ਸ਼ੇਰਪੁਰ/ਮਹਿਲ ਕਲਾਂ, 30 ਅਪ੍ਰੈਲ (ਮਨਿੰਦਰ ਸਿੰਘ )

ਹਿੰਦੂ, ਮੁਸਲਿਮ, ਸਿੱਖ ਸਾਰੇ ਵਰਗਾਂ ਦੀ ਭਲਾਈ ਲਈ ਬਿਨ੍ਹਾਂ ਪੱਖਪਾਤ ਤੋਂ ਵੰਡੀਆਂ ਗ੍ਰਾਂਟਾ: ਸਿਮਰਨਜੀਤ ਮਾਨ

– ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਹਲਕਾ ਮਹਿਲਾ ਕਲਾਂ ਦਾ ਦੌਰਾ ਕਰਕੇ ਵੱਖ-ਵੱਖ ਥਾਵਾਂ ‘ਤੇ ਕੀਤੇ ਸੰਗਤ ਦਰਸ਼ਨ

ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਹਲਕਾ ਮਹਿਲ ਕਲਾਂ ਦੇ ਦੌਰੇ ਦੌਰਾਨ ਸ਼ੇਰਪੁਰ, ਰਾਮਗੜ੍ਹ ਛੰਨਾ, ਕੁਰੜ ਅਤੇ ਹਮੀਦੀ ਵਿਖੇ ਸੰਗਤ ਦਰਸ਼ਨ ਕਰਕੇ ਲੋਕ ਹੱਕਾਂ ਦੀ ਰਾਖੀ, ਹਲਕੇ ਦੀ ਤਰੱਕੀ ਅਤੇ ਝੂਠੇ ਵਾਅਦੇ ਕਰਕੇ ਮੁਕਰਨ ਵਾਲੀਆਂ ਪਾਰਟੀਆਂ ਨੂੰ  ਸਬਕ ਸਿਖਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦੇਣ ਦੀ ਅਪੀਲ ਕੀਤੀ | 

ਵੱਖ-ਵੱਖ ਥਾਵਾਂ ‘ਤੇ ਹੋਏ ਲੋਕਾਂ ਦੇ ਭਰਵੇਂ ਇਕੱਠਾ ਨੂੰ  ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਅਸੀਂ ਦੂਜੀਆਂ ਸਿਆਸੀ ਪਾਰਟੀਆਂ ਵਾਂਗੂ ਝੂਠੇ ਵਾਅਦੇ ਨਹੀਂ ਕਰਦੇ | ਅਸੀਂ ਤੁਹਾਨੂੰ ਭਰੋਸਾ ਦੁਆਉਂਦੇ ਹਾਂ ਕਿ ਤੁਹਾਡੇ ਹਰ ਦੁੱਖ ਸੁੱਖ ਦੇ ਸਾਥੀ ਬਣ ਕੇ ਰਹਾਂਗੇ | ਕਿਸੇ ਨਾਲ ਵੀ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ | ਜੋ ਵਾਅਦੇ ਸਰਕਾਰਾਂ ਭੁੱਲ ਚੁੱਕੀਆਂ ਹਨ, ਉਨ੍ਹਾਂ ਨੂੰ  ਦਬਾਅ ਪਾ ਕੇ ਪੂਰਾ ਕਰਵਾਉਣ ਦਾ ਯਤਨ ਕੀਤਾ ਜਾਵੇਗਾ | ਹਲਕੇ ਦੀ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਹਲਕੇ ਦੇ ਲੋਕਾਂ ਦੀ ਖੁਸ਼ਹਾਲੀ ਲਈ ਲੋਕਾਂ ਨੂੰ  ਵੱਧ-ਵੱਧ ਲੋਕ ਭਲਾਈ ਸਕੀਮਾਂ ਦਾ ਲਾਭ ਯਕੀਨੀ ਬਣਾਇਆ ਜਾਵੇਗਾ | 

ਸ. ਮਾਨ ਨੇ ਆਪਣੇ ਪਿਛਲੇ ਦੋ ਸਾਲਾਂ ਦੀ ਕਾਰਗੁਜਾਰੀ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਜਾਤ-ਪਾਤ, ਧਰਮ ਅਤੇ ਪਾਰਟੀਬਾਜੀ ਤੋਂ ਉੱਪਰ ਉਠ ਕੇ ਸਾਰੇ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਹੈ | ਹਿੰਦੂ, ਮੁਸਲਿਮ, ਸਿੱਖ ਸਾਰੇ ਵਰਗਾਂ ਦੀ ਭਲਾਈ ਲਈ ਬਿਨ੍ਹਾਂ ਪੱਖਪਾਤ ਤੋਂ ਗ੍ਰਾਂਟਾ ਵੰਡੀਆਂ ਗਈਆਂ ਹਨ | ਪਿੰਡ-ਪਿੰਡ ਕੈਂਪ ਲਗਾ ਕੇ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪੁੱਜਦਾ ਕੀਤਾ ਗਿਆ ਹੈ | ਅੰਗਹੀਣਾਂ ਨੂੰ  ਨਕਲੀ ਅੰਗ, ਮੋਟਰਰਾਈਜਡ ਟ੍ਰਾਈਸਾਈਕਲਾਂ ਤੇ ਹੋਰ ਸਹਾਇਕ ਉਪਕਰਨ ਵੰਡੇ ਗਏ | ਨੌਜਵਾਨਾਂ ਨੂੰ  ਨਸ਼ਿਆਂ ਤੋਂ ਬਚਾਉਣ ਲਈ ਖੇਡ ਮੈਦਾਨ ਤਿਆਰ ਕਰਵਾਏ, ਵੱਡੇ ਪੱਧਰ ‘ਤੇ ਜਿੰਮ ਅਤੇ ਖੇਡ ਕਿੱਟਾਂ ਵੰਡੀਆਂ ਗਈਆਂ | ਪਿੰਡਾਂ ਦੇ ਲੋਕਾਂ ਦੀ ਮੰਗ ‘ਤੇ ਅੱਗ ਬੁਝਾਊ ਯੰਤਰ ਲਗਾ ਕੇ ਪਾਣੀ ਵਾਲੀਆਂ ਟੈਂਕੀਆਂ ਵੰਡੀਆਂ ਗਈਆਂ, ਤਾਂ ਜੋ ਪਿੰਡਾਂ ਵਿੱਚ ਵਾਪਰਨ ਵਾਲੀਆਂ ਅੱਗ ਲੱਗਣ ਦੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ | ਇਸ ਤੋਂ ਇਲਾਵਾ ਹਲਕੇ ਦੇ ਲੋਕਾਂ ਦੇ ਹਰ ਮਸਲੇ ਨੂੰ  ਹੱਲ ਕਰਨ ਦਾ ਯਤਨ ਕੀਤਾ ਗਿਆ ਹੈ | ਸ. ਮਾਨ ਨੇ ਦੱਸਿਆ ਕਿ ਬਿਜਲੀ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ 281 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੇ ਮੁਕੰਮਲ ਨਵੀਨੀਕਰਨ ਦਾ ਪ੍ਰੋਜੈਕਟ ਪਾਸ ਕਰਵਾ ਦਿੱਤਾ ਗਿਆ ਹੈ, ਜਿਸਦਾ ਲਾਭ 2025 ਤੱਕ ਲੋਕਾਂ ਨੂੰ  ਮਿਲਣਾ ਸ਼ੁਰੂ ਹੋ ਜਾਵੇਗਾ | ਅਨੇਕਾਂ ਸੜਕਾਂ ਦੇ ਨਿਰਮਾਣ ਦਾ ਕੰਮ ਮੰਨਜੂਰ ਕਰਵਾਇਆ | ਵਪਾਰੀ ਭਰਾਵਾਂ ਦੀ ਮੰਗ ‘ਤੇ ਰੇਲਵੇ ਮੰਤਰੀ ਨੂੰ ਚਿੱਠੀ ਲਿਖ ਕੇ ਵੱਖ=ਵੱਖ ਸਟੇਸ਼ਨਾਂ ‘ਤੇ ਵੱਖ=ਵੱਖ ਰੇਲਾਂ ਦੇ ਸਟਾਪਜ ਮੰਨਜੂਰ ਕਰਵਾਏ | ਸੈਂਕੜੇ ਕੈਂਸਰ ਪੀੜਤਾਂ ਨੂੰ  ਇਲਾਜ ਲਈ ਸਹਾਇਤਾ ਰਾਸ਼ੀ ਮੁਹੱਇਆ ਕਰਵਾਈ | ਇਸ ਤੋਂ ਇਲਾਵਾ ਅਨੇਕਾਂ ਕੰਮ ਹਨ ਜੋ ਹਲਕੇ ਦੀ ਬਿਹਤਰੀ ਲਈ ਕੀਤੇ ਗਏ ਹਨ | ਸ. ਮਾਨ ਨੇ ਕਿਹਾ ਕਿ ਬਹੁਤ ਸਾਰੇ ਕੰਮ ਹਾਲੇ ਵੀ ਅਧੂਰੇ ਰਹਿ ਗਏ ਹਨ, ਜਿਨ੍ਹਾਂ ਨੂੰ  ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਸਹਿਯੋਗ ਨਾਲ ਚੋਣ ਜਿੱਤਣ ਮਗਰੋਂ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ ਅਤੇ ਹਲਕੇ ਦੇ ਲੋਕਾਂ ਨੂੰ  ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਜ਼ਿਲ੍ਹਾ ਬਰਨਾਲਾ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਪਾਰਟੀ ਦੇ ਸਰਗਰਮ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪਤਵੰਤੇ ਹਾਜਰ ਸਨ |

Posted By SonyGoyal

Leave a Reply

Your email address will not be published. Required fields are marked *