ਮਨਿੰਦਰ ਸਿੰਘ/ਸੋਨੀ ਗੋਇਲ, ਬਰਨਾਲਾ
ਦੋ ਪੁਲਿਸ ਅਧਿਕਾਰੀ ਜ਼ਖ਼ਮੀ ਜੇਰੇ ਇਲਾਜ਼
ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਕਸਬਾ ਬਡਬਰ ਨੇੜੇ ਬਰਨਾਲਾ ਬਠਿੰਡਾ ਹਾਈਵੇ ਰੋਡ ’ਤੇ ਬਣੀ ਲਾਲ ਕੋਠੀ ਉਸ ਸਮੇਂ ਖੂਨ ਨਾਲ ਲਾਲ ਹੋ ਗਈ ਜਦ ਪੁਲਿਸ ਨੇ ਇੱਕ ਮੁਕਾਬਲੇ ’ਚ ਗੈਂਗਸਟਰ ਕਾਲਾ ਧਨੌਲਾ ਨੂੰ ਹਲਾਕ ਕਰ ਦਿੱਤਾ।
ਇਸ ਦੇ ਨਾਲ ਪੁਲਿਸ ਨੇ ਉਸ ਦੇ ਤਿੰਨ ਸਾਥੀ ਵੀ ਗ੍ਰਿਫ਼ਤਾਰ ਕੀਤੇ ਹਨ।
ਮੁਕਾਬਲੇ ਵਿੱਚ ਦੋ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ।
ਏਜੀਟੀਐਫ਼ ਦੀ ਟੀਮ ਦੇ ਇੰਚਾਰਜ਼ ਏਆਈਜੀ ਸੰਦੀਪ ਗੋਇਲ ਦੀ ਅਗਵਾਈ ’ਚ ਚਰਚਿਤ ਗੈਂਗਸਟਰ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਨੂੰ ਕਈ ਪੁਲਿਸ ਮਾਮਲਿਆਂ ‘ਚ ਭਾਲ ਕਰ ਰਹੀ ਸੀ ਜਿਸ ਦੀ ਅੱਜ ਸ਼ਾਮ 5:00 ਵਜੇ ਤੋਂ ਬਾਅਦ ਪੈੜ ਦੱਬਦਿਆਂ ਜਿਲ੍ਹੇ ਦੇ ਹੀ ਸੰਗਰੂਰ ਵੱਲ ਆਖਰੀ ਪਿੰਡ ਬਡਬਰ ਨੇੜੇ ਬਰਨਾਲਾ ਬਠਿੰਡਾ ਹਾਈਵੇ ਰੋਡ ’ਤੇ ਹੀ ਖੇਤਾਂ ’ਚ ਬਣੀ ਇੱਕ ਲਾਲ ਕੋਠੀ ’ਚ ਪਹਿਲਾਂ ਗ੍ਰਿਫ਼ਤਾਰ ਕਰਨ ਲਈ ਹਵਾਈ ਫਾਇਰ ਕੀਤੇ ਗਏ ਜਿਸ ’ਤੇ ਕਾਲਾ ਧਨੌਲਾ ਨੇ ਜਵਾਬੀ ਪੁਲਿਸ ’ਤੇ ਹਮਲਾ ਕੀਤਾ।
ਪੁਲਿਸ ਵਲੋਂ ਕਾਨਫ਼ਰੰਸ ਦੌਰਾਨ ਕੀਤੇ ਖੁਲਾਸੇ ਰਾਹੀਂ ਦੱਸਿਆ ਗਿਆ ਕਿ ਕਾਲਾ ਧਨੌਲਾ ਜਿੱਥੇ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ ਹੈ, ਉੱਥੇ ਹੀ ਉਸ ਦੇ ਤਿੰਨ ਸਾਥੀਆਂ ਨੂੰ ਵੀ ਜ਼ਖ਼ਮੀ ਹਾਲਤ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ’ਚੋਂ ਇੱਕ ਫਤਿਹਗੜ੍ਹ ਛੰਨਾ ਦਾ ਦੱਸਿਆ ਜਾ ਰਿਹਾ ਹੈ ਤੇ ਦੋ ਦੀ ਪੁਲਿਸ ਜਾਂਚ ਕਰ ਰਹੀ ਹੈ।
ਉਨ੍ਹਾ ਦੱਸਿਆ ਕਿ ਗੈਂਗਸਟਰ ਕਾਲਾ ਧਨੌਲਾ ’ਤੇ 67 ਵੱਖ ਵੱਖ ਧਰਾਵਾਂ ਤਹਿਤ ਵੱਖ ਵੱਖ ਥਾਣਿਆਂ ’ਚ ਮਾਮਲੇ ਦਰਜ ਸਨ ਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ।
ਪਿਛਲੇ ਸਮੇਂ ਦੌਰਾਨ ਹੀ ਉਹ ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਆਇਆ ਸੀ ਤੇ ਉਸ ਨੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ’ਤੇ ਜਾਨਲੇਵਾ ਹਮਲਾ ਕੀਤਾ ਸੀ, ਜਿਸ ਤਹਿਤ ਥਾਣਾ ਧਨੌਲਾ ’ਚ ਮਾਮਲਾ ਦਰਜ ਕਰ ਕੇ ਪੁਲਿਸ ਉਸ ਦੀ ਭਾਲ ਕਰ ਰਹੀ ਸੀ।
ਐਤਵਾਰ ਪਿਛਲੇ ਪਹਿਰ ਉਸ ਦੀ ਪੁਲਿਸ ਨਾਲ ਹੋਏ ਮੁਕਾਬਲੇ ’ਚ ਉਸ ਦੀ ਮੌਤ ਹੋ ਗਈ ਤੇ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕਾਲਾ ਤੇ ਉਸਦੇ ਸਾਥੀਆਂ ਖਿਲਾਫ਼ ਧਨੌਲਾ ਥਾਣੇ ’ਚ ਇਰਾਦਾ ਕਤਲ ਤੇ ਆਰਮਜ਼ ਐਕਟ ਦੇ ਜੁਰਮ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਕਾਲਾ ਧਨੌਲਾ ਨਗਰ ਕੌਂਸਲ ਧਨੌਲਾ ਦਾ ਮੀਤ ਪ੍ਰਧਾਨ ਵੀ ਰਹਿ ਚੁੱਕਿਆ ਹੈ।
ਉਸ ਦੇ ਖਿਲਾਫ਼ ਕਤਲ, ਲੁੱਟ ਖੋਹ ਤੇ ਕੁੱਟਮਾਰ ਦੀਆਂ ਅਨੇਕਾਂ ਘਟਨਾਵਾਂ ਦੇ ਸਬੰਧ ’ਚ ਪੁਲਿਸ ਨੇ ਵੱਖ ਵੱਖ ਜਿਲ੍ਹਿਆਂ ’ਚ ਮਾਮਲੇ ਦਰਜ ਕੀਤੇ ਸਨ।
ਦੋ ਪੁਲਿਸ ਮੁਲਾਜ਼ਮ ਹੋਏ ਜ਼ਖ਼ਮੀ
ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਏਜੀਟੀਐੱਫ਼ ਦੇ ਦੋ ਪੁਲਿਸ ਮੁਲਾਜ਼ਮ ਇੰਸਪੈਕਟਰ ਪੁਸ਼ਪਿੰਦਰ ਸਿੰਘ ਤੇ ਸਬ ਇੰਸਪੈਕਟਰ ਜਸਬੀਰ ਸਿੰਘ ਇਸ ਗੈਂਗਸਟਰਾਂ ਨਾਲ ਹੋਏ ਹਮਲੇ ’ਚ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਭਰਤੀ ਕਰਵਾਇਆ ਗਿਆ ਹੈ।
ਇਸ ਘਟਨਾਕ੍ਰਮ ਦਾ ਖੁਲਾਸਾ ਪੁਲਿਸ ਨੇ ਕਰੀਬ ਢਾਈ ਘੰਟਿਆ ਬਾਅਦ ਮੀਡੀਆ ਨੂੰ ਜਨਤਕ ਕੀਤਾ।
ਤਿੰਨ ਪਿਸਤੌਲ, ਮੈਗਜੀਨ ਤੇ ਗੱਡੀ ਬਰਾਮਦ
ਪੁਲਿਸ ਮੁਕਾਬਲੇ ਸਮੇਂ ਪੁਲਿਸ ਨੇ ਗੈਂਗਸਟਰਾਂ ਪਾਸੋ ਤਿੰਨ ਪਿਸਤੌਲ ਸਣੇ ਮੈਗਜੀਨ, ਜਿੱਥੇ ਅਸਲਾ ਬ੍ਰਾਮਦ ਕੀਤਾ ਹੈ, ਉੱਥੇ ਇੱਕ ਸਿਲਵਰ ਰੰਗ ਦੀ ਗੱਡੀ ਨੂੰ ਵੀ ਆਪਣੇ ਕਬਜ਼ੇ ’ਚ ਲਿਆ ਹੈ, ਜਿਸ ਨੂੰ ਕਾਲਾ ਧਨੌਲਾ ਆਪਣੀ ਆਵਾਜਾਈ ਲਈ ਵਰਤ ਰਿਹਾ ਸੀ।
Posted By SonyGoyal