ਮਨਿੰਦਰ ਸਿੰਘ, ਸੰਗਰੂਰ , ਬਰਨਾਲਾ
ਸੁਖਵੀਰ ਘੁਮਾਣ ਨੇ ਪੜ੍ਹਿਆ ਅਲੋਚਨਾਤਮਕ ਪਰਚਾ
ਕੇਂਦਰੀ ਪੰਜਾਬ ਲੇਖਕ ਸਭਾ ਸੇਖੋਂ ਨਾਲ ਸਬੰਧਤ ਸਾਹਿਤ ਤੇ ਸੱਭਿਆਚਾਰ ਮੰਚ ਦਿੜ੍ਹਬਾ ਦੀ ਮਹੀਨਾਵਾਰ ਮੀਟਿੰਗ ਗੁਰਮੀਤ ਸਿੰਘ ਖੇਤਲਾ ਦਾ ਅਗਵਾਈ ਹੇਠ ਹੋਈ।
ਇਸ ਮੀਟਿੰਗ ‘ਚ ਯਾਦਵਿੰਦਰ ਸਿੰਘ ਭੁੱਲਰ ਦੇ ਨਾਵਲ ‘ਮਨਹੁ ਕੁਸੁਧਾ ਕਾਲੀਆ’ ‘ਤੇ ਖੁੱਲ ਕੇ ਵਿਚਾਰ ਚਰਚਾ ਗੋਸ਼ਟੀ ਕੀਤੀ ਗਈ।
ਮੀਟਿੰਗ ‘ਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਫਿਲਮੀ ਅਦਾਕਾਰ ਤੇ ਡਾਇਰੈਕਟਰ ਭੁਪਿੰਦਰ ਬਰਨਾਲਾ ਸ਼ਾਮਿਲ ਹੋਏ।
ਸੁਖਵੀਰ ਸਿੰਘ ਘੁਮਾਣ ਨੇ ਨਾਵਲ ਉਤੇ ਅਲੋਚਨਾਤਮਕ ਪਰਚਾ ਪੜ੍ਹਿਆ।
ਉਨ੍ਹਾਂ ਨੇ ਨਾਵਲ ਨੂੰ ਸਮਾਜ ਸੁਧਾਰਕ ਦੇ ਤੌਰ ਉਤੇ ਪੇਸ਼ ਕੀਤਾ।
ਇਸ ਨਾਵਲ ‘ਚ ਸਮਾਜ ਅੰਦਰ ਫੈਲੇ ਡੇਰਿਆ ਦਾ ਕੱਚਾ ਚਿੱਠਾ ਮਲਵਈ ਬੋਲੀ ਵਿੱਚ ਪੇਸ਼ ਕੀਤਾ ਗਿਆ ਹੈ।
ਡੇਰੇ ਵਾਲੇ ਵੱਖ- ਵੱਖ ਰੂਪ ਧਾਰ ਕੇ ਲੋਕਾਂ ਨੂੰ ਕਿਵੇਂ ਲੁੱਟਦੇ ਹਨ, ਉਸ ਉੱਤੇ ਪਾਤਰਾਂ ਰਾਹੀ ਵਿਉਤਬੰਦੀ ਕਰਕੇ ਪਰਦਾਫਾਸ਼ ਕੀਤਾ ਗਿਆ।
ਮਾਸਟਰ ਨਾਇਬ ਸਿੰਘ ਰਟੋਲਾਂ ਨੇ ਨਾਵਲ ਮਨਹੁ ਕੁਸੁਧਾ ਕਾਲੀਆ ਉਤੇ ਉਸਾਰੂ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਨਾਵਲ ਲੇਖਕ ਦਾ ਪਲੇਠਾ ਨਾਵਲ ਹੈ ਇਸ ਕਰਕੇ ਇਸ ਵਿੱਚ ਊਣਤਾਈਆ ਹੋਣ ਦੇ ਬਾਵਜੂਦ ਸਹੀ ਪੇਸ਼ਕਾਰੀ ਕੀਤੀ ਗਈ ਹੈ।
ਮੰਚ ਦਾ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਨੇ ਨਾਵਲ ਨੂੰ ਨਾਂ ਦੇ ਨਾਲ ਇਨਸਾਫ ਕਰਨ ਵਾਲਾ ਦੱਸਿਆ ਹੈ।
ਰਾਮਫਲ ਰਾਜਲਹੇੜੀ, ਸੁਖਵੰਤ ਸਿੰਘ ਧੀਮਾਨ ਅਤੇ ਹਰਮੇਸ਼ ਸਿੰਘ ਮੇਸ਼ੀ ਨੇ ਅਜੋਕੇ ਯੁੱਗ ਵਿੱਚ ਨਾਵਲ ਦੀ ਵਿਧਾ ਨੂੰ ਜਾਗਦੇ ਰੱਖਣ ਲਈ ਲੇਖਕ ਦਾ ਸਫਲ ਯਤਨ ਕਿਹਾ ਹੈ।
ਸੇਮੀ ਸਿੱਧੂ ਦਾ ਗੀਤ ਵੀ ਲੋਕਾਂ ਲਈ ਮਨਮੋਹਕ ਲੱਗਾ ਜਿਸ ਨੂੰ ਮਹਿਮਾਨਾਂ ਨੇ ਵੀ ਖੂਬ ਸਰਾਹਿਆਂ ਹੈ।
ਅਦਾਕਾਰ ਭੂਪਿੰਦਰ ਬਰਨਾਲਾ ਨੇ ਨਾਵਲ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਇਸ ਉਤੇ ਫਿਲਮ ਬਣਾਉਣ ਦੀ ਗੱਲ ਵੀ ਕੀਤੀ।
ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਨੇ ਸਾਹਿਤ ਅਤੇ ਸੱਭਿਆਚਾਰ ਮੰਚ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਉਸ ਦੇ ਨਾਵਲ ਨੂੰ ਸਾਹਿਤਕ ਚਰਚਾ ਦਾ ਵਿਸ਼ਾ ਤੇ ਹੋਰ ਨਵੀਂ ਰਚਨਾ ਵਿੱਚ ਦਿੱਤੇ ਸੁਝਾਵਾਂ ਉਤੇ ਧਿਆਨ ਦੇਣ ਦੀ ਗੱਲ ਮੰਨੀ ।
ਇਸ ਮੌਕੇ ਗੁਰਤੇਜ ਸਿੰਘ ਧਾਲੀਵਾਲ, ਮਨਪ੍ਰੀਤ ਰਾਣਾ, ਸੁਖਵਿੰਦਰ ਜਨਾਲ, ਡਾ. ਜਗਦੀਸ਼ ਸ਼ਰਮਾ ਅਤੇ ਹੋਰ ਸਾਹਿਤ ਪ੍ਰੇਮੀ ਹਾਜਰ ਸਨ।
Posted By SonyGoyal