ਬਿਨਾਂ ਕਿਸੇ ਧਾਰਮਿਕ ਰਸਮ ਦੇ ਸਰਧਾਂਜ਼ਲੀ ਸਮਾਗਮ ਭਲਕੇ
ਮਨਿੰਦਰ ਸਿੰਘ, ਬਰਨਾਲਾ
ਵੱਖ-ਵੱਖ ਪ੍ਰਸਿੱਧ ਪੰਜਾਬੀ ਅਖਬਾਰਾਂ ‘ਚ ਫੀਲਡ ਪੱਤਰਕਾਰਿਤਾ ਤੋਂ ਲੈ ਕੇ ਡੈਸਕ ਤੱਕ ਸੇਵਾਵਾਂ ਨਿਭਾਅ ਚੁੱਕੇ ਤੇ ਹੁਣ ਦਹਾਕੇ ਭਰ ਦੇ ਲੰਮੇਰੇ ਸਮੇਂ ਤੋਂ ਇੱਕ ਸੜਕੀ ਹਾਦਸੇ ‘ਚ ਜਖ਼ਮੀ ਹੋ ਬਿਸਤਰ ‘ਤੇ ਜੂਝਦੇ ਅਨਿਲ ਮੈਨਨ (55) ਦਾ ਦੇਹਾਂਤ ਹੋ ਗਿਆ ਹੈ। ਦੱਸਣਯੋਗ ਹੈ ਕਿ ਅਨਿਲ ਮੈਨਨ ਆਖਰੀ ਸਮੇਂ ਸੰਨ 2014 ‘ਚ ਜਲੰਧਰੋਂ ਛਪਦੇ ਇੱਕ ਪੰਜਾਬੀ ਅਖਬਾਰ ਦੇ ਚੰਡੀਗੜ੍ਹ/ਮੋਹਾਲੀ ਦਫ਼ਤਰ ਵਿਖੇ ਤਾਇਨਾਤ ਸਨ, ਜਿਨ੍ਹਾਂ ਦਾ ਕੰਮ ਤੋਂ ਘਰ ਪਰਤਦੇ ਦੇਰ ਸ਼ਾਮ ਸੜਕੀ ਹਾਦਸਾ (ਸ਼ੱਕੀ) ਹੋ ਗਿਆ ਸੀ। ਸਿਰ ਦੀ ਗੰਭੀਰ ਸੱਟ ਕਾਰਨ ਪਰਿਵਾਰ, ਸਨੇਹੀਆਂ ਤੇ ਮੈਡੀਕਲ ਸਾਇੰਸ ਦੀਆਂ ਬੇਜੋੜ ਕੋਸ਼ਿਸ਼ਾਂ ਦੇ ਬਾਵਜ਼ੂਦ ਅੱਜ ਤੱਕ ਉਹ ਨਾ ਬੋਲ ਤੇ ਨਾ ਚੱਲ ਫਿਰ ਸਕੇ। ਇਸ ਹਾਲਤ ਦੇ ਚਲਦਿਆਂ ਹਾਦਸਾ ਵੀ ਇੱਕ ‘ਰਹੱਸ’ ਹੀ ਰਿਹਾ।
ਅਨਿਲ ਮੈਨਨ ਜਿੱਥੇ ਨਿਧੜਕ ਪੱਤਰਕਾਰ ਸਨ, ਉੱਥੇ ਉਹ ਵਿਗਿਆਨਕ ਵਿਚਾਰਾਂ ਦੇ ਵੀ ਮੁਦੱਈ ਸਨ। ਪਰਿਵਾਰਿਕ ਮੈਂਬਰਾਂ ਵਲੋਂ ਉਨ੍ਹਾਂ ਦੀ ਪੂਰਬ ਇੱਛਾ ਤਹਿਤ ਹੀ ਮਿਤ੍ਰਕ ਦੇਹ ਖੋਜ ਕਰਜਾਂ ਲਈ ਆਦੇਸ਼ ਹਸਪਤਾਲ ਤੇ ਮੈਡੀਕਲ ਕਾਲਜ਼ ਭੁੱਚੋ (ਬਠਿੰਡਾ) ਨੂੰ ਸੌਂਪ ਦਿੱਤੀ ਗਈ। ਮ੍ਰਿਤਕ ਦੇਹ ਖੋਜ ਕਾਰਜਾਂ ਲਈ ਰਵਾਨਾ ਕਰਨ ਸਮੇਂ ਵੱਡੀ ਗਿਣਤੀ ‘ਚ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਰਿਸ਼ਤੇਦਾਰ ਤੇ ਪਰਿਵਾਰ ਮੈਂਬਰ ਹਾਜ਼ਰ ਸਨ।
ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਵ. ਅਨਿਲ ਮੈਨਨ ਨਮਿੱਤ ਬਿਨਾਂ ਕਿਸੇ ਧਾਰਮਿਕ ਰਸਮ ਦੇ ਸਰਧਾਂਜ਼ਲੀ ਸਮਾਗਮ 11 ਫਰਵਰੀ ਦਿਨ ਐਤਵਾਰ ਨੂੰ ਸਥਾਨਕ ਸੇਖਾ ਰੋਡ ਸਥਿੱਤ ਲਾਇਨਜ਼ ਭਵਨ ਵਿਖੇ ਹੋਵੇਗਾ।