ਭਾਰਤ ਵਿੱਚ ਘੱਟ ਘੱਟ ਗਿਣਤੀ ਵਰਗ ਸੁਰੱਖਿਤ ਨਹੀਂ :ਸਿਮਰਨਜੀਤ ਸਿੰਘ ਮਾਨ
ਮਨਿੰਦਰ ਸਿੰਘ, ਸੰਗਰੂਰ/ਬਰਨਾਲਾ
15 ਫਰਵਰੀ ਆਪਣੇ ਆਪ ਵਿੱਚ ਵੱਡੇ ਲੋਕਤੰਤਰ ਵਜੋਂ ਜਾਣੇ ਜਾਂਦੇ ਭਾਰਤ ਵਿੱਚ ਹੁਣ ਘੱਟ ਗਿਣਤੀਆਂ ਨੂੰ ਖਤਰਾ ਖੜਾ ਹੋ ਗਿਆ ਹੈ। ਸਰਕਾਰੀ ਅਦਾਰੇ ਵੇਚੇ ਜਾ ਰਹੇ ਹਨ। ਦੇਸ਼ ਦੇ ਸਭ ਤੋਂ ਵੱਡੇ ਵਿਭਾਗ ਬੀ.ਐਸ.ਐਨ.ਐਲ, ਰੇਲਵੇ ਵਿਭਾਗ ਤੇ ਪੋਸਟ ਇੰਡੀਆ ਵਰਗੇ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਕੇ ਕਿਸਾਨ ਯੂਨੀਅਨਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਦਾ ਸਮਰਥਨ ਕਰਦਿਆਂ ਕੀਤਾ।
ਸ. ਮਾਨ ਨੇ ਕਿਹਾ ਕਿ ਦੇਸ਼ ਅੰਦਰ ਬਹੁ ਭਾਸ਼ਾਈ ਤੇ ਬਹੁਤ ਧਰਮੀ ਲੋਕ ਵਸਦੇ ਹਨ , ਜਿਨਾਂ ਵਿੱਚੋਂ ਘੱਟ ਗਿਣਤੀ ਵਰਗਾਂ ਵਿੱਚ ਆਪਣੇ ਜਾਨ ਮਾਲ ਅਤੇ ਕਾਰੋਬਾਰ ਦੀ ਸਲਾਮਤੀ ਨੂੰ ਲੈ ਕੇ ਸਹਿਮ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਭਾਰਤ ਦੇਸ਼ ਅੰਦਰ ਔਰੰਗਜ਼ੇਬ ਵਰਗੀਆਂ ਨੀਤੀਆਂ ਲੈ ਕੇ ਆ ਰਹੀ ਹੈ, ਜਿਸ ਵਿੱਚ ਹਿੰਦੂ ਰਾਸ਼ਟਰ ਦਾ ਮੁੱਦਾ ਪ੍ਰਮੁੱਖ ਹੈ।
ਉਹਨਾਂ ਦੇਸ਼ ਦੇ ਜਾਗਰੂਕ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਮੋਦੀ ਸਰਕਾਰ ਦੇ ਪਾਪ ਦਾ ਰੱਥ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਦੇਸ਼ ਅੰਦਰ ਕਦੇ ਵੀ ਪਾਰਲੀਮੈਂਟ ਚੋਣ ਹੀ ਨਹੀਂ ਹੋਵੇਗੀ । ਦੇਸ਼ ਅੰਦਰ ਕੋਈ ਸੰਵਿਧਾਨ ਨਹੀਂ ਰਹੇਗਾ ਅਤੇ ਘੱਟ ਗਿਣਤੀਆਂ ਦੇ ਧਾਰਮਿਕ ਸਥਾਨ ਵੀ ਸੁਰੱਖਿਤ ਨਹੀਂ ਰਹਿਣਗੇ। ਉਨਾਂ ਸਮੁੱਚੇ ਦੇਸ਼ ਵਾਸੀਆਂ ਨੂੰ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।