ਅੰਮ੍ਰਿਤਸਰ ਦੇ ਨੌਜਵਾਨਾਂ ਨੂੰ ਸਮਰੱਥਾ ਦੀ ਕਮੀ ਨਹੀਂ ਕੇਵਲ ਅਵਸਰ ਪ੍ਰਦਾਨ ਕਰਨ ਦੀ ਲੋੜ – ਤਰਨਜੀਤ ਸਿੰਘ ਸੰਧੂ

ਅੰਮ੍ਰਿਤਸਰ 8 ਮਾਰਚ (ਯੂਨੀਵਿਜ਼ਨ ਨਿਊਜ਼) ਅਮਰੀਕਾ ਵਿਚ ਭਾਰਤੀ ਸਫ਼ੀਰ ਰਹੇ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਮਹਾ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ‘ਤੇ ਸਥਾਨਕ ਪ੍ਰਾਚੀਨ ਮੰਦਿਰ ਸ਼ਿਵਾਲਾ ਬਾਗ਼ ਭਾਈਆਂ ਵਿਖੇ ਨਤਮਸਤਕ ਹੋਏ ਅਤੇ ਪੂਜਾ ਅਰਚਨਾ ਕੀਤੀ। ਉਨ੍ਹਾਂ ਪੰਜਾਬ ਤੇ ਪੰਜਾਬੀਆਂ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਅਤੇ ਸਮੂਹ ਭਗਤਾਂ ਨੂੰ ਮਹਾ ਸ਼ਿਵਰਾਤਰੀ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਓ ਬੀ ਸੀ ਮੋਰਚਾ ਦੇ ਪੰਜਾਬ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਅਤੇ ਸਾਬਕਾ ਮੰਤਰੀ ਬੀਬੀ ਲਸ਼ਮੀ ਕਾਂਤਾ ਚਾਵਲਾ ਵੀ ਮੌਜੂਦ ਸਨ। ਪ੍ਰੋ. ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਮੰਦਰ ਕਮੇਟੀ ਵੱਲੋਂ ਪ੍ਰਧਾਨ ਸ਼੍ਰੀ ਅਸ਼ੋਕ ਸ਼ਰਮਾ ਅਤੇ ਸ਼੍ਰੀ ਗੋਪਾਲ ਕਿਸ਼ਨ ਦੀ ਅਗਵਾਈ ’ਚ ਸ਼. ਤਰਨਜੀਤ ਸਿੰਘ ਸੰਧੂ ਦਾ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਗਿਆ । ਅੰਬੈਸਡਰ ਸੰਧੂ ਤੇ ਬੋਨੀ ਅਜਨਾਲਾ ਨੇ ਮੰਦਰ ਕਮੇਟੀ ਵੱਲੋਂ ਲਗਾਏ ਗਏ ਲੰਗਰ ਵਿਚ ਵਰਤਾਉਣ ਦੀ ਸੇਵਾ ਵੀ ਕੀਤੀ। ਇਸ ਮੌਕੇ ਹਾਜ਼ਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਬੈਸਡਰ ਸੰਧੂ ਨੇ ਕਿਹਾ ਕਿ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਵਿਆਹ ਦਾ ਅੱਜ ਦਾ ਪਾਵਨ ਦਿਹਾੜਾ ਸਾਨੂੰ ਸਾਡੀ ਸੰਸਕ੍ਰਿਤੀ ਤੇ ਪ੍ਰਮਾਤਮਾ ਨਾਲ ਜੋੜੀ ਰੱਖਣ ਤੋਂ ਇਲਾਵਾ ਸਮੂਹ ਭਾਈਚਾਰਿਆਂ ਲਈ ਸ਼ਾਂਤੀ ਤੇ ਏਕਤਾ ਬਣਾਈ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਸਾਡੀਆਂ ਪਰੰਪਰਾਵਾਂ ਸਾਨੂੰ ਨਕਾਰਾਤਮਿਕ ਰੁਝਾਨਾਂ ਨੂੰ ਤਿਆਗ ਕੇ ਸਮਾਜ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰਨ ’ਤੇ ਜ਼ੋਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਅੱਜ ਬਹੁਤ ਖ਼ੁਸ਼ ਹਾਂ ਕਿ ਸ਼ਿਵਰਾਤਰੀ ਆਪਣੀ ਧਰਤੀ ’ਤੇ ਆਪਣੀਆਂ ਭੈਣਾਂ ਭਰਾਵਾਂ ਨਾਲ ਮਨਾਉਣ ਦਾ ਅਵਸਰ ਮਿਲਿਆ। ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਸ਼ੇਵਾ ਦੇ ਦੌਰਾਨ ਉਨ੍ਹਾਂ ਦਾ ਮਨ ਹਮੇਸ਼ਾਂ ਅੰਮ੍ਰਿਤਸਰ ਵਿਚ ਹੀ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਨੇ ਲੋਕ ਸੇਵਾ, ਪੰਥ ਅਤੇ ਦੇਸ਼ ਨੂੰ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰਦਿਆਂ 17 ਜੁਲਾਈ 1926 ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਮੇਰੇ ਮਾਤਾ ਪਿਤਾ ਵੀ ਸਿੱਖਿਆ ਦੇ ਖੇਤਰ ’ਚ ਯੋਗਦਾਨ ਪਾਉਂਦਿਆਂ ਅੰਮ੍ਰਿਤਸਰ ਨਾਲ ਸ਼ੁਰੂ ਤੋਂ ਜੁੜੇ ਰਹੇ। ਹੁਣ ਮੇਰੀ ਵਾਰੀ ਹੈ

ਕਿ ਮੈਂ ਅੰਮ੍ਰਿਤਸਰ ਦੇ ਵਿਕਾਸ ਲਈ ਉਹ ਕੁਝ ਕਰਾਂ ਜੋ ਮੈਂ ਭਾਰਤੀ ਵਿਦੇਸ਼ ਸ਼ੇਵਾ ਦੌਰਾਨ ਸੋਚਿਆ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਅਤੇ ਨੌਜਵਾਨਾਂ ’ਚ ਸਮਰੱਥਾ ਦੀ ਕੋਈ ਕਮੀ ਨਹੀਂ ਹੈ। ਕੇਵਲ ਉਨ੍ਹਾਂ ਨੂੰ ਸਹੀ ਅਗਵਾਈ ਅਤੇ ਮਾਰਗ ਦਰਸ਼ਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਅਨੇਕਾਂ ਵਿਦੇਸ਼ਾਂ ਕੰਪਨੀਆਂ ਅੰਮ੍ਰਿਤਸਰ ਵਿਚ ਪੂੰਜੀ ਨਿਵੇਸ਼ ਲਈ ਤਿਆਰ ਹਨ। ਜਿਸ ਦੁਆਰਾ ਬੇਰੁਜ਼ਗਾਰ ਨੌਜਵਾਨਾਂ ਨੂੰ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਰੁਜ਼ਗਾਰ ਅਤੇ ਨੌਕਰੀਆਂ ਦੇ ਕਾਬਲ ਬਣਾਏ ਜਾ ਸਕਦੇ ਹਨ। ਇਸ ਮੌਕੇ ਭਾਜਪਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਤੇ ਮੰਦਰ ਦੇ ਟਰੱਸਟੀ ਸ੍ਰੀ ਸੁਰੇਸ਼ ਮਹਾਜਨ, ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ, ਐਸ਼ ਪੀ ਕੇਵਲ ਜੀ, ਡਾ. ਸੰਜੀਵ ਲਖਨਪਾਲ, ਗੁਰਕੀਰਤ ਢਿੱਲੋਂ, ਅਰਜਨ ਵਧਵਾ, ਰਾਕੇਸ਼ ਗਿੱਲ, ਰਾਜੀਵ ਸ਼ਰਮਾ ਡਿੰਪੀ, ਵਿਨੋਦ ਕੁਮਾਰ, ਤਰੁਨ ਅਰੋੜਾ ਲੋਕ ਸਭਾ ਇੰਚਾਰਜ ਲਾਭ ਪਾਤਰੀ, ਰਾਹੁਲ ਮਹੇਸ਼ਵਰੀ ਕਨਵੀਨਰ ਸੈੱਲ, ਕੁਮਾਰ ਅਮਿਤ, ਗੌਰਵ ਗਿੱਲ, ਅਮਿਤ ਮਹਾਜਨ ਅਤੇ ਰਜਿੰਦਰ ਸ਼ਰਮਾ ਵੀ ਮੌਜੂਦ ਸਨ।

ਕੈਪਸ਼ਨ – ਸਾਬਕਾ ਅੰਬੈਸਡਰ ਤਰਨਜੀਤ ਸਿੰਘ ਸੰਧੂ ਨੂੰ ਮੰਦਿਰ ਸ਼ਿਵਾਲਾ ਬਾਗ਼ ਭਾਈਆਂ ਵਿਖੇ ਸਨਮਾਨਿਤ ਕਰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਸ਼੍ਰੀ ਅਸ਼ੋਕ ਸ਼ਰਮਾ ਉਨ੍ਹਾਂ ਨਾਲ ਬੋਨੀ ਅਮਰਪਾਲ ਸਿੰਘ ਅਜਨਾਲਾ, ਸ਼੍ਰੀ ਗੋਪਾਲ ਕਿਸ਼ਨ ਤੇ ਹੋਰ।

Leave a Reply

Your email address will not be published. Required fields are marked *