂ ਖਿਲਾਫ ਸਖਤ ਧਰਾਵਾਂ ਲਾਈਆਂ ਗਈਆ ਹਨ।

ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਪਟਿਆਲਾ ਚਿਕਨ ਕਾਰਨਰ ਦੇ ਪ੍ਰਬੰਧਕਾਂ ਅਤੇ ਇਲਾਕੇ ਦੇ ਚਾਰ ਕਬੱਡੀ ਖਿਡਾਰੀਆਂ ਵਿਚਕਾਰ ਤਕਰਾਰ ਤੋਂ ਬਾਅਦ ਹੋਟਲ ਮਾਲਕਾਂ ਦੇ ਭਾੜੇ ਦੇ ਗੁੰਡਿਆਂ ਨੇ ਕਬੱਡੀ ਖਿਡਾਰੀਆਂ ਦੀ ਕੀਤੀ ਕੁੱਟਮਾਰ ਕੀਤੀ ਸੀ।

ਉਨ੍ਹਾਂ ਕਿਹਾ ਕਿ ਉਕਤ ਖਿਡਾਰੀਆਂ ਵਿਚੋਂ ਇੱਕ ਪਰਮਜੀਤ ਸਿੰਘ ਪੰਮਾ ਦੇ ਖਿਲਾਫ ਝੂਠੇ ਪੁਲਸ ਮੁਕਾਬਲੇ ਦਾ ਕੇਸ ਦਰਜ ਕੀਤਾ ਗਿਆ ਹੈ ਜਦੋਂ ਕਿ ਸਾਰਾ ਇਲਾਕਾ ਇਹ ਜਾਣਦਾ ਹੈ ਕਿ ਪੁਲਸ ਨੇ ਪੰਮੇ ਨੂੰ ਧਨੌਲਾ ਸਿਵਲ ਹਸਪਤਾਲ ਵਿਚੋਂ ਗ੍ਰਿਫਤਾਰ ਕਰਕੇ ਬਾਅਦ ਵਿਚ ਝੂਠਾ ਪੁਲਸ ਮੁਕਾਬਲਾ ਵਿਖਾ ਕੇ ਉਸਦੇ ਪੈਰ ਵਿੱਚ ਗੋਲੀ ਮਾਰ ਕੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਸੀ।

ਬੁਲਾਰਿਆਂ ਨੇ ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਝੂਠੇ ਪਰਚੇ ਰੱਦ ਕਰਕੇ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ।

ਬੁਲਾਰਿਆਂ ਨੇ ਕਿਹਾ ਕਿ ਠੀਕਰੀਵਾਲਾ ਵਿਖੇ ਲਗਾਏ ਧਰਨੇ ਮੌਕੇ ਪੁਲਿਸ ਨੇ ਵਿਸ਼ਵਾਸ਼ ਦਿਵਾਇਆ ਸੀ ਕਿ ਪੁਲਿਸ ਕੇਸ ਰੱਦ ਕੀਤੇ ਜਾਣਗੇ ਪਰ ਹੁਣ ਪੁਲਿਸ ਆਪਣੇ ਵਾਅਦੇ ਤੋਂ ਮੁੱਕਰ ਚੁੱਕੀ ਹੈ ਜਿਸ ਕਾਰਨ ਜਥੇਬੰਦੀਆਂ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰਨਗੇ।

ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਇਹ ਪਰਚੇ ਰੱਦ ਨਹੀਂ ਕੀਤੇ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Posted By SonyGoyal

Leave a Reply

Your email address will not be published. Required fields are marked *