ਬਰਨਾਲਾ 13 ਮਈ (ਸੋਨੀ ਗੋਇਲ)
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨੋਲੋਜੀ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਬਰਨਾਲਾ ਸ਼੍ਰੀਮਤੀ ਇੰਦੂ ਸਿਮਕ ਦੇ ਹੁਕਮਾਂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਸਕੂਲਾਂ ਦੇ ਈਕੋ ਕਲੱਬ ਇੰਚਾਰਜਾਂ ਦੀ ਇੱਕ ਰੋਜ਼ਾ ਵਰਕਸ਼ਾਪ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ, ਬਰਨਾਲਾ ਵਿਖੇ ਪ੍ਰਿੰਸੀਪਲ ਸ੍ਰੀ ਹਰੀਸ਼ ਬਾਂਸਲ ਦੀ ਦੇਖ-ਰੇਖ ਵਿੱਚ ਸਫਲਤਾਪੂਰਵਕ ਕਰਵਾਈ ਗਈ।
ਇਹ ਵਰਕਸ਼ਾਪ ਵਿਦਿਆਰਥੀਆਂ ਦੇ ਮਨਾਂ ਵਿੱਚ ਵਾਤਾਵਰਨ ਪ੍ਰਤੀ ਪ੍ਰੇਮ ਅਤੇ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨੋਲੋਜੀ, ਚੰਡੀਗੜ੍ਹ ਅਤੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ (ਭਾਰਤ ਸਰਕਾਰ) ਦਾ ਇੱਕ ਵਿਸ਼ੇਸ਼ ਉਪਰਾਲਾ ਹੈ।
ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਬਰਨਾਲਾ ਅਧੀਨ ਵੱਖ-ਵੱਖ ਸਕੂਲਾਂ ਦੇ 72 ਈਕੋ ਕਲੱਬ ਇੰਚਾਰਜਾਂ ਨੇ ਭਾਗ ਲਿਆ।
ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਸ਼੍ਰੀ ਸੁਰਿੰਦਰ ਪਾਲ ਕੌਸ਼ਲ ( ਉੱਘੇ ਵਾਤਾਵਰਨ ਪ੍ਰੇਮੀ/1960 ਬੈਚ ਦੇ ਸਕੂਲ ਅਲੂਮਨੀ) ਨੇ ਪੰਜਾਬ ਦੇ ਆਪਣੇ ਮਾਨਸੂਨੀ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਰੁੱਖ ਲਗਾਉਣ ਤੋਂ ਜਿਆਦਾ ਰੁੱਖਾਂ ਦੀ ਸੰਭਾਲ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਬਾਰੇ ਵੀ ਜੋਰ ਦਿੱਤਾ।
ਵਿਸ਼ੇਸ਼ ਤੌਰ ‘ਤੇ ਆਏ ਬੁਲਾਰੇ ਸ੍ਰੀ ਸੰਗੀਤ ਸ਼ਰਮਾ (ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਮੈਂਬਰ/ਵਾਤਾਵਰਨ ਪ੍ਰੇਮੀ) ਨੇ ਆਪਣੀ ਖੁਦ ਦੀ ਉਦਾਹਰਨ ਪੇਸ਼ ਕਰਦਿਆਂ ਛੱਤਾਂ ਉੱਤੇ ਪੌਦੇ ਲਗਾਉਣ ਲਈ ਜਿੱਥੇ ਪ੍ਰੇਰਿਤ ਕੀਤਾ, ਉੱਥੇ ਏ.ਸੀ./ ਆਰ.ਓ. ਅਤੇ ਹੋਰ ਵਾਧੂ ਪਾਣੀ ਦੀ ਸੰਭਾਲ ਲਈ ਵੱਖ ਵੱਖ ਢੰਗ ਦੱਸੇ।
ਪੌਦਿਆਂ ਦੇ ਵਾਧੇ ਲਈ ਖਾਦ ਤਿਆਰ ਕਰਨ ਲਈ ਵੱਖਰੇ ਢੰਗ ਤਰੀਕਿਆਂ ਤੋਂ ਵੀ ਉਹਨਾਂ ਨੇ ਸਾਰੇ ਅਧਿਆਪਕਾਂ ਨੂੰ ਜਾਣੂ ਕਰਵਾਇਆ।
ਸ੍ਰੀ ਸੁਖਪਾਲ ਸਿੰਘ ਸਾਇੰਸ ਮਾਸਟਰ ਨੇ ਮਿਸ਼ਨ ਲਾਈਫ ਦੁਆਰਾ ਸੁਝਾਏ ਤਰੀਕਿਆਂ ਨੂੰ ਵਿਦਿਆਰਥੀਆਂ ਦੀ ਆਦਤ ਬਣਾਉਣ ‘ਤੇ ਜ਼ੋਰ ਦਿੱਤਾ।
ਸ੍ਰੀ ਹਰੀਸ਼ ਬਾਂਸਲ (ਪਿ੍ੰਸੀਪਲ/ਜ਼ਿਲ੍ਹਾ ਕੁਆਰਡੀਨੇਟਰ, ਵਾਤਾਵਰਨ ਸਿੱਖਿਆ ਪ੍ਰੋਗਰਾਮ) ਨੇ ਘਰਾਂ ਦੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ।
ਅੰਤ ਵਿੱਚ ਡਾ. ਬਰਜਿੰਦਰਪਾਲ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਮੂਹ ਈਕੋ ਕਲੱਬ ਇੰਚਾਰਜਾਂ ਤੋਂ ਇਹ ਵਾਅਦਾ ਲਿਆ ਕਿ ਉਹ ਵਾਤਾਵਰਣ ਦੇ ਪ੍ਰਤੀ ਆਪਣੇ ਵਿਦਿਆਰਥੀਆਂ ਅਤੇ ਹੋਰਾਂ ਨੂੰ ਵੀ ਜਾਗਰੂਕ ਜਰੂਰ ਕਰਨਗੇ।
ਉਹਨਾਂ ਨੇ “ਵਿਸ਼ਵ ਵਾਤਾਵਰਨ ਦਿਵਸ” ਨੂੰ ਮੁੱਖ ਰੱਖਦੇ ਹੋਏ ਸਮੂਹ ਸਕੂਲਾਂ ਵਿੱਚ ਵਿਸ਼ੇਸ਼ ਹਫਤਾ ਮਨਾਉਣ ਦੀ ਵੀ ਹਦਾਇਤ ਕੀਤੀ, ਜਿਸ ਵਿੱਚ ਸਕੂਲਾਂ ਵਿੱਚ ਪੇਂਟਿੰਗ, ਸਲੋਗਨ ਲਿਖਤ, ਮਾਡਲ ਮੇਕਿੰਗ ਅਤੇ ਭਾਸ਼ਣ ਆਦਿ ਮੁਕਾਬਲੇ ਕਰਵਾਏ ਜਾਣਗੇ।
ਸਮੂਹ ਹਾਜ਼ਰੀਨ ਨੂੰ ਇਸ ਮੌਕੇ ਵਾਤਾਵਰਨ ਪ੍ਰਤੀ ਸੁਹਿਰਦ ਰਹਿਣ ਸੰਬੰਧੀ ਸਹੁੰ ਵੀ ਚੁਕਾਈ ਗਈ ।
ਇਸ ਵਰਕਸ਼ਾਪ ਦੇ ਪ੍ਰਬੰਧਨ ਅਤੇ ਸਫ਼ਲਤਾਪੂਰਵਕ ਸੰਚਾਲਨ ਲਈ ਸ੍ਰੀ ਨਵਦੀਪ ਕੁਮਾਰ, ਸ੍ਰੀ ਵਿਜੇ ਕੁਮਾਰ, ਸ਼੍ਰੀ ਰੋਹਿਤ ਕੁਮਾਰ, ਸ੍ਰੀ ਰਾਜੇਸ਼ ਕੁਮਾਰ, ਮੈਡਮ ਅਮਰਿੰਦਰ ਕੌਰ, ਸੀਨੀਅਰ ਲੈਕਚਰਾਰ ਸ. ਜਗਤਾਰ ਸਿੰਘ , ਮੈਡਮ ਰੇਸ਼ੋ ਰਾਣੀ (ਸਕੂਲ ਵਿਗਿਆਨ ਕੋਆਰਡੀਨੇਟਰ), ਮੈਡਮ ਸੀਮਾ ਬਾਂਸਲ, ਸ੍ਰੀ ਰਣਜੀਤ ਸਿੰਘ ਅਤੇ ਸ੍ਰੀ ਹਰਦੀਪ ਕੁਮਾਰ (ਪੋ੍ਗਰਾਮ ਅਫ਼ਸਰ, ਕੌਮੀ ਸੇਵਾ ਯੋਜਨਾ) ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਸ੍ਰੀ ਹਰੀਸ਼ ਬਾਂਸਲ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ , ਬੁਲਾਰਿਆਂ , ਵਾਤਾਵਰਨ ਪ੍ਰੇਮੀਆਂ ਅਤੇ ਸਮੂਹ ਈਕੋ ਕਲੱਬ ਇੰਚਾਰਜ ਅਧਿਆਪਕ ਸਾਹਿਬਾਨਾਂ ਦਾ ਧੰਨਵਾਦ ਕੀਤਾ।
Posted By SonyGoyal