ਮਨਿੰਦਰ ਸਿੰਘ, ਯੂਨੀਵਿਜ਼ਨ ਨਿਊਜ਼ ਇੰਡੀਆ
ਪੰਜਾਬ ਦੇ ਚਰਚਿਤ ਲੋਕ ਸਭਾ ਹਲਕੇ ਫਰੀਦਕੋਟ ’ਚ 9 ਵਿਧਾਨ ਸਭਾ ਹਲਕੇ ਸ਼ਾਮਲ ਹਨ, ਜਿੰਨਾਂ ’ਚ ਫਰੀਦਕੋਟ, ਕੋਟਕਪੂਰਾ, ਜੈਤੋ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ ਅਤੇ ਰਾਮਪੁਰਾ ਫੂਲ ਹਨ। ਇੱਥੇ ਕੁੱਲ ਵੋਟਰ 16 ਲੱਖ 40 ਹਜਾਰ 958 ਹਨ, ਜਿਨ੍ਹਾਂ ਵਿੱਚੋਂ 8 ਲੱਖ 68 ਹਜ਼ਾਰ 458 ਮਰਦ ਜਦਕਿ 7 ਲੱਖ 72 ਹਜ਼ਾਰ 418 ਮਹਿਲਾ ਵੋਟਰ ਸਮੇਤ 82 ਵਾਧੂ ਵੋਟ ਹਨ। ਇਸ ਲੋਕ ਸਭਾ ਹਲਕੇ ’ਚ ਸਾਲ 2019 ਵਿੱਚ ਹੋਈਆਂ ਚੋਣਾਂ ’ਚ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ 83 ਹਜ਼ਾਰ 256 ਵੋਟਾਂ ਨਾਲ ਜੇਤੂ ਰਹੇ ਸਨ, ਉਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਨੂੰ ਹਰਾਇਆ ਸੀ, ਜਦਕਿ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਤੀਜੇ ਸਥਾਨ ’ਤੇ ਰਹੇ ਸਨ। ਇਸ ਹਲਕੇ ’ਚ ਪੋਲਿੰਗ 65 ਪ੍ਰਤੀਸ਼ਤ ਰਹੀ ਸੀ। ਇਸ ਦੇ ਨਾਲ ਹੀ ਇਸ ਹਲਕੇ ’ਚ ਦਿਵਿਆਂਗ ਵੋਟਰਾਂ ਦੀ ਗਿਣਤੀ 2834 ਹੈ। ਨਵੇਂ ਵੋਟਰ 7776 ਹਨ, ਜਿਹੜੇ ਕਿ ਇਸ ਵਾਰ ਆਉਣ ਵਾਲੀਆਂ ਚੋਣਾਂ ’ਚ ਵੋਟਾਂ ਪਾਉਣਗੇ। ਇਸ ਹਲਕੇ ਵਿੱਚ ਜੇਕਰ ਲੋਕਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ 70 ਪ੍ਰਤੀਸ਼ਤ ਲੋਕ ਪੜ੍ਹੇ-ਲਿਖੇ ਹਨ। ਇਸ ਲੋਕ ਸਭਾ ਹਲਕੇ ’ਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 511 ਹੈ। ਹਲਕਾ ਫਰੀਦਕੋਟ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੈ। ਇਸ ਹਲਕੇ ’ਚ ਸਨਅਤ ਕੋਈ ਜ਼ਿਆਦਾ ਪ੍ਰਫੁੱਲਿਤ ਨਹੀਂ ਹੋਈ। ਵਿਰਾਸਤੀ ਸ਼ਹਿਰ ਹੋਣ ਕਰਕੇ ਇੱਥੇ ਕਈ ਵਿਰਾਸਤੀ ਇਮਾਰਤਾਂ ਦੇਖਣਯੋਗ ਹਨ, ਜਿਵੇਂ ਕਿ ਫਰੀਦਕੋਟ ਵਿਖੇ ਮਹਾਰਾਜਾ ਫਰੀਦਕੋਟ ਦਾ ਕਿਲ੍ਹਾ, ਰਾਜ ਮਹਿਲ ਅਤੇ ਦਰਬਾਰਗੰਜ ਹਨ, ਜੋ ਕਿ ਮਹਾਰਾਜਾ ਦੇ ਸਮੇਂ ਦੀਆਂ ਹੀ ਬਣੀਆਂ ਹਨ। ਸ਼ਹਿਰ ਫਰੀਦਕੋਟ ਵਿਖੇ ਇਤਿਹਾਸਕ ਟਿੱਲਾ ਬਾਬਾ ਫਰੀਦ ਜੀ ਗੁਰਦੁਆਰਾ ਵੀ ਸਥਿਤ ਹੈ, ਜਿਸ ਵਿੱਚ ਫਰੀਦਕੋਟ ਹੀ ਨਹੀਂ, ਪੰਜਾਬ ਭਰ ’ਚੋਂ ਸ਼ਰਧਾਲੂ ਆਉਂਦੇ ਹਨ ਅਤੇ ਆਪਣੀ ਮਨੋਕਾਮਨਾ ਪੂਰੀ ਕਰਨ ਵਾਸਤੇ ਅਰਦਾਸ ਕਰਦੇ ਹਨ। ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੀ ਫਰੀਦਕੋਟ ਜਿਲੇ ਦੇ ਪਿੰਡ ਸੰਧਵਾਂ ਦੇ ਜੰਮਪਲ ਸਨ।
ਲੋਕ ਸਭਾ ਹਲਕਾ ਫਰੀਦਕੋਟ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨਾਲ ਗੱਲਬਾਤ ਕੀਤੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਉਹਨਾਂ ਨੂੰ ਹੁਣ ਤੱਕ ਜਿੰਨੇ ਵੀ ਫੰਡ ਮਿਲੇ ਸਨ, ਉਹ ਖਰਚ ਕਰ ਦਿੱਤੇ ਗਏ ਹਨ। ਉਹਨਾਂ ਪਾਰਲੀਮੈਂਟ ’ਚ ਹਲਕੇ ਦੇ ਵਿਕਾਸ ਲਈ ਫਰੀਦਕੋਟ ਤੋਂ ਮੋਗਾ ਤੱਕ ਰੇਲਗੱਡੀ ਚਲਾਉਣ, ਕੋਟਕਪੂਰਾ ਰੇਲਵੇ ਸਟੇਸ਼ਨ ’ਤੇ ਕਰੀਬ 50 ਲੱਖ ਰੁਪਏ ਖਰਚ ਕਰ ਕੇ ਉਸ ਨੂੰ ਵਿਕਸਿਤ ਕਰਨ ਅਤੇ ਕਿਸਾਨਾਂ ਲਈ ਐੱਮ.ਐੱਸ.ਪੀ. ਦਿਵਾਉਣ ਸਬੰਧੀ ਸੰਸਦ ’ਚ ਆਵਾਜ਼ ਉਠਾਈ।
ਮੁਹੰਮਦ ਸਦੀਕ ਮੈਂਬਰ ਆਫ ਪਾਰਲੀਮੈਂਟ ਨੇ ਦੱਸਿਆ ਕਿ 16 ਕਰੋੜ 85 ਲੱਖ ਰੁਪਏ ਕੇਂਦਰ ਵੱਲੋਂ ਐਮ.ਪੀ. ਫੰਡ ’ਚ ਆਏ, 3 ਕਰੋੜ 44 ਲੱਖ 14 ਹਜ਼ਾਰ ਰੁਪਏ ਪਿਛਲੇ 4 ਸਾਲ ਦਾ ਪਿਆ ਹੋਇਆ ਸੀ, ਭਾਵ 20 ਕਰੋੜ 29 ਲੱਖ 14 ਹਜ਼ਾਰ ਰੁਪਏ ਬਣੇ ਜਿਹੜੇ ਕਿ ਦਸੰਬਰ 2023 ਤੱਕ ਹਲਕੇ ਦੇ ਪਿੰਡਾਂ ’ਚ ਵੰਡ ਦਿੱਤੇ ਗਏ ਹਨ।
ਮੁਹੰਮਦ ਸਦੀਕ ਨੇ ਸੰਸਦ ਵਿੱਚ ਇਲਾਕੇ ਵਾਸਤੇ ਕੀ-ਕੀ ਸਵਾਲ ਚੁੱਕੇ
ਮੋਗੇ ਤੋਂ ਕੋਟਕਪੂਰੇ ਤੱਕ ਇਕ ਰੇਲਵੇ ਟਰੈਕ ਬਣਾਉਣ ਵਾਸਤੇ ਮੁੱਦਾ ਚੁੱਕਿਆ। ਇਹ ਮੁੱਦਾ ਪਹਿਲਾਂ ਰੇਲ ਮੰਤਰੀ ਪਿਊਸ਼ ਗੋਇਲ ਕੋਲ ਰੱਖਿਆ ਗਿਆ ਅਤੇ ਫਿਰ ਮੌਜੂਦਾ ਰੇਲ ਮੰਤਰੀ ਅੱਗੇ ਵੀ ਚੁੱਕਿਆ ਪਰ ਅਜੇ ਤੱਕ ਇਸ ਦੀ ਕੋਈ ਸੁਣਵਾਈ ਨਹੀਂ ਹੋਈ। ਦੱਸਣਯੋਗ ਹੈ ਕਿ ਉਸ ਜਗ੍ਹਾ ਦਾ ਸਰਵੇ ਹੋ ਗਿਆ ਹੈ। ਕਿਸਾਨਾਂ ਦੇ ਐੱਮ.ਐੱਸ.ਪੀ. ਲਈ 2-3 ਵਾਰ ਬੋਲੇ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਖੇਤੀਬਾੜੀ ਕੇਂਦਰੀ ਸੈਕਟਰੀ ਅਗਰਵਾਲ ਨੂੰ ਉਹਨਾਂ ਵੱਲੋਂ ਕੀਤਾ ਹੋਇਆ ਵਾਅਦਾ ਵੀ ਯਾਦ ਕਰਵਾਇਆ ਕਿ ਉਹ ਕਿਸਾਨਾਂ ਨੂੰ ਐੱਮ.ਐੱਸ.ਪੀ. ਦੇਣਗੇ। ਉਹਨਾਂ ਕਿਹਾ ਕਿ ਸੰਸਦ ’ਚ ਇਹ ਵੀ ਮੰਗ ਕੀਤੀ ਗਈ ਕਿ ਬਠਿੰਡੇ ਤੋਂ ਫਿਰੋਜ਼ਪੁਰ ਡਬਲ ਲਾਈਨ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੈ ਅਤੇ ਆਉਂਦੇ-ਜਾਂਦੇ ਰਾਹੀਆਂ ਅਤੇ ਫੌਜੀਆਂ ਨੂੰ ਆਉਣ-ਜਾਣ ’ਚ ਦਿੱਕਤ ਨਹੀਂ ਆਉਣੀ ਚਾਹੀਦੀ। ਉਹਨਾਂ ਕਿਹਾ ਕਿ ਆਖਰੀ ਸੈਸ਼ਨ ’ਚ ਐੱਸ.ਸੀ. ਬਿੱਲ ’ਤੇ ਵੀ ਬਹਿਸ ਕੀਤੀ ਗਈ।
ਕੀ ਕੀ ਵਿਕਾਸ ਦੇ ਕੰਮ ਹੋਏ
ਉਹਨਾਂ ਦੱਸਿਆ ਕਿ ਲਗਭਗ 2 ਕਰੋੜ ਦੀ ਰਾਸ਼ੀ ਨਾਲ ਸਕੂਲ ’ਚ ਬੱਚਿਆਂ ਦੇ ਬੈਠਣ ਲਈ ਬੈਂਚ, ਪੀਣ ਵਾਲੇ ਪਾਣੀ ਲਈ ਆਰ.ਓ. ਅਤੇ ਸਕੂਲਾਂ ’ਚ ਕਮਰੇ ਬਣਵਾਏ ਗਏ। ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਦੌਰਾਨ ਜ਼ਿਲ੍ਹਾ ਫਰੀਦਕੋਟ ’ਚ ਵੱਡੀਆਂ ਸੜਕਾਂ ਬਣਵਾਈਆਂ ਅਤੇ ਮੋਗੇ ’ਚ 8 ਸੜਕਾਂ ਬਣਾਈਆਂ ਹਨ, ਜਿਨ੍ਹਾਂ ਉੱਪਰ ਅਨੁਮਾਨਤ ਰਾਸ਼ੀ 115 ਕਰੋੜ ਖਰਚ ਹੋਈ, 25 ਕਰੋੜ ਰੁਪਏ ਕੋਟਕਪੂਰੇ ਦੇ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਵਾਸਤੇ ਸਰਕਾਰ ਕੋਲੋਂ ਲਿਆਂਦੇ। ਉਹਨਾਂ ਦੱਸਿਆ ਕਿ ਫਰੀਦਕੋਟ ਸਿਵਲ ਹਸਪਤਾਲ ’ਚ 1 ਕਰੋੜ 95 ਲੱਖ 8 ਹਜ਼ਾਰ 990 ਰੁਪਏ ਸਿਹਤ ਸਹੂਲਤਾਂ ਲਈ ਦਿੱਤੇ, ਐਂਬੂਲੈਂਸ, ਡਾਇਲਸਿਸ ਮਸ਼ੀਨ, ਐਡਵਾਂਸ ਕੈਂਸਰ ਟੈਸਟਿੰਗ ਮਸ਼ੀਨ, ਵੈਂਟੀਲੇਟਰ ਅਤੇ ਆਪਰੇਸ਼ਨ ਕਰਨ ਵਾਲੀਆਂ ਆਧੁਨਿਕ ਮਸ਼ੀਨਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਅੰਗਹੀਣਾ ਲਈ 117 ਮੋਟਰ ਟ੍ਰਾਈਸਾਈਕਲ ਦਿੱਤੇ ਗਏ, 9 ਪਾਣੀ ਦੀਆਂ ਟੈਂਕੀਆਂ 112 ਪਿੰਡਾਂ ਨੂੰ ਸਾਂਝੇ ਕੰਮਾਂ ਵਾਸਤੇ ਵਰਤਣ ਲਈ ਦਿੱਤੀਆਂ ਗਈਆਂ, 152 ਪਿੰਡਾਂ ’ਚ ਓਪਨ ਗਾਰਡਨ ਅਤੇ ਇਨਡੋਰ ਜਿੰਮ ਦਿੱਤੇ ਗਏ ਹਨ, ਬਹੁਤ ਸਾਰੇ ਪਿੰਡਾਂ ’ਚ ਧਰਮਸ਼ਾਲਾ ਅਤੇ ਗਲੀਆਂ ਪੱਕੀਆਂ ਕੀਤੀਆਂ ਗਈਆਂ ਹਨ, 1000 ਸੋਲਰ ਸਿਸਟਮ ਲਵਾਇਆ ਗਿਆ ਅਤੇ ਮੋਗੇ ਜਿਲ੍ਹੇ ’ਚ 1000 ਸੋਲਰ ਲਾਈਟਾਂ ਵੀ ਲਵਾਈਆਂ ਗਈਆਂ ਹਨ।
ਕੀ-ਕੀ ਕੰਮ ਨਹੀ ਹੋਏ
1. ਮੋਗਾ ਤੋਂ ਕੋਟਕਪੂਰਾ ਰੇਲ ਮਾਰਗ ਦੀ ਕਾਫੀ ਸਮੇਂ ਤੋਂ ਮੰਗ ਰਹੀ ਹੈ ਪਰ ਇਸ ਨੂੰ ਪੂਰਾ ਨਹੀ ਕੀਤਾ ਗਿਆ, ਜਿਸ ਕਾਰਨ ਲੋਕਾਂ ਵਿੱਚ ਨਿਰਾਸ਼ਾ ਹੈ।
2. ਜਾਰੀ ਹੋਏ ਫੰਡਾਂ ਦੀ ਬਿਹਤਰ ਤਰੀਕੇ ਨਾਲ ਵਰਤੋਂ ਨਹੀਂ ਕੀਤੀ ਗਈ।
3. ਲੁਧਿਆਣਾ ਵਿੱਚ ਰਿਹਾਇਸ਼ ਹੋਣ ਕਰਕੇ ਆਪਣੇ ਲੋਕ ਸਭਾ ਹਲਕੇ ਦੇ ਲੋਕਾਂ ਵਿੱਚ ਘੱਟ ਵਿਚਰ ਸਕੇ, ਜਿਸ ਕਾਰਨ ਲੋਕਾਂ ਨੂੰ ਨਿਰਾਸ਼ਾ ਹੋਈ।
4. ਲੋਕ ਸਭਾ ਵਿੱਚ ਹਲਕਿਆਂ ਦੇ ਮੁੱਢਲੇ ਮੁੱਦੇ ਉਠਾਉਣ ਵਿੱਚ ਅਸਫਲ ਰਹੇ।
5. ਇਲਾਕੇ ਦੀ ਕਾਫੀ ਪੁਰਾਣੀ ਮੰਗ ਫਿਰੋਜ਼ਪੁਰ-ਹਰਿਦੁਆਰ ਅਤੇ ਰਿਵਾੜੀ-ਫਾਜ਼ਿਲਕਾ ਮੇਲ ਗੱਡੀਆਂ ਚਲਾਉਣ ਸਬੰਧੀ ਕੋਈ ਚਾਰਾਜੋਈ ਨਹੀਂ ਕੀਤੀ।
6. ਫਰੀਦਕੋਟ ਜ਼ਿਲ੍ਹੇ ’ਚ ਕੋਈ ਵੱਡੀ ਸਨਅਤ ਲਾਉਣ ਲਈ ਕੋਈ ਯਤਨ ਨਹੀਂ ਕੀਤੇ।
ਮੌਕਾਂ ਮਿਲਣ ’ਤੇ ਇਨ੍ਹਾਂ ਮੁੱਦਿਆਂ ’ਤੇ ਚੋਣ ਲੜਾਂਗਾ
ਮੁਹੰਮਦ ਸਦੀਕ ਨੇ ਆਖਿਆ ਕਿ ਕਿਸਾਨਾਂ ਨੂੰ ਐੱਮ.ਐੱਸ.ਪੀ. ਦਿਵਾਉਣ, ਬੇਰੋਜ਼ਗਾਰਾਂ ਨੂੰ ਰੁਜ਼ਗਾਰ ਦਿਵਾਉਣ ਲਈ ਉਹਨਾਂ ਦਾ ਮੁੱਢਲਾ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਬੱਚੇ ਵਿਦੇਸ਼ਾਂ ’ਚ ਜਾ ਰਹੇ ਹਨ ਪਰ ਜੇਕਰ ਸਿਸਟਮ ’ਚ ਸੁਧਾਰ ਆ ਜਾਵੇਗਾ ਤੇ ਪੜ੍ਹੇ ਲਿਖੇ ਮੁੰਡੇ/ਕੁੜੀਆਂ ਨੂੰ ਉਹਨਾਂ ਦਾ ਬਣਦਾ ਹੱਕ ਰੁਜ਼ਗਾਰ ਮਿਲ ਜਾਵੇਗਾ ਤਾਂ ਉਹ ਸੂਬੇ ’ਚ ਹੀ ਰਹਿਣਗੇ।
ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਕੀ ਕਹਿੰਦੇ ਹਨ
ਪ੍ਰੋ ਸਾਧੂ ਸਿੰਘ ਨੇ ਕਿਹਾ ਕਿ ਮੈਨੂੰ ਐਮਪੀ ਫੰਡ ਆਇਆ ਸੀ ਉਹ ਉਨ੍ਹਾਂ ਵੰਡ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਅਨੁਸਾਰ ਐਮਪੀਫੰਡ ਦੇ ਰੁਪਏ ਪੂਰੇ ਨੌ ਹਲਕਿਆਂ ’ਚ ਲਗਾਏ ਦਿਸ ਨਹੀ ਰਹੇ।