ਮਾਲੇਰਕੋਟਲਾ 29 ਮਾਰਚ (ਮਨਿੰਦਰ ਸਿੰਘ)
ਕੁਸ਼ਤੀ ਮੁਕਾਬਲਿਆਂ ‘ਚ ਮੱਲ੍ਹਾਂ ਮਾਰਨ ਵਾਲੇ ਪਹਿਲਵਾਨ ਸਨਮਾਨਿਤ
ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਕੁਸ਼ਤੀ ਸੰਸਥਾ ਮਾਲੇਰਕੋਟਲਾ ਵੱਲੋਂ ਸਥਾਨਕ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਸੰਸਥਾ ਦੇ ਪ੍ਰਧਾਨ ਜਨਾਬ ਮੁਹੰਮਦ ਖਾਲਿਦ ਥਿੰਦ ਦੀ ਪ੍ਰਧਾਨਗੀ ਹੇਠ ਵੱਖ-ਵੱਖ ਕੁਸ਼ਤੀ ਮੁਕਾਬਲੇ ਦੇ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ।
ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ‘ਚ ਮੁਹੰਮਦ ਅਨਸ ਨੇ ਅੰਡਰ-17 ਪਟਿਆਲਾ ਵਿਖੇ ਕਾਂਸੀ ਦਾ ਤਗਮਾ ਅਤੇ ਫਰਾਹ ਅਲੀ ਨੇ ਬਾਲ ਕੇਸਰੀ ਅੰਡਰ-17 ‘ਚ ਮਨਨਹਾਣੇ ਤੋਂ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।
ਇਸ ਮੌਕੇ ਪ੍ਰਧਾਨ ਮੁਹੰਮਦ ਖਾਲਿਦ ਥਿੰਦ ਨੇ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਖੇਡਾਂ ਜਿੱਥੇ ਖਿਡਾਰੀਆਂ ਨੂੰ ਸਰੀਰਕ ਪੱਖੋਂ ਤੰਦਰੁਸਤ ਰੱਖਦੀਆਂ ਹਨ ਉੱਥੇ ਇਹ ਮਾਨਸਿਕ ਪੱਧਰ 'ਤੇ ਵੀ ਖਿਡਾਰੀਆਂ ਨੂੰ ਮਜ਼ਬੂਤ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਜਿੱਤ ਤੇ ਹਾਰ ਜੀਵਨ ਦੇ ਦੋ ਪਹਿਲੂ ਹਨ ਅਤੇ ਇਕ ਵਧੀਆ ਖਿਡਾਰੀ ਉਹੀ ਹੁੰਦਾ ਹੈ, ਜੋ ਜਿੱਤ ਤੇ ਹਾਰ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ। ਉਨ੍ਹਾਂ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਕਿ ਉਹ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਲਈ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਕਿਉਂਕਿ ਅੱਜ ਦੇ ਦੌਰ 'ਚ ਖੇਡਾਂ ਹੀ ਇੱਕੋ ਇਕ ਅਜਿਹਾ ਸਾਧਨ ਹਨ, ਜਿਨ੍ਹਾਂ ਨਾਲ ਜੁੜ ਕੇ ਨੌਜਵਾਨ ਨਸ਼ਿਆਂ ਵਰਗੀ ਲਾਹਣਤ ਤੋਂ ਦੂਰ ਰਹਿ ਸਕਦੇ ਹਨ।
ਪ੍ਰਧਾਨ ਸ਼੍ਰੀ ਖਾਲਿਦ ਥਿੰਦ ਨੇ ਇਨ੍ਹਾਂ ਹੋਣਹਾਰ ਪਹਿਲਵਾਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਪਹਿਲਵਾਨਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਤੇ ਮਦਦ ਦਾ ਭਰੋਸਾ ਦਿਲਾਇਆ ਤੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਅਪ੍ਰੈਲ ਮਹੀਨੇ 'ਚ ਜ਼ਿਲ੍ਹਾ ਚੈਂਪੀਅਨਸ਼ਿਪ ਕਰਾਉਣ ਦਾ ਫੈਸਲਾ ਵੀ ਲਿਆ ਗਿਆ। ਸੰਸਥਾ ਵੱਲੋਂ ਕੁਸ਼ਤੀ ਕੋਚ ਮੁਹੰਮਦ ਜ਼ਾਹਿਦ ਨੂੰ ਵੀ ਮੁਬਾਰਕਬਾਦ ਪੇਸ਼ ਕੀਤੀ ਗਈ।
ਇਸ ਮੌਕੇ ਮੁਹੰਮਦ ਖਾਲਿਦ ਥਿੰਦ ਤੋਂ ਇਲਾਵਾ ਉੱਪ ਪ੍ਰਧਾਨ ਮੁਹੰਮਦ ਇਜ਼ਾਜ਼ ਗ੍ਰਾਫਟੈਕਸ ਇੰਡੀਆ, ਸਾਬਰ ਅਲੀ ਜ਼ੁਬੈਰੀ, ਮੁਹੰਮਦ ਇਰਫਾਨ ਅੰਜ਼ੁਮ, ਮੁਹੰਮਦ ਸ਼ਫੀਕ ਭੋਲਾ ਪਹਿਲਵਾਨ, ਮੁਹੰਮਦ ਨਦੀਮ ਡੀ.ਪੀ.ਈ, ਜ਼ਹੂਰ ਅਹਿਮਦ ਚੌਹਾਨ ਪੱਤਰਕਾਰ, ਖਾਲਿਦ ਮਹਿਮੂਦ, ਮੁਹੰਮਦ ਇਮਰਾਨ ਕੋਚ, ਅਤੇ ਮੁਹੰਮਦ ਜ਼ਾਹਿਦ ਕੋਚ ਆਦਿ ਹਾਜ਼ਰ ਸਨ।
Posted By SonyGoyal